Sri Guru Granth Sahib Ji — Ang 1080 (punjabi)
ਕਹੁ ਨਾਨਕ ਸੇਈ ਜਨ ਊਤਮ ਜੋ ਭਾਵਹਿ ਸੁਆਮੀ ਤੁਮ ਮਨਾ ॥੧੬॥੧॥੮॥
ਹੇ ਨਾਨਕ! ਆਖ—(ਹੇ ਸਦਾ ਕਾਇਮ ਰਹਿਣ ਵਾਲੇ ਮਾਲਕ! ਹੇ ਡੰੂਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!) ਉਹੀ ਮਨੁੱਖ ਸ੍ਰੇਸ਼ਟ ਹਨ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਹਨ ।੧੬।੧।੮।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਪ੍ਰਭ ਸਮਰਥ ਸਰਬ ਸੁਖ ਦਾਨਾ ॥
ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਹੇ ਸਾਰੇ ਸੁਖ ਦੇਣ ਵਾਲੇ!
ਸਿਮਰਉ ਨਾਮੁ ਹੋਹੁ ਮਿਹਰਵਾਨਾ ॥
(ਮੇਰੇ ਉਤੇ) ਮਿਹਰਵਾਨ ਹੋ, ਮੈਂ ਤੇਰਾ ਨਾਮ ਸਿਮਰਦਾ ਰਹਾਂ ।
ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥੧॥
ਹੇ ਭਾਈ! ਪਰਮਾਤਮਾ ਦਾਤਾਂ ਦੇਣ ਵਾਲਾ ਹੈ, ਸਾਰੇ ਜੀਵ (ਉਸ ਦੇ ਦਰ ਦੇ) ਮੰਗਤੇ ਹਨ । (ਨਾਨਕ ਉਸ ਦਾ) ਦਾਸ ਮੰਗਤਾ ਬਣ ਕੇ (ਉਸ ਪਾਸੋਂ ਨਾਮ ਦੀ ਦਾਤਿ) ਮੰਗਦਾ ਹੈ ।੧।
ਮਾਗਉ ਜਨ ਧੂਰਿ ਪਰਮ ਗਤਿ ਪਾਵਉ ॥
ਹੇ ਭਾਈ! (ਪ੍ਰਭੂ ਦੇ ਦਰ ਤੋਂ) ਮੈਂ (ਉਸ ਦੇ) ਸੇਵਕਾਂ ਦੀ ਚਰਨ-ਧੂੜ ਮੰਗਦਾ ਹਾਂ
ਜਨਮ ਜਨਮ ਕੀ ਮੈਲੁ ਮਿਟਾਵਉ ॥
ਤਾਂ ਕਿ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਾਂ, ਅਤੇ ਅਨੇਕਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਦੂਰ ਕਰ ਸਕਾਂ ।
ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥੨॥
ਹੇ ਭਾਈ! ਹਰਿ-ਨਾਮ ਦੀ ਦਵਾਈ ਨਾਲ ਵੱਡੇ-ਵੱਡੇ ਰੋਗ ਦੂਰ ਹੋ ਜਾਂਦੇ ਹਨ । ਮੈਂ ਭੀ (ਉਸ ਦੇ ਦਰ ਤੋਂ) ਮੰਗਦਾ ਹਾਂ ਕਿ ਉਸ ਦੇ ਪਵਿੱਤਰ ਨਾਮ ਵਿਚ (ਮੇਰਾ ਮਨ) ਰੰਗਿਆ ਰਹੇ ।੨।
ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥
ਹੇ ਸੁਆਮੀ! (ਮਿਹਰ ਕਰ) ਮੈਂ (ਆਪਣੇ) ਕੰਨਾਂ ਨਾਲ ਤੇਰਾ ਪਵਿੱਤਰ ਜਸ ਸੁਣਦਾ ਰਹਾਂ ।
ਏਕਾ ਓਟ ਤਜਉ ਬਿਖੁ ਕਾਮੀ ॥
ਮੈਨੂੰ ਸਿਰਫ਼ ਤੇਰਾ ਹੀ ਆਸਰਾ ਹੈ, (ਮਿਹਰ ਕਰ) ਮੈਂ ਆਤਮਕ ਮੌਤ ਲਿਆਉਣ ਵਾਲੀ ਕਾਮ-ਵਾਸਨਾ ਤਿਆਗ ਦਿਆਂ,
ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥੩॥
ਮੈਂ ਨਿਊਂ ਨਿਊਂ ਕੇ ਤੇਰੇ ਸੇਵਕਾਂ ਦੀ ਚਰਨੀਂ ਲੱਗਦਾ ਰਹਾਂ । ਇਹ ਨੇਕ ਕਮਾਈ ਕਰਦਿਆਂ ਮੈਨੂੰ ਕਦੇ ਝਾਕਾ ਨਾਹ ਲੱਗੇ ।੩।
ਰਸਨਾ ਗੁਣ ਗਾਵੈ ਹਰਿ ਤੇਰੇ ॥
ਹੇ ਸੁਆਮੀ! ਹੇ ਹਰੀ! (ਮਿਹਰ ਕਰ) ਮੇਰੀ ਜੀਭ ਤੇਰੇ ਗੁਣ ਗਾਂਦੀ ਰਹੇ,
ਮਿਟਹਿ ਕਮਾਤੇ ਅਵਗੁਣ ਮੇਰੇ ॥
ਤੇ, ਮੇਰੇ (ਪਿਛਲੇ) ਕੀਤੇ ਹੋਏ ਔਗੁਣ ਮਿਟ ਜਾਣ ।
ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥੪॥
(ਮਿਹਰ ਕਰ) ਤੇਰਾ ਨਾਮ ਸਿਮਰ ਸਿਮਰ ਕੇ (ਤੇ, ਸਿਮਰਨ ਦੀ ਬਰਕਤਿ ਨਾਲ) ਦੁਖੀ ਕਰਨ ਵਾਲੇ ਕਾਮਾਦਿਕ ਪੰਜ ਵੈਰੀਆਂ ਦਾ ਸਾਥ ਛੱਡ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰ ਲਏ ।੪।
ਚਰਨ ਕਮਲ ਜਪਿ ਬੋਹਿਥਿ ਚਰੀਐ ॥
ਹੇ ਭਾਈ! (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਪਰਮਾਤਮਾ ਦੇ) ਸੋਹਣੇ ਚਰਨਾਂ ਦਾ ਧਿਆਨ ਧਰ ਕੇ (ਨਾਮ-) ਜਹਾਜ਼ ਵਿਚ ਚੜ੍ਹਨਾ ਚਾਹੀਦਾ ਹੈ,
ਸੰਤਸੰਗਿ ਮਿਲਿ ਸਾਗਰੁ ਤਰੀਐ ॥
ਗੁਰੂ ਦੀ ਸੰਗਤਿ ਵਿਚ ਮਿਲ ਕੇ (ਸੰਸਾਰ-) ਸਮੁੰਦਰ ਤੋਂ ਪਾਰ ਲੰਘਿਆ ਜਾ ਸਕੀਦਾ ਹੈ ।
ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥੫॥
ਪਰਮਾਤਮਾ ਨੂੰ ਸਭ ਜੀਵਾਂ ਵਿਚ ਇਕ-ਸਮਾਨ ਵੱਸਦਾ ਜਾਣ ਲੈਣਾ—ਇਹੀ ਹੈ ਉਸ ਦੀ ਅਰਚਾ-ਪੂਜਾ, ਇਹੀ ਹੈ ਉਸ ਅੱਗੇ ਬੰਦਨਾ । (ਇਸ ਤਰ੍ਹਾਂ) ਮੁੜ ਮੁੜ ਜੂਨਾਂ ਵਿਚ ਪੈ ਕੇ ਖ਼ੁਆਰ ਨਹੀਂ ਹੋਈਦਾ ।੫।
ਦਾਸ ਦਾਸਨ ਕੋ ਕਰਿ ਲੇਹੁ ਗੋੁਪਾਲਾ ॥
ਹੇ ਗੋਪਾਲ! ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ।
ਕ੍ਰਿਪਾ ਨਿਧਾਨ ਦੀਨ ਦਇਆਲਾ ॥
ਹੇ ਕਿਰਪਾ ਦੇ ਖ਼ਜ਼ਾਨੇ! ਹੇ ਦੀਨਾਂ ਉਤੇ ਦਇਆ ਕਰਨ ਵਾਲੇ!
ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥੬॥
ਹੇ ਸਰਬ-ਵਿਆਪਕ ਪਰਮੇਸਰ! ਤੂੰ ਹੀ ਮੇਰਾ ਮਿੱਤਰ ਹੈਂ, ਤੂੰ ਹੀ ਮੇਰਾ ਮਦਦਗਾਰ ਹੈਂ । ਮੈਨੂੰ ਮਿਲ, ਤੈਥੋਂ ਮੇਰਾ ਕਦੇ ਵਿਛੋੜਾ ਨਾਹ ਹੋਵੇ ।੬।
ਮਨੁ ਤਨੁ ਅਰਪਿ ਧਰੀ ਹਰਿ ਆਗੈ ॥
ਹੇ ਭਾਈ! ਜਿਸ ਮਨੁੱਖ ਨੇ ਆਪਣਾ ਮਨ ਆਪਣਾ ਤਨ ਪਰਮਾਤਮਾ ਅੱਗੇ ਭੇਟਾ ਕਰ ਦਿੱਤਾ,
ਜਨਮ ਜਨਮ ਕਾ ਸੋਇਆ ਜਾਗੈ ॥
ਉਹ ਮਨੁੱਖ ਅਨੇਕਾਂ ਜਨਮਾਂ ਦਾ ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ (ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ) ।
ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥੭॥
ਜਿਸ ਪਰਮਾਤਮਾ ਨੇ ਉਸ ਨੂੰ ਪੈਦਾ ਕੀਤਾ ਸੀ, ਉਹੀ ਉਸ ਦਾ ਰਾਖਾ ਬਣ ਜਾਂਦਾ ਹੈ, ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਹਉਮੈ ਨੂੰ ਸਦਾ ਲਈ ਤਿਆਗ ਦੇਂਦਾ ਹੈ ।੭।
ਜਲਿ ਥਲਿ ਪੂਰਨ ਅੰਤਰਜਾਮੀ ॥
ਹੇ ਭਾਈ! ਪੂਰੇ ਗੁਰੂ ਨੇ (ਜਿਸ ਮਨੁੱਖ ਦੀ ਪਰਮਾਤਮਾ ਨਾਲੋਂ ਵਿਛੋੜਾ ਪਾਣ ਵਾਲੀ) ਭਟਕਣਾ ਦੀ ਕੰਧ ਦੂਰ ਕਰ ਦਿੱਤੀ,
ਘਟਿ ਘਟਿ ਰਵਿਆ ਅਛਲ ਸੁਆਮੀ ॥
ਉਸ ਨੂੰ ਪਰਮਾਤਮਾ ਸਭਨਾਂ ਵਿਚ ਵਿਆਪਕ ਦਿੱਸ ਪੈਂਦਾ ਹੈ;
ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥੮॥
(ਉਸ ਨੂੰ ਦਿੱਸ ਪੈਂਦਾ ਹੈ ਕਿ) ਸਭ ਦੇ ਦਿਲਾਂ ਦੀ ਜਾਣਨ ਵਾਲਾ ਪ੍ਰਭੂ ਜਲ ਵਿਚ ਧਰਤੀ ਵਿਚ ਸਭ ਥਾਂ ਵਿਆਪਕ ਹੈ, ਮਾਇਆ ਪਾਸੋਂ ਨਾਹ ਛਲਿਆ ਜਾ ਸਕਣ ਵਾਲਾ ਹਰੀ ਹਰੇਕ ਸਰੀਰ ਵਿਚ ਮੌਜੂਦ ਹੈ ।੮।
ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥
ਹੇ ਭਾਈ! ਮੈਂ ਜਿਸ ਭੀ ਪਾਸੇ ਵੇਖਦਾ ਹਾਂ, ਸੁਖਾਂ ਦਾ ਸਮੁੰਦਰ ਪਰਮਾਤਮਾ ਹੀ (ਵੱਸ ਰਿਹਾ ਹੈ) ।
ਹਰਿ ਤੋਟਿ ਭੰਡਾਰ ਨਾਹੀ ਰਤਨਾਗਰ ॥
ਰਤਨਾਂ ਦੀ ਖਾਣ ਉਸ ਪਰਮਾਤਮਾ ਦੇ ਖ਼ਜ਼ਾਨਿਆਂ ਵਿਚ ਕਦੇ ਕਮੀ ਨਹੀਂ ਆਉਂਦੀ ।
ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥੯॥
ਹੇ ਭਾਈ! ਉਸ ਪਰਮਾਤਮਾ ਦੀ ਹਸਤੀ ਦਾ ਕੋਈ ਹੱਦ-ਬੰਨਾ ਨਹੀਂ ਲੱਭ ਸਕਦਾ ਜੋ ਹਰੇਕ ਕਿਸਮ ਦੀ ਜਕੜ ਤੋਂ ਪਰੇ ਹੈ ਜਿਸ ਦੀ ਹਾਥ ਨਹੀਂ ਪਾਈ ਜਾ ਸਕਦੀ । ਪਰ ਇਹ ਗੱਲ ਉਹ ਮਨੁੱਖ ਸਮਝਦਾ ਹੈ ਜਿਸ ਉਤੇ ਉਸ ਦੀ ਕਿਰਪਾ ਹੋਵੇ ।੯।
ਛਾਤੀ ਸੀਤਲ ਮਨੁ ਤਨੁ ਠੰਢਾ ॥
ਹੇ ਭਾਈ! ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਹੈ, ਉਹਨਾਂ ਦਾ ਮਨ ਉਹਨਾਂ ਦਾ ਤਨ ਸ਼ਾਂਤ ਹੋ ਗਿਆ ਹੈ,
ਜਨਮ ਮਰਣ ਕੀ ਮਿਟਵੀ ਡੰਝਾ ॥
ਉਹਨਾਂ ਦੀ ਉਹ ਸੜਨ ਮਿਟ ਗਈ ਹੈ ਜੋ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ ।
ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਓ ਧਾਰਿ ਦ੍ਰਿਸਟੰਗਨਾ ॥੧੦॥
ਜਿਹਨਾਂ ਨੂੰ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ ਕੇ ਪਿਆਰੇ ਪ੍ਰਭੂ ਨੇ ਜਿਨ੍ਹਾਂ (ਵਡ-ਭਾਗੀਆਂ) ਨੂੰ (ਉਹਨਾਂ ਦਾ) ਹੱਥ ਫੜ ਕੇ (ਸੰਸਾਰ-ਸਮੁੰਦਰ ਵਿਚੋਂ) ਕੱਢ ਲਿਆ ਹੈ ।੧੦।
ਏਕੋ ਏਕੁ ਰਵਿਆ ਸਭ ਠਾਈ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੀ ਮਾਇਆ ਦੀ) ਤਿ®ਸ਼ਨਾ ਮੁੱਕ ਜਾਂਦੀ ਹੈ ਭਟਕਣਾ ਮੁੱਕ ਜਾਂਦੀ ਹੈ
ਤਿਸੁ ਬਿਨੁ ਦੂਜਾ ਕੋਈ ਨਾਹੀ ॥
(ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਪਰਮਾਤਮਾ ਹੀ ਪਰਮਾਤਮਾ ਸਭਨੀਂ ਥਾਈਂ ਵੱਸ ਰਿਹਾ ਹੈ, ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ,
ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥੧੧॥
ਉਹ ਪਰਮਾਤਮਾ ਹੀ ਜਗਤ-ਰਚਨਾ ਦੇ ਸ਼ੁਰੂ ਵਿਚ ਸੀ, ਉਹ ਪਰਮਾਤਮਾ ਹੀ ਹੁਣ ਮੌਜੂਦ ਹੈ, ਉਹ ਪਰਮਾਤਮਾ ਹੀ ਜਗਤ ਦੇ ਅੰਤ ਵਿਚ ਹੋਵੇਗਾ ।੧੧।
ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥
ਹੇ ਭਾਈ! (ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਗੁਰੂ ਪਰਮੇਸਰ (ਦਾ ਰੂਪ) ਹੈ ਗੁਰੂ ਗੋਬਿੰਦ (ਦਾ ਰੂਪ) ਹੈ
ਗੁਰੁ ਕਰਤਾ ਗੁਰੁ ਸਦ ਬਖਸੰਦੁ ॥
ਗੁਰੂ ਕਰਤਾਰ (ਦਾ ਰੂਪ ਹੈ) ਗੁਰੂ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈ ।
ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥੧੨॥
ਸਾਧ ਸੰਗਤਿ ਵਿਚ ਟਿਕ ਕੇ ਗੁਰੂ ਦਾ ਦੱਸਿਆ ਹਰਿ-ਨਾਮ ਦਾ ਜਾਪ ਜਪਦਿਆਂ ਜਿਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਦੀਵਾ ਜਗ ਪੈਂਦਾ ਹੈ ਜਿਸ ਨੂੰ ਇਹ ਫਲ ਪ੍ਰਾਪਤ ਹੋ ਜਾਂਦਾ ਹੈ ।੧੨।
ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥
ਹੇ ਭਾਈ! (ਸੰਸਾਰ ਵਿਚ) ਮੈਂ ਜੋ ਕੁਝ ਵੇਖਦਾ ਹਾਂ ਸਭ ਕੁਝ ਮਾਲਕ-ਪ੍ਰਭੂ (ਦਾ ਹੀ ਰੂਪ) ਹੈ,
ਜੋ ਸੁਨਣਾ ਸੋ ਪ੍ਰਭ ਕੀ ਬਾਨੀ ॥
ਜੋ ਕੁਝ ਮੈਂ ਸੁਣਦਾ ਹਾਂ, ਪ੍ਰਭੂ ਹੀ ਹਰ ਥਾਂ ਆਪ ਬੋਲ ਰਿਹਾ ਹੈ ।
ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥੧੩॥
ਹੇ ਪ੍ਰਭੂ! ਜੋ ਕੁਝ ਜੀਵ ਕਰਦੇ ਹਨ, ਉਹ ਤੂੰ ਹੀ ਕਰਾ ਰਿਹਾ ਹੈਂ । ਤੂੰ ਸਰਨ-ਪਿਆਂ ਦੀ ਸਹਾਇਤਾ ਕਰਨ ਵਾਲਾ ਹੈਂ, ਤੂੰ (ਆਪਣੇ) ਸੰਤਾਂ ਦਾ ਸਹਾਰਾ ਹੈਂ ।੧੩।
ਜਾਚਕੁ ਜਾਚੈ ਤੁਮਹਿ ਅਰਾਧੈ ॥
ਹੇ ਪੂਰਨ ਸਾਧ ਪ੍ਰਭੂ! (ਤੇਰੇ ਦਰ ਦਾ) ਮੰਗਤਾ (ਦਾਸ) ਤੈਥੋਂ ਹੀ ਮੰਗਦਾ ਹੈ
ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥
ਹੇ ਪਤਿਤ-ਪਾਵਨ ਪ੍ਰਭੂ! ਤੈਨੂੰ ਹੀ ਆਰਾਧਦਾ ਹੈ ।
ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥੧੪॥
ਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ ਤੈਥੋਂ) ਸਿਰਫ਼ (ਤੇਰੇ ਨਾਮ ਦਾ) ਦਾਨ (ਹੀ ਮੰਗਦਾ ਹੈ), ਹੋਰ ਮੰਗਾਂ ਮੰਗਣੀਆਂ ਨਿਕੰਮੀਆਂ ਹਨ ।੧੪।