Sri Guru Granth Sahib Ji — Ang 1121 (punjabi)
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
ਹੇ ਭਾਈ! ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ । (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ।੧।
ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
ਹੇ ਭਾਈ! (ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤਿ®'ਖੇ ਤੀਰਾਂ ਨਾਲ ਵਿੱਝ ਜਾਂਦਾ ਹੈ ।
ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ।੨।੧।੯।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਪ੍ਰੀਤਮ ਬਸਤ ਰਿਦ ਮਹਿ ਖੋਰ ॥
ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ) ।
ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥
ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ) । ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ) । (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ।੧।ਰਹਾਉ।
ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥
ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ ।
ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥
ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ।੧।
ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥
ਹੇ ਭਾਈ! ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ।
ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ।੨।੨।੧੦।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਰਸਨਾ ਰਾਮ ਰਾਮ ਬਖਾਨੁ ॥
ਹੇ ਭਾਈ! (ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,
ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ । (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ।ਰਹਾਉ।
ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥
ਹੇ ਭਾਈ! ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ ।
ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥
ਹੇ ਭਾਈ! ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ । ਹੇ ਭਾਈ! ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ—ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ।੧।
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥
ਹੇ ਭਾਈ! (ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ ।
ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ । ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ।੨।੩।੧੧।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਹਰਿ ਕੇ ਨਾਮ ਕੋ ਆਧਾਰੁ ॥
ਹੇ ਭਾਈ! (ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,
ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥
ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ।ਰਹਾਉ।
ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥
ਹੇ ਭਾਈ! ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ ।
ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥
ਹੇ ਭਾਈ! ਜਿਸ ਮਨੁੱਖ ਨੂੰ ਨਾਮ ਦੀ ਦਾਤਿ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ।੧।
ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥
ਹੇ ਭਾਈ! ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ) ।
ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥
ਹੇ ਨਾਨਕ! (ਆਖ—ਹੇ ਪ੍ਰਭੂ!) ਤੇਰਾ ਦਾਸ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ।੨।੪।੧੨।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥
ਹੇ ਭਾਈ! ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ) ।
ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥
ਹੇ ਭਾਈ! ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ।ਰਹਾਉ।
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥
ਹੇ ਭਾਈ! (ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ ।
ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥
(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ।੧।
ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥
ਹੇ ਭਾਈ! ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ ।
ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥
ਹੇ ਨਾਨਕ! (ਆਖ—) ਹੇ ਹਰੀ! (ਤੇਰਾ ਦਾਸ ਦੋਵੇ) ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪੋ੍ਰ ਕੇ ਰੱਖਾਂ ।੨।੫।੧੩।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।
ਸੰਤਹ ਧੂਰਿ ਲੇ ਮੁਖਿ ਮਲੀ ॥
ਹੇ ਭਾਈ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ
ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥
(ਤੇ, ਸੰਤਾਂ ਦੀ ਸੰਗਤਿ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ), ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ।ਰਹਾਉ।
ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥
ਹੇ ਭਾਈ! (ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,
ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥
(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ।੧।
ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥
(ਆਖ—ਹੇ ਭਾਈ!) ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ।
ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥
ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ।੨।੬।੧੪।
ਕੇਦਾਰਾ ਮਹਲਾ ੫ ॥
ਕੇਦਾਰਾ ਪੰਜਵੀਂ ਪਾਤਿਸ਼ਾਹੀ।