Sri Guru Granth Sahib Ji — Ang 1087 (punjabi)
ਗੁਣ ਤੇ ਗੁਣ ਮਿਲਿ ਪਾਈਐ ਜੇ ਸਤਿਗੁਰ ਮਾਹਿ ਸਮਾਇ ॥
(ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ ‘ਆਪਾ’ ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ ‘ਨਾਮ’-ਰੂਪ ਕੀਮਤੀ ਪਦਾਰਥ) ਮਿਲਦਾ ਹੈ ।
ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥
‘ਨਾਮ’ ਬਹੁ-ਮੁੱਲਾ ਪਦਾਰਥ ਹੈ, ਕਿਸੇ ਕੀਮਤਿ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ ।
ਨਾਨਕ ਪੂਰਾ ਤੋਲੁ ਹੈ ਕਬਹੁ ਨ ਹੋਵੈ ਘਾਟਿ ॥੧॥
ਹੇ ਨਾਨਕ! (‘ਨਾਮ’ ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, ‘ਆਪਾ ਗੁਰੂ ਵਿਚ ਲੀਨ ਕਰਨਾ’—ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ ‘ਨਾਮ’ ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ।੧।
ਮਃ ੪ ॥
ਚੌਥੀ ਪਾਤਿਸ਼ਾਹੀ।
ਨਾਮ ਵਿਹੂਣੇ ਭਰਮਸਹਿ ਆਵਹਿ ਜਾਵਹਿ ਨੀਤ ॥
ਜੋ ਮਨੁੱਖ ‘ਨਾਮ’ ਤੋਂ ਸੱਖਣੇ ਹਨ ਉਹ ਭਟਕਦੇ ਹਨ (ਭਟਕਣਾ ਦੇ ਕਾਰਨ) ਨਿੱਤ ਜੰਮਦੇ ਤੇ ਮਰਦੇ ਹਨ (ਭਾਵ, ‘ਵਾਸਨਾ’ ਪੂਰੀਆਂ ਕਰਨ ਲਈ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ);
ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥
ਸੋ, ਕਈ ਜੀਵ (ਇਹਨਾਂ ‘ਵਾਸਨਾ’ ਨਾਲ) ਬੱਝੇ ਪਏ ਹਨ, ਕਈਆਂ ਨੇ ਬੰਧਨ ਕੁਝ ਢਿੱਲੇ ਕਰ ਲਏ ਹਨ ਤੇ ਕਈ ਪ੍ਰਭੂ ਦੇ ਪਿਆਰ ਵਿਚ ਰਹਿ ਕੇ (ਬਿਲਕੁਲ) ਸੁਖੀ ਹੋ ਗਏ ਹਨ ।
ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥੨॥
ਹੇ ਨਾਨਕ! ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਆਪਣੇ ਮਨ ਵਿਚ ਪੱਕਾ ਕਰ ਲੈਂਦਾ ਹੈ, ਸਦਾ-ਥਿਰ ਨਾਮ ਉਸ ਵਾਸਤੇ ਕਰਨ-ਜੋਗ ਕੰਮ ਹੈ ਸਦਾ-ਥਿਰ ਨਾਮ ਹੀ ਉਸ ਦੀ ਜੀਵਨ-ਜੁਗਤਿ ਹੋ ਜਾਂਦਾ ਹੈ ।੨।
ਪਉੜੀ ॥
pauVI[
ਗੁਰ ਤੇ ਗਿਆਨੁ ਪਾਇਆ ਅਤਿ ਖੜਗੁ ਕਰਾਰਾ ॥
(ਗਿਆਨ, ਮਾਨੋ) ਬੜਾ ਤੇਜ਼ ਖੰਡਾ ਹੈ, ਇਹ ਗਿਆਨ ਗੁਰੂ ਤੋਂ ਮਿਲਦਾ ਹੈ,
ਦੂਜਾ ਭ੍ਰਮੁ ਗੜੁ ਕਟਿਆ ਮੋਹੁ ਲੋਭੁ ਅਹੰਕਾਰਾ ॥
(ਜਿਸ ਨੂੰ ਮਿਲਿਆ ਹੈ ਉਸ ਦਾ) ਮਾਇਆ ਦੀ ਖ਼ਾਤਰ ਭਟਕਣਾ, ਮੋਹ, ਲੋਭ ਤੇ ਅਹੰਕਾਰ-ਰੂਪ ਕਿਲ੍ਹਾ (ਜਿਸ ਵਿਚ ਉਹ ਘਿਰਿਆ ਪਿਆ ਸੀ, ਇਸ ਗਿਆਨ-ਖੜਗ ਨਾਲ) ਕੱਟਿਆ ਜਾਂਦਾ ਹੈ;
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥
ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਿਆਂ ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ।
ਸਚ ਸੰਜਮਿ ਮਤਿ ਊਤਮਾ ਹਰਿ ਲਗਾ ਪਿਆਰਾ ॥
ਸਿਮਰਨ ਦੇ ਸੰਜਮ ਨਾਲ ਉਸ ਦੀ ਮਤਿ ਚੰਗੀ ਹੋ ਜਾਂਦੀ ਹੈ, ਰੱਬ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ;
ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥੧॥
(ਆਖ਼ਰ ਉਸ ਦੀ ਇਹ ਹਾਲਤ ਹੋ ਜਾਂਦੀ ਹੈ ਕਿ) ਸਦਾ-ਥਿਰ ਸਿਰਜਣਹਾਰ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ।੧।
ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਕੇਦਾਰਾ ਰਾਗਾ ਵਿਚਿ ਜਾਣੀਐ ਭਾਈ ਸਬਦੇ ਕਰੇ ਪਿਆਰੁ ॥
ਹੇ ਭਾਈ! ਕੇਦਾਰਾ ਰਾਗ ਨੂੰ (ਹੋਰ ਬਾਕੀ ਦੇ) ਰਾਗਾਂ ਵਿਚ ਤਾਂ ਹੀ ਜਾਣੋ (ਭਾਵ, ਕੇਦਾਰਾ ਰਾਗ ਨੂੰ ਤਾਂ ਹੀ ਵਡਿਆਈਏ, ਜੇ ਇਸ ਨੂੰ ਗਾਉਣ ਵਾਲਾ)
ਸਤਸੰਗਤਿ ਸਿਉ ਮਿਲਦੋ ਰਹੈ ਸਚੇ ਧਰੇ ਪਿਆਰੁ ॥
ਗੁਰੂ ਦੇ ਸ਼ਬਦ ਵਿਚ ਪਿਆਰ ਕਰਨ ਲੱਗ ਪਏ,
ਵਿਚਹੁ ਮਲੁ ਕਟੇ ਆਪਣੀ ਕੁਲਾ ਕਾ ਕਰੇ ਉਧਾਰੁ ॥
ਅੰਦਰੋਂ ਆਪਣੀ ਮੈਲ ਭੀ ਕੱਟੇ ਤੇ ਆਪਣੀਆਂ ਕੁਲਾਂ ਨੂੰ ਭੀ ਤਾਰ ਲਏ,
ਗੁਣਾ ਕੀ ਰਾਸਿ ਸੰਗ੍ਰਹੈ ਅਵਗਣ ਕਢੈ ਵਿਡਾਰਿ ॥
ਗੁਣਾਂ ਦੀ ਪੂੰਜੀ ਇਕੱਠੀ ਕਰੇ ਤੇ ਔਗੁਣ ਮਾਰ ਕੇ ਕੱਢ ਦੇਵੇ ।
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥੧॥
ਹੇ ਨਾਨਕ! (ਕੇਦਾਰਾ ਰਾਗ ਦੀ ਰਾਹੀਂ ਰੱਬ ਵਿਚ) ਜੁੜਿਆ ਉਸ ਨੂੰ ਸਮਝੋ ਜੋ ਕਦੇ ਆਪਣੇ ਗੁਰੂ ਦਾ ਆਸਰਾ ਨਾਹ ਛੱਡੇ ਤੇ ਮਾਇਆ ਵਿਚ ਮੋਹ ਨਾਹ ਪਾਏ ।੧।
ਮਃ ੪ ॥
ਚੌਥੀ ਪਾਤਿਸ਼ਾਹੀ।
ਸਾਗਰੁ ਦੇਖਉ ਡਰਿ ਮਰਉ ਭੈ ਤੇਰੈ ਡਰੁ ਨਾਹਿ ॥
(ਹੇ ਪ੍ਰਭੂ!) ਜਦੋਂ ਮੈਂ (ਇਸ ਸੰਸਾਰ-) ਸਮੁੰਦਰ ਨੂੰ ਵੇਖਦਾ ਹਾਂ ਤਾਂ ਡਰ ਨਾਲ ਸਹਿਮ ਜਾਂਦਾ ਹਾਂ (ਕਿ ਕਿਵੇਂ ਇਸ ਵਿਚੋਂ ਬਚ ਕੇ ਲੰਘਾਂਗਾ, ਪਰ) ਤੇਰੇ ਡਰ ਵਿਚ ਰਿਹਾਂ (ਇਸ ਸੰਸਾਰ-ਸਮੁੰਦਰ ਦਾ ਕੋਈ) ਡਰ ਨਹੀਂ ਰਹਿ ਜਾਂਦਾ;
ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥੨॥
ਕਿਉਂਕਿ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਮੈਂ ਸੰਤੋਖ ਵਾਲਾ ਬਣ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਰਾਹੀਂ ਮੈਂ ਖਿੜਦਾ ਹਾਂ ।੨।
ਮਃ ੪ ॥
ਚੋਥੀ ਪਾਤਿਸ਼ਾਹੀ।
ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥
(ਸੰਸਾਰ-) ਸਮੁੰਦਰ (ਤਾਂ ਵਿਕਾਰਾਂ ਦੀਆਂ) ਠਾਠਾਂ ਮਾਰ ਰਿਹਾ ਹੈ ਪਰ ਮੈਂ (ਗੁਰ-ਸ਼ਬਦ-ਰੂਪ) ਜਹਾਜ਼ ਵਿਚ ਚੜ੍ਹ ਕੇ (ਇਸ ਸਮੁੰਦਰ ਵਿਚੋਂ) ਲੰਘਾਂਗਾ ।
ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥
ਜੇ ਸਤਿਗੁਰ ਹੌਸਲਾ ਦੇਵੇ ਤਾਂ ਇਸ ਸੱਚੇ ਜਹਾਜ਼ ਵਿਚ ਚੜ੍ਹਿਆਂ (ਸਫ਼ਰ ਵਿਚ) ਕੋਈ ਰੋਕ ਨਹੀਂ ਪਏਗੀ ।
ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥
ਮੈਨੂੰ ਆਪਣਾ ਗੁਰੂ ਸੁਚੇਤ ਦਿੱਸ ਰਿਹਾ ਹੈ (ਮੈਨੂੰ ਨਿਸ਼ਚਾ ਹੈ ਕਿ ਗੁਰੂ ਮੈਨੂੰ) ਉਸ (ਪ੍ਰਭੂ ਦੇ) ਦਰ ਤੇ ਜਾ ਉਤਾਰੇਗਾ ।
ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥੩॥
ਹੇ ਨਾਨਕ! (ਇਹ ਗੁਰ-ਸ਼ਬਦ ਦਾ ਜਹਾਜ਼) ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ (ਇਸ ਦੀ ਬਰਕਤਿ ਨਾਲ) ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ।੩।
ਪਉੜੀ ॥
pauVI[
ਨਿਹਕੰਟਕ ਰਾਜੁ ਭੁੰਚਿ ਤੂ ਗੁਰਮੁਖਿ ਸਚੁ ਕਮਾਈ ॥
(ਹੇ ਭਾਈ!) ਗੁਰੂ ਦੇ ਸਨਮੁਖ ਹੋ ਕੇ ਸਿਮਰਨ ਦੀ ਕਮਾਈ ਕਰ (ਤੇ ਇਸ ਤਰ੍ਹਾਂ) ਨਿਰਚੋਭ ਰਾਜ ਮਾਣ,
ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ ॥
(ਕਿਉਂਕਿ) ਜੋ ਪ੍ਰਭੂ ਸਦਾ-ਥਿਰ ਤਖ਼ਤ ਤੇ ਬਹਿ ਕੇ ਨਿਆਂ ਕਰ ਰਿਹਾ ਹੈ ਉਹ ਤੈਨੂੰ ਸਤਸੰਗ ਵਿਚ ਮਿਲਾ ਦੇਵੇਗਾ,
ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥
Eਥੇ ਨਾਮ-ਸਿਮਰਨ ਦੀ ਸੱਚੀ ਸਿੱਖਿਆ ਕਮਾਇਆਂ ਤੇਰੀ ਪ੍ਰਭੂ ਨਾਲ ਬਣ ਆਵੇਗੀ,
ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥
ਇਸ ਜੀਵਨ ਵਿਚ ਸੁਖਦਾਤਾ ਰੱਬ ਮਨ ਵਿਚ ਵੱਸੇਗਾ ਤੇ ਅੰਤ ਵੇਲੇ ਭੀ ਸਾਥੀ ਬਣੇਗਾ ।
ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥੨॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਸਮਝ ਬਖ਼ਸ਼ੀ ਉਸ ਦਾ ਪ੍ਰਭੂ ਨਾਲ ਪਿਆਰ ਬਣ ਜਾਂਦਾ ਹੈ ।੨।
ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।
ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥
ਬਥੇਰੇ ਚਿਰ ਤੋਂ ਖੁੰਝੀ ਹੋਈ ਮੈਂ ਭਟਕ ਰਹੀ ਹਾਂ, ਮੈਨੂੰ ਕੋਈ ਪੱਧਰਾ ਰਾਹ ਨਹੀਂ ਦੱਸਦਾ,
ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥
ਕੋਈ ਧਿਰ ਜਾ ਕੇ ਕਿਸੇ ਸਿਆਣੇ ਬੰਦਿਆਂ ਨੂੰ ਪੁੱਛੋ, ਭਲਾ ਜੇ ਕੋਈ ਮੇਰਾ ਕਸ਼ਟ ਕੱਟ ਦੇਵੇ ।
ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥
ਹੇ ਨਾਨਕ! ਜੇ ਸੱਚਾ ਗੁਰੂ ਮਨ ਵਿਚ ਆ ਵੱਸੇ ਤਾਂ ਸੱਜਣ ਪ੍ਰਭੂ ਭੀ Eਸੇ ਥਾਂ (ਭਾਵ, ਹਿਰਦੇ ਵਿਚ ਹੀ ਮਿਲ ਪੈਂਦਾ ਹੈ),
ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥੧॥
ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਭਟਕਣੋਂ ਹਟ ਜਾਂਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥
ਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ,
ਆਪੇ ਕਿਸ ਹੀ ਬਖਸਿ ਲਏ ਆਪੇ ਕਾਰ ਕਮਾਇ ॥
ਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ ।
ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥੨॥
ਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ ‘ਨਾਮ’ ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ ।੨।
ਪਉੜੀ ॥
pauVI[
ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥
ਹੇ ਮੂਰਖ! ਹੇ ਮਨ ਦੇ ਗ਼ੁਲਾਮ! ਮਾਇਆ ਨੂੰ ਵੇਖ ਕੇ ਉਕਾਈ ਨਾਹ ਖਾਹ,
ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥
ਇਹ (ਏਥੋਂ) ਤੁਰਨ ਵੇਲੇ ਕਿਸੇ ਦੇ ਨਾਲ ਨਹੀਂ ਤੁਰਦੀ, ਸੋ, ਸਾਰੇ ਧਨ ਨੂੰ ਝੂਠਾ (ਸਾਥੀ) ਜਾਣ ।
ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥
(ਪਰ ਇਸ ਮਾਇਆ ਨੂੰ ਵੇਖ ਕੇ) ਮੂਰਖ ਅੰਨ੍ਹਾ ਮਨੁੱਖ ਨਹੀਂ ਸਮਝਦਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਭੀ ਹੈ (ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ) ।
ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥
ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦਾ ਰਸ ਚੱਖਿਆ ਹੈ ਉਹ ਗੁਰੂ ਦੀ ਮਿਹਰ ਨਾਲ (ਮਾਇਆ ਵਿਚ ਮੋਹ ਪਾਣ ਦੀ ਉਕਾਈ ਤੋਂ) ਬਚ ਜਾਂਦੇ ਹਨ;