Sri Guru Granth Sahib Ji — Ang 1083 (punjabi)
ਮਿਰਤ ਲੋਕ ਪਇਆਲ ਸਮੀਪਤ ਅਸਥਿਰ ਥਾਨੁ ਜਿਸੁ ਹੈ ਅਭਗਾ ॥੧੨॥
ਮਾਤ ਲੋਕ ਵਿਚ, ਪਤਾਲ ਵਿਚ (ਸਭ ਜੀਵਾਂ ਦੇ) ਨੇੜੇ ਹੈ । ਉਸ ਦਾ ਥਾਂ ਸਦਾ ਕਾਇਮ ਰਹਿਣ ਵਾਲਾ ਹੈ, ਕਦੇ ਟੁੱਟਣ ਵਾਲਾ ਨਹੀਂ ।੧੨।
ਪਤਿਤ ਪਾਵਨ ਦੁਖ ਭੈ ਭੰਜਨੁ ॥
ਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਜੀਵਾਂ ਦੇ) ਸਾਰੇ ਦੁੱਖ ਸਾਰੇ ਡਰ ਦੂਰ ਕਰਨ ਵਾਲਾ ਹੈ,
ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥
ਅਹੰਕਾਰ ਦੂਰ ਕਰਨ ਵਾਲਾ ਹੈ ਅਤੇ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਹੈ ।
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥੧੩॥
ਹੇ ਭਾਈ! ਦੀਨਾਂ ਉੱਤੇ ਕਿਰਪਾ ਕਰਨ ਵਾਲਾ ਪ੍ਰਭੂ ਭਗਤੀ ਨਾਲ ਖ਼ੁਸ਼ ਹੁੰਦਾ ਹੈ, ਕਿਸੇ ਭੀ ਹੋਰ ਗੁਣ ਨਾਲ ਨਹੀਂ ਪਤੀਜਦਾ ।੧੩।
ਨਿਰੰਕਾਰੁ ਅਛਲ ਅਡੋਲੋ ॥
ਹੇ ਭਾਈ! ਆਕਾਰ-ਰਹਿਤ ਪਰਮਾਤਮਾ ਨੂੰ ਮਾਇਆ ਛਲ ਨਹੀਂ ਸਕਦੀ, (ਮਾਇਆ ਦੇ ਹੱਲਿਆਂ ਅੱਗੇ) ਉਹ ਡੋਲਣ ਵਾਲਾ ਨਹੀਂ ਹੈ ।
ਜੋਤਿ ਸਰੂਪੀ ਸਭੁ ਜਗੁ ਮਉਲੋ ॥
ਉਹ ਨਿਰਾ ਨੂਰ ਹੀ ਨੂਰ ਹੈ (ਉਸ ਦੇ ਨੂਰ ਨਾਲ) ਸਾਰਾ ਜਗਤ ਖਿੜ ਰਿਹਾ ਹੈ ।
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥੧੪॥
(ਉਸ ਪਰਮਾਤਮਾ ਨੂੰ ਉਹੀ ਮਨੁੱਖ (ਹੀ) ਮਿਲ ਸਕਦਾ ਹੈ, ਜਿਸ ਨੂੰ ਉਹ ਆਪ ਮਿਲਾਂਦਾ ਹੈ । (ਉਸ ਦੀ ਮਿਹਰ ਤੋਂ ਬਿਨਾ ਨਿਰੇ) ਆਪਣੇ ਉੱਦਮ ਨਾਲ ਕੋਈ ਭੀ ਮਨੁੱਖ ਉਸ ਨੂੰ ਮਿਲ ਨਹੀਂ ਸਕਦਾ ।੧੪।
ਆਪੇ ਗੋਪੀ ਆਪੇ ਕਾਨਾ ॥
ਹੇ ਭਾਈ! ਪਰਮਾਤਮਾ ਆਪ ਹੀ ਗੋਪੀਆਂ ਹੈ, ਆਪ ਹੀ ਕਿ®ਸ਼ਨ ਹੈ ।
ਆਪੇ ਗਊ ਚਰਾਵੈ ਬਾਨਾ ॥
ਪ੍ਰਭੂ ਆਪ ਹੀ ਗਊਆਂ ਨੂੰ ਬਿੰਦ®ਾਬਨ ਵਿਚ ਚਾਰਦਾ ਹੈ ।
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾ ॥੧੫॥
ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈਂ, ਆਪ ਹੀ ਨਾਸ ਕਰਦਾ ਹੈਂ । ਦੁਨੀਆ ਦੇ ਰੰਗ-ਤਮਾਸ਼ਿਆਂ ਦਾ ਤੇਰੇ ਉਤੇ ਰਤਾ ਭੀ ਅਸਰ ਨਹੀਂ ਹੁੰਦਾ ।੧੫।
ਏਕ ਜੀਹ ਗੁਣ ਕਵਨ ਬਖਾਨੈ ॥
ਹੇ ਪ੍ਰਭੂ! (ਮੇਰੀ) ਇੱਕ ਜੀਭ (ਤੇਰੇ) ਕਿਹੜੇ ਕਿਹੜੇ ਗੁਣ ਬਿਆਨ ਕਰ ਸਕਦੀ ਹੈ?
ਸਹਸ ਫਨੀ ਸੇਖ ਅੰਤੁ ਨ ਜਾਨੈ ॥
ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ (ਭੀ) (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣਦਾ ।
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥੧੬॥
ਉਹ ਦਿਨ ਰਾਤ (ਤੇਰੇ) ਨਵੇਂ ਨਵੇਂ ਨਾਮ ਜਪਦਾ ਹੈ, ਪਰ, ਹੇ ਪ੍ਰਭੂ! ਉਹ ਤੇਰਾ ਇੱਕ ਭੀ ਗੁਣ ਬਿਆਨ ਨਹੀਂ ਕਰ ਸਕਦਾ ।੧੬।
ਓਟ ਗਹੀ ਜਗਤ ਪਿਤ ਸਰਣਾਇਆ ॥
ਹੇ ਜਗਤ ਦੇ ਪਿਤਾ! ਮੈਂ ਤੇਰੀ Eਟ ਲਈ ਹੈ, ਮੈਂ ਤੇਰੀ ਸਰਨ ਆਇਆ ਹਾਂ ।
ਭੈ ਭਇਆਨਕ ਜਮਦੂਤ ਦੁਤਰ ਹੈ ਮਾਇਆ ॥
ਜਮਦੂਤ ਬੜੇ ਡਰਾਉਣੇ ਹਨ, ਬੜੇ ਡਰ ਦੇ ਰਹੇ ਹਨ ।
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥੧੭॥
ਮਾਇਆ (ਇਕ ਅਜਿਹਾ ਸਮੁੰਦਰ ਹੈ ਜਿਸ) ਵਿਚੋਂ ਪਾਰ ਲੰਘਣਾ ਔਖਾ ਹੈ । ਹੇ ਪ੍ਰਭੂ! ਦਇਆਵਾਨ ਹੋਹੁ, ਮੈਨੂੰ ਕਿਰਪਾ ਕਰ ਕੇ ਸਾਧ ਸੰਗਤਿ ਵਿਚ ਰੱਖ ।੧੭।
ਦ੍ਰਿਸਟਿਮਾਨ ਹੈ ਸਗਲ ਮਿਥੇਨਾ ॥
ਹੇ ਗੋਬਿੰਦ! ਇਹ ਦਿੱਸਦਾ ਪਸਾਰਾ ਸਭ ਨਾਸਵੰਤ ਹੈ ।
ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥
ਮੈਂ (ਤੇਰੇ ਪਾਸੋਂ) ਇਕ (ਇਹ) ਦਾਨ ਮੰਗਦਾ ਹਾਂ (ਕਿ ਮੈਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ (ਮਿਲੇ) ।
ਮਸਤਕਿ ਲਾਇ ਪਰਮ ਪਦੁ ਪਾਵਉ ਜਿਸੁ ਪ੍ਰਾਪਤਿ ਸੋ ਪਾਵੈਗਾ ॥੧੮॥
(ਇਹ ਧੂੜ) ਮੈਂ (ਆਪਣੇ) ਮੱਥੇ ਉੱਤੇ ਲਾ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰਾਂ । ਜਿਸ ਦੇ ਭਾਗਾਂ ਵਿਚ ਤੂੰ ਜਿਸ ਚਰਨ-ਧੂੜ ਦੀ ਪ੍ਰਾਪਤੀ ਲਿਖੀ ਹੈ ਉਹੀ ਹਾਸਲ ਕਰ ਸਕਦਾ ਹੈ ।੧੮।
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥
ਹੇ ਸੁਖਾਂ ਦੇ ਦੇਣ ਵਾਲੇ! ਜਿਨ੍ਹਾਂ ਉਤੇ ਤੂੰ ਮਿਹਰ ਕਰਦਾ ਹੈਂ
ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥
ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਪ੍ਰੋ ਲੈਂਦੇ ਹਨ ।
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥੧੯॥
ਉਹਨਾਂ ਨੂੰ ਸਾਰੇ ਖ਼ਜ਼ਾਨਿਆਂ ਤੋਂ ਸੇ੍ਰਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ । ਉਹਨਾਂ ਦੇ ਮਨ ਵਿਚ (ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪੈਂਦੇ ਹਨ ।੧੯।
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਹੇ ਪ੍ਰਭੂ! (ਸਾਡੀ ਜੀਵਾਂ ਦੀ) ਜੀਭ ਤੇਰੇ ਉਹ ਨਾਮ ਉਚਾਰਦੀ ਹੈ ਜੋ ਨਾਮ (ਤੇਰੇ ਗੁਣ ਵੇਖ ਵੇਖ ਕੇ ਜੀਵਾਂ ਨੇ) ਬਣਾਏ ਹੋਏ ਹਨ ।
ਸਤਿ ਨਾਮੁ ਤੇਰਾ ਪਰਾ ਪੂਰਬਲਾ ॥
ਪਰ ‘ਸਤਿਨਾਮੁ’ ਤੇਰਾ ਮੁੱਢ-ਕਦੀਮਾਂ ਦਾ ਨਾਮ ਹੈ (ਭਾਵ, ਤੂੰ ‘ਹੋਂਦ ਵਾਲਾ’ ਹੈਂ, ਤੇਰੀ ਇਹ ‘ਹੋਂਦ’ ਜਗਤ-ਰਚਨਾ ਤੋਂ ਪਹਿਲਾਂ ਭੀ ਮੌਜੂਦ ਸੀ) ।
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥੨੦॥
ਹੇ ਨਾਨਕ! ਆਖ—(ਹੇ ਪ੍ਰਭੂ!) ਤੇਰੇ ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਉਹਨਾਂ ਨੂੰ ਦਰਸਨ ਦੇਂਦਾ ਹੈਂ, ਉਹਨਾਂ ਦੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ।੨੦।
ਤੇਰੀ ਗਤਿ ਮਿਤਿ ਤੂਹੈ ਜਾਣਹਿ ॥
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ—ਇਹ ਗੱਲ ਤੂੰ ਆਪ ਹੀ ਜਾਣਦਾ ਹੈਂ ।
ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥
ਆਪਣੀ ‘ਗਤਿ ਮਿਤਿ’ ਤੂੰ ਦੱਸ ਸਕਦਾ ਹੈਂ ਤੇ ਆਪ ਹੀ ਬਿਆਨ ਕਰ ਸਕਦਾ ਹੈਂ ।
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥੨੧॥੨॥੧੧॥
ਹੇ ਪ੍ਰਭੂ! ਨਾਨਕ ਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ । ਤੇ, ਹੇ ਹਰੀ! ਜੇ ਤੇਰੀ ਮਿਹਰ ਹੋਵੇ ਤਾਂ (ਨਾਨਕ ਨੂੰ) ਆਪਣੇ ਦਾਸਾਂ ਦੀ ਸੰਗਤਿ ਵਿਚ ਰੱਖ ।੨੧।੨।੧੧।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਅਲਹ ਅਗਮ ਖੁਦਾਈ ਬੰਦੇ ॥
ਹੇ ਅੱਲਾ ਦੇ ਬੰਦੇ! ਹੇ ਅਪਹੁੰਚ ਰੱਬ ਦੇ ਬੰਦੇ! ਹੇ ਖ਼ੁਦਾ ਦੇ ਬੰਦੇ!
ਛੋਡਿ ਖਿਆਲ ਦੁਨੀਆ ਕੇ ਧੰਧੇ ॥
(ਨਿਰੇ) ਦੁਨੀਆ ਵਾਲੇ ਖ਼ਿਆਲ ਛੱਡ ਦੇਹ, (ਨਿਰੇ) ਦੁਨੀਆ ਦੇ ਝੰਬੇਲੇ ਛੱਡ ਦੇਹ ।
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥
ਰੱਬ ਦੇ ਫ਼ਕੀਰਾਂ ਦੇ ਪੈਰਾਂ ਦੀ ਖ਼ਾਕ ਹੋ ਕੇ (ਦੁਨੀਆ ਵਿਚ) ਮੁਸਾਫ਼ਰ ਬਣਿਆ ਰਹੁ । ਇਹੋ ਜਿਹਾ ਫ਼ਕੀਰ ਰੱਬ ਦੇ ਦਰ ਤੇ ਕਬੂਲ ਹੋ ਜਾਂਦਾ ਹੈ ।੧।
ਸਚੁ ਨਿਵਾਜ ਯਕੀਨ ਮੁਸਲਾ ॥
ਹੇ ਖ਼ੁਦਾ ਦੇ ਬੰਦੇ! ਸਦਾ ਕਾਇਮ ਰਹਿਣ ਵਾਲੇ ਰੱਬ ਦੇ ਨਾਮ (ਦੀ ਯਾਦ) ਨੂੰ (ਆਪਣੀ) ਨਿਮਾਜ਼ ਬਣਾ । ਰੱਬ ਉਤੇ ਭਰੋਸਾ—ਇਹ ਤੇਰਾ ਮੁਸੱਲਾ ਹੋਵੇ ।
ਮਨਸਾ ਮਾਰਿ ਨਿਵਾਰਿਹੁ ਆਸਾ ॥
ਹੇ ਖ਼ੁਦਾ ਦੇ ਫ਼ਕੀਰ! (ਆਪਣੇ ਅੰਦਰੋਂ) ਮਨ ਦਾ ਫੁਰਨਾ ਮਾਰ ਕੇ ਮੁਕਾ ਦੇਹ—ਇਸ ਨੂੰ ਸੋਟਾ ਬਣਾ ।
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥
(ਤੇਰਾ ਇਹ) ਸਰੀਰ (ਤੇਰੀ) ਮਸੀਤ ਹੋਵੇ, (ਤੇਰਾ) ਮਨ (ਉਸ ਮਸੀਤ ਵਿਚ) ਮੁੱਲਾਂ (ਬਣਿਆ ਰਹੇ) । (ਇਸ ਮਨ ਨੂੰ ਸਦਾ) ਪਵਿੱਤਰ ਤੇ ਸਾਫ਼ ਰੱਖ—ਇਹ ਤੇਰੇ ਵਾਸਤੇ ਖ਼ੁਦਾਈ ਕਲਮਾ ਹੈ ।੨।
ਸਰਾ ਸਰੀਅਤਿ ਲੇ ਕੰਮਾਵਹੁ ॥
ਹੇ ਖ਼ੁਦਾ ਦੇ ਬੰਦੇ! (ਖ਼ੁਦਾ ਦਾ ਨਾਮ) ਲੈ ਕੇ ਬੰਦਗੀ ਦੀ ਕਮਾਈ ਕਰਿਆ ਕਰ—ਇਹ ਹੈ ਅਸਲ ਸ਼ਰਹ ਸ਼ਰੀਅਤਿ (ਬਾਹਰਲੀ ਧਾਰਮਿਕ ਰਹਿਣੀ) ।
ਤਰੀਕਤਿ ਤਰਕ ਖੋਜਿ ਟੋਲਾਵਹੁ ॥
ਹੇ ਰੱਬ ਦੇ ਬੰਦੇ! (ਆਪਾ-ਭਾਵ) ਤਿਆਗ ਕੇ (ਆਪਣੇ ਅੰਦਰ-ਵੱਸਦੇ ਰੱਬ ਨੂੰ) ਖੋਜ ਕੇ ਲੱਭ—ਇਹ ਹੈ ਮਨ ਨੂੰ ਸਾਫ਼ ਰੱਖਣ ਦਾ ਤਰੀਕਾ ।
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥
ਹੇ ਅਬਦਾਲ ਫ਼ਕੀਰ! ਆਪਣੇ ਮਨ ਨੂੰ ਵੱਸ ਵਿਚ ਰੱਖ—ਇਹ ਹੈ ਮਾਰਫ਼ਤਿ (ਆਤਮਕ ਜੀਵਨ ਦੀ ਸੂਝ) । ਰੱਬ ਨਾਲ ਮਿਲਿਆ ਰਹੁ—ਇਹ ਹੈ ਹਕੀਕਤਿ (ਚੌਥਾ ਪਦ) । (ਇਹ ਹਕੀਕਤਿ ਐਸੀ ਹੈ ਕਿ) ਇਸ ਦੀ ਰਾਹੀਂ ਮੁੜ ਆਤਮਕ ਮੌਤ ਨਹੀਂ ਹੁੰਦੀ ।੩।
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥
ਹੇ ਖ਼ੁਦਾ ਦੇ ਬੰਦੇ! ਆਪਣੇ ਦਿਲ ਵਿਚ ਖ਼ੁਦਾ ਦੇ ਨਾਮ ਦੀ ਯਾਦ ਦੀ ਕਮਾਈ ਕਰਦਾ ਰਹੁ—ਇਹ ਹੈ ਕੁਰਾਨ, ਹੈ ਇਹ ਹੈ ਕਤੇਬਾਂ ਦੀ ਤਾਲੀਮ ।
ਦਸ ਅਉਰਾਤ ਰਖਹੁ ਬਦ ਰਾਹੀ ॥
ਹੇ ਖ਼ੁਦਾ ਦੇ ਬੰਦੇ! ਆਪਣੇ ਦਸ ਹੀ ਇੰਦਿ®ਆਂ ਨੂੰ ਭੈੜੇ ਰਸਤੇ ਤੋਂ ਰੋਕ ਰੱਖ ।
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥੪॥
ਸਿਦਕ ਦੀ ਮਦਦ ਨਾਲ ਪੰਜ ਕਾਮਾਦਿਕ ਸੂਰਮਿਆਂ ਨੂੰ ਫੜ ਕੇ ਬੰਨ੍ਹ ਰੱਖ । ਸੰਤੋਖ ਦੇ ਖ਼ੈਰ ਦੀ ਬਰਕਤਿ ਨਾਲ ਤੂੰ ਖ਼ੁਦਾ ਦੇ ਦਰ ਤੇ ਕਬੂਲ ਹੋ ਜਾਹਿਂਗਾ ।੪।
ਮਕਾ ਮਿਹਰ ਰੋਜਾ ਪੈ ਖਾਕਾ ॥
ਹੇ ਖ਼ੁਦਾ ਦੇ ਬੰਦੇ! (ਦਿਲ ਵਿਚ ਸਭਨਾਂ ਵਾਸਤੇ) ਤਰਸ ਨੂੰ (ਹੱਜ-ਅਸਥਾਨ) ਮੱਕਾ (ਸਮਝ) । (ਸਭ ਦੇ) ਪੈਰਾਂ ਦੀ ਖ਼ਾਕ ਹੋਏ ਰਹਿਣਾ (ਅਸਲ) ਰੋਜ਼ਾ ਹੈ ।
ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥
ਗੁਰੂ ਦੇ ਬਚਨਾਂ ਉਤੇ ਪੂਰੇ ਤੌਰ ਤੇ ਤੁਰਨਾ—ਇਹ ਹੈ ਬਹਿਸ਼ਤ ।
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥
ਖ਼ੁਦਾ ਦੇ ਨੂਰ ਦਾ ਜ਼ਹੂਰ ਹੀ ਹੂਰਾਂ ਹਨ, ਖ਼ੁਦਾ ਦੀ ਬੰਦਗੀ ਹੀ ਕਸਤੂਰੀ ਹੈ । ਖ਼ੁਦਾ ਦੀ ਬੰਦਗੀ ਹੀ ਸਭ ਤੋਂ ਵਧੀਆ ਹੁਜਰਾ ਹੈ (ਜਿੱਥੇ ਮਨ ਵਿਕਾਰਾਂ ਵੱਲੋਂ ਹਟ ਕੇ ਇੱਕ ਟਿਕਾਣੇ ਤੇ ਰਹਿ ਸਕਦਾ ਹੈ) ।੫।