Sri Guru Granth Sahib Ji — Ang 107 (punjabi)
ਮਾਝ ਮਹਲਾ ੫ ॥
ਮਾਝ ਪੰਜਵੀਂ ਪਾਤਸ਼ਾਹੀ।
ਕੀਨੀ ਦਇਆ ਗੋਪਾਲ ਗੁਸਾਈ ॥
ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
ਗੁਰ ਕੇ ਚਰਣ ਵਸੇ ਮਨ ਮਾਹੀ ॥
ਤਾਂ ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ ।
ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥
(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ।੧।
ਮਨਿ ਤਨਿ ਵਸਿਆ ਸਚਾ ਸੋਈ ॥
ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,
ਬਿਖੜਾ ਥਾਨੁ ਨ ਦਿਸੈ ਕੋਈ ॥
ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ ।
ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥
ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ।੨।
ਜੋ ਕਿਛੁ ਕਰੇ ਸੁ ਆਪੇ ਆਪੈ ॥
ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ
ਬੁਧਿ ਸਿਆਣਪ ਕਿਛੂ ਨ ਜਾਪੈ ॥
(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ
ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥
ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ,ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ।੩।
ਚਰਣ ਕਮਲ ਜਨ ਕਾ ਆਧਾਰੋ ॥
ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ
ਆਠ ਪਹਰ ਰਾਮ ਨਾਮੁ ਵਾਪਾਰੋ ॥
ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ
ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥
ਹੇ ਨਾਨਕ ! ਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ।੪।੩੬।੪੩।
ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥
(ਹੇ ਭਾਈ !) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ ।
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥
ਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ ।
ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥
ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ।੧।
ਸਚੁ ਵਡਾਈ ਕੀਮ ਨ ਪਾਈ ॥
(ਹੇ ਭਾਈ !) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ) ।
ਕੁਦਰਤਿ ਕਰਮੁ ਨ ਕਹਣਾ ਜਾਈ ॥
ਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ ।
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥
ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤਿ‑ਸਾਲਾਹ ਦਾ) ਸ਼ਬਦ ਹੀ ਆਸਰਾ ਹੈ ।੨।
ਸਚੁ ਸਾਲਾਹਣੁ ਵਡਭਾਗੀ ਪਾਈਐ ॥
(ਹੇ ਪ੍ਰਭੂ !) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤਿ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ ।
ਗੁਰ ਪਰਸਾਦੀ ਹਰਿ ਗੁਣ ਗਾਈਐ ॥
ਹੇ ਹਰੀ ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ ।
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥
ਹੇ ਪ੍ਰਭੂ ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ ।੩।
ਸਚੇ ਅੰਤੁ ਨ ਜਾਣੈ ਕੋਈ ॥
(ਹੇ ਭਾਈ !) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ ।
ਥਾਨਿ ਥਨੰਤਰਿ ਸਚਾ ਸੋਈ ॥
ਉਹ ਸਦਾ‑ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ ।
ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
ਹੇ ਨਾਨਕ ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ।੪।੩੭।੪੪।
ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥
ਹਰਿ-ਨਾਮ ਜਪ ਕੇ ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ ।
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥
(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ ਤਾਂ ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪੀਦਾ ਹੈ
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥
ਜਿਥੇ ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ।੧।
ਸਿਮਰਤ ਨਾਮੁ ਦੋਖ ਸਭਿ ਲਾਥੇ ॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥
ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ ।
ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥
ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ।੨।
ਪ੍ਰਭੁ ਸਮਰਥੁ ਵਡ ਊਚ ਅਪਾਰਾ ॥
ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ,
ਨਉ ਨਿਧਿ ਨਾਮੁ ਭਰੇ ਭੰਡਾਰਾ ॥
ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ ।
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥
(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ । ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ।੩।
ਕਰਿ ਕਿਰਪਾ ਮੇਰੇ ਦੀਨ ਦਇਆਲਾ ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ ! (ਮੇਰੇ ਉਤੇ) ਕਿਰਪਾ ਕਰ ।
ਜਾਚਿਕੁ ਜਾਚੈ ਸਾਧ ਰਵਾਲਾ ॥
(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ।
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ।੪।੩੮।੪੫।
ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।
ਐਥੈ ਤੂੰਹੈ ਆਗੈ ਆਪੇ ॥
ਹੇ ਕਰਤਾਰ ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ ।
ਜੀਅ ਜੰਤ੍ਰ ਸਭਿ ਤੇਰੇ ਥਾਪੇ ॥
ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ ।
ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥
ਹੇ ਕਰਤਾਰ ! ਤੈਥੋਂ ਬਿਨਾ ਮੈਨੰੁੂ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ Eਟ ਹੈ ਤੇਰਾ ਹੀ ਆਸਰਾ ਹੈ ।੨।
ਰਸਨਾ ਜਪਿ ਜਪਿ ਜੀਵੈ ਸੁਆਮੀ ॥
ਹੇ ਸੁਆਮੀ ! ਹੇ ਅੰਤਰਜਾਮੀ ਪ੍ਰਭੂ ! (ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।
ਪਾਰਬ੍ਰਹਮ ਪ੍ਰਭ ਅੰਤਰਜਾਮੀ ॥
ਹੇ ਪਾਰਬ੍ਰਹਮ ! ਹੇ ਅੰਤਰਜਾਮੀ ਪ੍ਰਭੂ !
ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥
ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ।੨।
ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥
(ਹੇ ਪ੍ਰਭੂ !) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ,