Sri Guru Granth Sahib Ji — Ang 1085 (punjabi)
ਆਦਿ ਅੰਤਿ ਮਧਿ ਪ੍ਰਭੁ ਸੋਈ ॥
ਹੇ ਭਾਈ! ਉਹਨਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,
ਆਪੇ ਕਰਤਾ ਕਰੇ ਸੁ ਹੋਈ ॥
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ ।
ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥
ਸਾਧ ਸੰਗਤਿ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ, ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ।੬।
ਊਤਮ ਬਾਣੀ ਗਾਉ ਗੋੁਪਾਲਾ ॥
ਹੇ ਭਾਈ! ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਇਆ ਕਰੋ
ਸਾਧਸੰਗਤਿ ਕੀ ਮੰਗਹੁ ਰਵਾਲਾ ॥
(ਹਰ ਵੇਲੇ) ਸਾਧ ਸੰਗਤਿ ਦੀ ਚਰਨ-ਧੂੜ ਮੰਗਿਆ ਕਰੋ,
ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥
(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ।੭।
ਸੰਤਾ ਕੀ ਇਹ ਰੀਤਿ ਨਿਰਾਲੀ ॥
ਹੇ ਭਾਈ! ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥
ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ ।
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥
ਹੇ ਭਾਈ! ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ।੮।
ਜਹ ਦੇਖਾ ਤਹ ਅੰਤਰਜਾਮੀ ॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ) ।
ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥
ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇਂ ਲਈ ਭੀ ਨਾਹ ਵਿਸਰ ।
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥
ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ । ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ।੯।
ਤਤੀ ਵਾਉ ਨ ਤਾ ਕਉ ਲਾਗੈ ॥
ਹੇ ਭਾਈ! ਉਸ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ।
ਸਿਮਰਤ ਨਾਮੁ ਅਨਦਿਨੁ ਜਾਗੈ ॥
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ,
ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥
ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ।੧੦।
ਰੋਗ ਸੋਗ ਦੂਖ ਤਿਸੁ ਨਾਹੀ ॥
ਹੇ ਭਾਈ! ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,
ਸਾਧਸੰਗਿ ਹਰਿ ਕੀਰਤਨੁ ਗਾਹੀ ॥
ਜਿਹੜੇ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਉਂਦੇ ਰਹਿੰਦੇ ਹਨ ।
ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥
ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ।੧੧।
ਨਾਮ ਰਤਨੁ ਤੇਰਾ ਹੈ ਪਿਆਰੇ ॥
ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ ।
ਰੰਗਿ ਰਤੇ ਤੇਰੈ ਦਾਸ ਅਪਾਰੇ ॥
ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ ।
ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ । ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ।੧੨।
ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥
ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ
ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ,
ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥
ਹੇ ਭਾਈ! (ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤਿ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ।੧੩।
ਸਾਜਨੁ ਮੀਤੁ ਪਿਆਰਾ ਸੋਈ ॥
ਹੇ ਭਾਈ! ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,
ਏਕੁ ਦ੍ਰਿੜਾਏ ਦੁਰਮਤਿ ਖੋਈ ॥
ਜਿਹੜਾ ਮੇਰੀ ਖੋਟੀ ਮਤਿ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,
ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥
ਜਿਹੜਾ ਮੇਰੇ ਪਾਸੋਂ ਕਾਮ ਕੋ®ਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ । ਹੇ ਭਾਈ! ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ।੧੪।
ਤੁਧੁ ਵਿਣੁ ਨਾਹੀ ਕੋਈ ਮੇਰਾ ॥
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ ।
ਗੁਰਿ ਪਕੜਾਏ ਪ੍ਰਭ ਕੇ ਪੈਰਾ ॥
ਹੇ ਭਾਈ! ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ ।
ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ।੧੫।
ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥
ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ ।
ਆਠ ਪਹਰ ਹਰਿ ਹਰਿ ਕਉ ਧਿਆਈ ॥
ਹੇ ਭਾਈ! (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।
ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥
ਹੇ ਨਾਨਕ! (ਆਖ—ਹੇ ਪ੍ਰਭੂ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ।੧੬।੪।੧੩।
ਮਾਰੂ ਮਹਲਾ ੫
ਮਾਰੂ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਚਰਨ ਕਮਲ ਹਿਰਦੈ ਨਿਤ ਧਾਰੀ ॥
ਹੇ ਭਾਈ! (ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,
ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥
ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥
ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ।੧।
ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥
ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,
ਜੀਉ ਪਿੰਡੁ ਦੇ ਸਾਜਿ ਸਵਾਰੇ ॥
ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?
ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ । ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ।੨।
ਜਾ ਤੇ ਬਿਰਥਾ ਕੋਊ ਨਾਹੀ ॥
ਹੇ ਭਾਈ! ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,
ਆਠ ਪਹਰ ਹਰਿ ਰਖੁ ਮਨ ਮਾਹੀ ॥
ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ ।