Sri Guru Granth Sahib Ji — Ang 1104 (punjabi)
ਕਹੁ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ ॥੪॥੪॥
ਹੇ ਕਬੀਰ! ਆਖ—ਜੋ ਜੋ ਮਨੁੱਖ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਅਫੁਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ।੪।੪।
ਜਉ ਤੁਮੑ ਮੋ ਕਉ ਦੂਰਿ ਕਰਤ ਹਉ ਤਉ ਤੁਮ ਮੁਕਤਿ ਬਤਾਵਹੁ ॥
ਹੇ ਰਾਮ! ਜੇ ਤੂੰ ਮੈਨੂੰ ਆਪਣੇ ਚਰਨਾਂ ਤੋਂ ਵਿਛੋੜ ਦੇਵੇਂ, ਤਾਂ ਦੱਸ ਹੋਰ ਮੁਕਤੀ ਕੀਹ ਹੈ?
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥੧॥
ਤੂੰ ਇਕ ਪ੍ਰਭੂ ਅਨੇਕਾਂ ਰੂਪ ਧਾਰ ਕੇ ਸਾਰੇ ਜੀਵਾਂ ਵਿਚ ਵਿਆਪਕ ਹੈਂ (ਮੇਰੇ ਅੰਦਰ ਭੀ ਬੈਠ ਕੇ ਮੈਨੂੰ ਮਿਲਿਆ ਹੋਇਆ ਹੈਂ) । ਹੁਣ ਮੈਨੂੰ ਕਿਸੇ ਹੋਰ ਭੁਲੇਖੇ ਵਿਚ ਕਿਉਂ ਪਾਂਦਾ ਹੈਂ (ਕਿ ਮੁਕਤੀ ਕਿਸੇ ਹੋਰ ਥਾਂ ਕਿਸੇ ਹੋਰ ਕਿਸਮ ਦੀ ਮਿਲੇਗੀ)? ।੧।
ਰਾਮ ਮੋ ਕਉ ਤਾਰਿ ਕਹਾਂ ਲੈ ਜਈ ਹੈ ॥
ਹੇ ਰਾਮ! (ਮੈਂ ਤਾਂ ਅੱਗੇ ਹੀ ਤੇਰੇ ਚਰਨਾਂ ਵਿਚ ਜੁੜਿਆ ਬੈਠਾ ਹਾਂ । ਲੋਕ ਆਖਦੇ ਹਨ ਕਿ ਮਰਨ ਪਿਛੋਂ ਮੁਕਤੀ ਮਿਲਦੀ ਹੈ) ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਕੇ ਹੋਰ ਕਿੱਥੇ ਲੈ ਜਾਏਂਗਾ?
ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥੧॥ ਰਹਾਉ ॥
(ਤੇਰੇ ਚਰਨਾਂ ਵਿਚ ਟਿਕੇ ਰਹਿਣਾ ਹੀ ਮੇਰੇ ਲਈ ਮੁਕਤੀ ਹੈ । ਜੇ ਤੇਰੇ ਚਰਨਾਂ ਵਿਚ ਜੁੜੇ ਰਹਿਣਾ ਮੁਕਤੀ ਨਹੀਂ ਹੈ, ਤਾਂ) ਮੈਂ ਪੁੱਛਦਾ ਹਾਂ—ਉਹ ਮੁਕਤੀ ਕਿਹੋ ਜਿਹੀ ਹੋਵੇਗੀ, ਤੇ ਮੈਨੂੰ ਹੋਰ ਕਿਥੇ ਲੈ ਜਾ ਕੇ ਤੂੰ ਦੇਵੇਂਗਾ? (ਤੇਰੇ ਚਰਨਾਂ ਵਿਚ ਜੁੜੇ ਰਹਿਣ ਵਾਲੀ ਮੁਕਤੀ ਤਾਂ) ਤੇਰੀ ਕਿਰਪਾ ਨਾਲ ਮੈਂ ਅੱਗੇ ਹੀ ਪ੍ਰਾਪਤ ਕੀਤੀ ਹੋਈ ਹੈ ।੧।ਰਹਾਉ।
ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥
ਸੰਸਾਰ-ਸਮੁੰਦਰ ਤੋਂ ਪਾਰ ਲੰਘਾਣਾ ਤੇ ਪਾਰ ਲੰਘਣਾ—ਇਹ ਗੱਲ ਤਦ ਤਕ ਹੀ ਕਹੀਦੀ ਹੈ, ਜਦ ਤਕ ਜਗਤ ਦੇ ਮੂਲ-ਪ੍ਰਭੂ ਨਾਲ ਸਾਂਝ ਨਹੀਂ ਪਾਈ ਜਾਂਦੀ ।
ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥੨॥੫॥
ਕਬੀਰ ਆਖਦਾ ਹੈ—ਮੈਂ ਤਾਂ ਹੁਣ ਹਿਰਦੇ ਵਿਚ ਹੀ (ਤੇਰੇ ਮਿਲਾਪ ਦੀ ਬਰਕਤਿ ਨਾਲ) ਪਵਿੱਤਰ ਹੋ ਚੁਕਾ ਹਾਂ ਮੇਰਾ ਮਨ (ਤੇਰੇ ਨਾਲ ਹੀ) ਪਰਚ ਗਿਆ ਹੈ (ਕਿਸੇ ਹੋਰ ਮੁਕਤੀ ਦੀ ਮੈਨੂੰ ਲੋੜ ਨਹੀਂ ਹੈ) ।੨।੫।
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥੧॥
ਜਿਸ ਰਾਵਣ ਨੇ ਸੋਨੇ ਦੇ ਕਿਲ੍ਹੇ ਬਣਾਏ (ਦੱਸੀਏ ਹਨ), ਉਹ ਭੀ (ਉਹ ਕਿਲ੍ਹੇ ਇਥੇ ਹੀ) ਛੱਡ ਗਿਆ ।੧।
ਕਾਹੇ ਕੀਜਤੁ ਹੈ ਮਨਿ ਭਾਵਨੁ ॥
ਹੇ ਭਾਈ! ਕਿਉਂ ਆਪਣੀ ਮਨ-ਮਰਜ਼ੀ ਕਰਦਾ ਹੈਂ?
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥੧॥ ਰਹਾਉ ॥
ਜਦੋਂ ਜਮਦੂਤ ਆ ਕੇ ਕੇਸਾਂ ਤੋਂ ਫੜ ਲੈਂਦਾ ਹੈ (ਭਾਵ, ਜਦੋਂ ਮੌਤ ਸਿਰ ਤੇ ਆ ਜਾਂਦੀ ਹੈ) ਉਸ ਵੇਲੇ ਪਰਮਾਤਮਾ ਦਾ ਨਾਮ ਹੀ (ਉਸ ਮੌਤ ਦੇ ਸਹਿਮ ਤੋਂ) ਬਚਾਂਦਾ ਹੈ ।੧।ਰਹਾਉ।
ਕਾਲੁ ਅਕਾਲੁ ਖਸਮ ਕਾ ਕੀਨੑਾ ਇਹੁ ਪਰਪੰਚੁ ਬਧਾਵਨੁ ॥
ਇਹ ਅਮੋੜ ਮੌਤ ਅਤੇ ਬੰਧਨ-ਰੂਪ ਇਹ ਜਗਤ ਪਰਮਾਤਮਾ ਦੇ ਹੀ ਬਣਾਏ ਹੋਏ ਹਨ ।
ਕਹਿ ਕਬੀਰ ਤੇ ਅੰਤੇ ਮੁਕਤੇ ਜਿਨੑ ਹਿਰਦੈ ਰਾਮ ਰਸਾਇਨੁ ॥੨॥੬॥
ਕਬੀਰ ਆਖਦਾ ਹੈ— ਇਹਨਾਂ ਤੋਂ ਬਚਦੇ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਭ ਰਸਾਂ ਦਾ ਘਰ ਪਰਮਾਤਮਾ ਦਾ ਨਾਮ ਮੌਜੂਦ ਹੈ ।੨।੬।
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥
ਇਹ ਮਨੁੱਖਾ ਸਰੀਰ (ਮਾਨੋ ਇਕ) ਨਗਰ ਹੈ, ਜੀਵ ਇਸ (ਨਗਰ ਦੀ) ਧਰਤੀ ਦਾ ਚੌਧਰੀ ਹੈ,
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥੧॥
ਇਸ ਵਿਚ ਪੰਜ ਕਿਸਾਨ ਵੱਸਦੇ ਹਨ—ਅੱਖਾਂ, ਨੱਕ, ਕੰਨ, ਜੀਭ ਤੇ (ਕਾਮ-ਵਾਸ਼ਨਾ ਵਾਲੀ) ਇੰਦ੍ਰੀ । ਇਹ ਪੰਜੇ ਹੀ ਜੀਵ-ਚੌਧਰੀ ਦਾ ਕਿਹਾ ਨਹੀਂ ਮੰਨਦੇ (ਅਮੋੜ ਹਨ) ।੧।
ਬਾਬਾ ਅਬ ਨ ਬਸਉ ਇਹ ਗਾਉ ॥
ਹੇ ਬਾਬਾ! ਹੁਣ ਮੈਂ ਇਸ ਪਿੰਡ ਵਿਚ ਨਹੀਂ ਵੱਸਣਾ,
ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥੧॥ ਰਹਾਉ ॥
ਜਿੱਥੇ ਰਿਹਾਂ ਉਹ ਪਟਵਾਰੀ ਜਿਸ ਦਾ ਨਾਮ ਚਿਤ®ਗੁਪਤ ਹੈ, ਹਰੇਕ ਘੜੀ ਦਾ ਲੇਖਾ ਮੰਗਦਾ ਹੈ ।੧।ਰਹਾਉ।
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ ।
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥੨॥
(ਜੋ ਜੀਵ ਇਹਨਾਂ ਪੰਜਾਂ ਦੇ ਅਧੀਨ ਹੋ ਕੇ ਰਹਿੰਦਾ ਹੈ) ਜਦੋਂ ਧਰਮਰਾਜ (ਇਸ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਉਸ ਦੇ ਜ਼ਿੰਮੇ) ਬਹੁਤ ਕੁਝ ਦੇਣਾ ਨਿਕਲਦਾ ਹੈ ।
ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ ॥
ਕਬੀਰ ਆਖਦਾ ਹੈ—ਹੇ ਸੰਤ ਜਨੋ! ਸੁਣੋ, ਇਸੇ ਹੀ ਮਨੁੱਖਾ ਜਨਮ ਵਿਚ (ਇਹਨਾਂ ਇੰਦਿ®ਆਂ ਦਾ) ਹਿਸਾਬ ਮੁਕਾਉ (ਤੇ ਪ੍ਰਭੂ ਅੱਗੇ ਨਿੱਤ ਅਰਦਾਸ ਕਰੋ—ਹੇ ਪ੍ਰਭੂ!
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥੩॥੭॥
ਇਸੇ ਹੀ ਵਾਰੀ (ਭਾਵ, ਇਸੇ ਹੀ ਜਨਮ ਵਿਚ) ਮੈਨੂੰ ਆਪਣੇ ਸੇਵਕ ਨੂੰ ਬਖ਼ਸ਼ ਲੈ, ਇਸ ਸੰਸਾਰ-ਸਮੁੰਦਰ ਵਿਚ ਮੇਰਾ ਮੁੜ ਫੇਰ ਨਾਹ ਹੋਵੇ ।੩।੭।
ਰਾਗੁ ਮਾਰੂ ਬਾਣੀ ਕਬੀਰ ਜੀਉ ਕੀ
ਰਾਗ ਮਾਰੂ। ਕਬੀਰ ਮਹਾਰਾਜਾ ਦੇ ਸ਼ਬਦ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥
ਹੇ ਅੰਞਾਣ ਵੈਰਾਗੀ! (ਪਰਮਾਤਮਾ ਨੂੰ ਇਹਨਾਂ ਅੱਖਾਂ ਨਾਲ ਕਦੇ) ਕਿਸੇ ਨੇ ਨਹੀਂ ਵੇਖਿਆ, ਉਸ ਦਾ ਤਾਂ ਆਤਮਕ ਝਲਕਾਰਾ ਹੀ ਵੱਜਦਾ ਹੈ ।
ਬਿਨੁ ਭੈ ਅਨਭਉ ਹੋਇ ਵਣਾਹੰਬੈ ॥੧॥
ਤੇ, ਇਹ ਆਤਮਕ ਝਲਕਾਰਾ ਤਦੋਂ ਵੱਜਦਾ ਹੈ, ਜਦੋਂ ਮਨੁੱਖ ਦੁਨੀਆ ਦੇ ਡਰਾਂ ਤੋਂ ਰਹਿਤ ਹੋ ਜਾਂਦਾ ਹੈ ।੧।
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! ਜੋ ਮਨੁੱਖ ਪਰਮਾਤਮਾ-ਖਸਮ ਨੂੰ ਹਰ ਵੇਲੇ ਅੰਗ-ਸੰਗ ਸਮਝਦਾ ਹੈ, ਉਸ ਦੇ ਅੰਦਰ ਉਸ ਦਾ ਡਰ ਪੈਦਾ ਹੁੰਦਾ ਹੈ (ਕਿ ਪ੍ਰਭੂ ਸਾਡੇ ਸਾਰੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ) ।
ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥੨॥
ਇਸ ਡਰ ਦੀ ਬਰਕਤਿ ਨਾਲ ਮਨੁੱਖ ਉਸ ਪ੍ਰਭੂ ਦਾ) ਹੁਕਮ ਸਮਝਦਾ ਹੈ (ਭਾਵ, ਇਹ ਸਮਝਣ ਦੀ ਕੋਸ਼ਸ਼ ਕਰਦਾ ਹੈ ਕਿ ਸਾਨੂੰ ਜੀਵਾਂ ਨੂੰ ਕਿਵੇਂ ਜੀਊਣਾ ਚਾਹੀਦਾ ਹੈ) ਤਾਂ ਸੰਸਾਰਕ ਡਰਾਂ ਤੋਂ ਰਹਿਤ ਹੋ ਜਾਂਦਾ ਹੈ (ਕਿਉਂਕਿ ਰਜ਼ਾ ਨੂੰ ਸਮਝ ਕੇ ਸੰਸਾਰਕ ਡਰਾਂ ਵਾਲੇ ਕੰਮ ਕਰਨੇ ਛੱਡ ਦੇਂਦਾ ਹੈ) ।੨।
ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! (ਇਹ ਤੀਰਥ ਆਦਿਕ ਕਰ ਕੇ) ਪਰਮਾਤਮਾ ਨਾਲ ਠੱਗੀ ਨਾਹ ਕਰੀਏ,
ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥੩॥
ਸਾਰਾ ਜਗਤ (ਤੀਰਥ ਆਦਿਕ ਕਰਨ ਦੇ ਵਹਿਣ ਵਿਚ ਪੈ ਕੇ) ਪਖੰਡ ਵਿਚ ਰੁੱਝਾ ਪਿਆ ਹੈ ।੩।
ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! (ਪਖੰਡ-ਕਰਮ ਕੀਤਿਆਂ) ਤਿ®ਸ਼ਨਾ ਖ਼ਲਾਸੀ ਨਹੀਂ ਕਰਦੀ,
ਮਮਤਾ ਜਾਲਿਆ ਪਿੰਡੁ ਵਣਾਹੰਬੈ ॥੪॥
ਸਗੋਂ ਮਾਇਆ ਦੀ ਮਮਤਾ ਸਰੀਰ ਨੂੰ ਸਾੜ ਦੇਂਦੀ ਹੈ ।੪।
ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥
ਉਸ ਅਜਿਹੇ ਬੈਰਾਗੀ ਨੇ) ਚਿੰਤਾ ਸਾੜ ਕੇ ਸਰੀਰ (ਦਾ ਮੋਹ) ਸਾੜ ਲਿਆ ਹੈ
ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥੫॥
ਹੇ ਅੰਞਾਣ ਬੈਰਾਗੀ! ਜੇ ਮਨੁੱਖ ਦਾ ਮਨ (ਤਿ®ਸ਼ਨਾ ਮਮਤਾ ਵਲੋਂ) ਮਰ ਜਾਏ (ਤਾਂ ਉਹ ਸੱਚਾ ਬੈਰਾਗੀ ਬਣ ਜਾਂਦਾ ਹੈ ।੫।
ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! ਸਤਿਗੁਰੂ (ਦੀ ਸ਼ਰਨ ਆਉਣ) ਤੋਂ ਬਿਨਾ (ਹਿਰਦੇ ਵਿਚ) ਵੈਰਾਗ ਪੈਦਾ ਨਹੀਂ ਹੋ ਸਕਦਾ,
ਜੇ ਲੋਚੈ ਸਭੁ ਕੋਇ ਵਣਾਹੰਬੈ ॥੬॥
ਭਾਵੇਂ ਕੋਈ ਕਿਤਨੀ ਹੀ ਤਾਂਘ ਕਰੇ
ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥
ਹੇ ਅੰਞਾਣ ਬੈਰਾਗੀ! ਸਤਿਗੁਰੂ ਤਦੋਂ ਮਿਲਦਾ ਹੈ ਜੇ (ਪ੍ਰਭੂ ਦੀ) ਕਿਰਪਾ ਹੋਵੇ,
ਸਹਜੇ ਪਾਵੈ ਸੋਇ ਵਣਾਹੰਬੈ ॥੭॥
ਉਹ ਮਨੁੱਖ (ਫਿਰ) ਸਹਿਜੇ ਹੀ (ਵੈਰਾਗ) ਪ੍ਰਾਪਤ ਕਰ ਲੈਂਦਾ ਹੈ ।੭।
ਕਹੁ ਕਬੀਰ ਇਕ ਬੇਨਤੀ ਬੈਰਾਗੀਅੜੇ ॥
ਹੇ ਕਬੀਰ! ਆਖ—ਹੇ ਅੰਞਾਣ ਬੈਰਾਗੀ! (ਪਖੰਡ ਨਾਲ ਕੁਝ ਨਹੀਂ ਸੌਰਨਾ, ਪ੍ਰਭੂ ਅੱਗੇ) ਇਉਂ ਅਰਦਾਸ ਕਰ, ‘ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ’ ।੮।੧।੮।
ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥੮॥੧॥੮॥
‘ਹੇ ਪ੍ਰਭੂ! ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ’ ।੮।੧।੮।