Sri Guru Granth Sahib Ji — Ang 1063 (punjabi)
ਸਤਿਗੁਰਿ ਸੇਵਿਐ ਸਹਜ ਅਨੰਦਾ ॥
ਹੇ ਭਾਈ! ਜੇ ਗੁਰੂ ਦੀ ਸਰਨ ਪੈ ਜਾਈਏ ਤਾਂ ਆਤਮਕ ਅਡੋਲਤਾ ਦਾ ਆਨੰਦ ਮਿਲ ਜਾਂਦਾ ਹੈ ।
ਹਿਰਦੈ ਆਇ ਵੁਠਾ ਗੋਵਿੰਦਾ ॥
(ਗੁਰੂ ਦੇ ਸਨਮੁਖ ਹੋਣ ਵਾਲੇ ਮਨੁੱਖ ਦੇ) ਹਿਰਦੇ ਵਿਚ ਗੋਬਿੰਦ-ਪ੍ਰਭੂ ਆ ਵੱਸਦਾ ਹੈ ।
ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥੪॥
ਉਹ ਮਨੁੱਖ ਦਿਨ ਗਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ । ਹੇ ਭਾਈ! ਪਰਮਾਤਮਾ ਆਪ ਹੀ (ਆਪਣੀ) ਭਗਤੀ ਕਰਾਂਦਾ ਹੈ ।੪।
ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥
ਹੇ ਭਾਈ! ਜਿਹੜੇ ਮਨੁੱਖ ਗੁਰੂ (ਦੇ ਚਰਨਾਂ) ਤੋਂ ਵਿਛੁੜੇ ਹੋਏ ਹਨ, ਉਹਨਾਂ ਨੇ (ਆਪਣੇ ਵਾਸਤੇ) ਦੁੱਖ ਹੀ ਦੁੱਖ ਸਹੇੜਿਆ ਹੋਇਆ ਹੈ ।
ਅਨਦਿਨੁ ਮਾਰੀਅਹਿ ਦੁਖੁ ਸਬਾਇਆ ॥
ਉਹ ਹਰ ਵੇਲੇ ਦੁੱਖਾਂ ਦੀਆਂ ਚੋਟਾਂ ਖਾਂਦੇ ਹਨ, ਉਹਨਾਂ ਨੂੰ ਹਰੇਕ ਕਿਸਮ ਦਾ ਦੁੱਖ ਵਾਪਰਿਆ ਰਹਿੰਦਾ ਹੈ ।
ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥੫॥
(ਵਿਕਾਰਾਂ ਦੀ ਕਾਲਖ਼ ਨਾਲ ਉਹਨਾਂ ਦੇ) ਮੂੰਹ ਕਾਲੇ ਹੋਏ ਰਹਿੰਦੇ ਹਨ (ਉਹਨਾਂ ਦੇ ਮਨ ਮਲੀਨ ਰਹਿੰਦੇ ਹਨ) ਉਹਨਾਂ ਨੂੰ ਪ੍ਰਭੂ-ਚਰਨਾਂ ਵਿਚ ਟਿਕਾਣਾ ਨਹੀਂ ਮਿਲਦਾ । ਹੇ ਭਾਈ! (ਗੁਰੂ-ਚਰਨਾਂ ਤੋਂ ਵਿਛੁੜਿਆ ਹੋਇਆ ਮਨੁੱਖ) ਸਦਾ ਦੁੱਖ ਵਿਚ ਹੀ ਗ੍ਰਸਿਆ ਰਹਿੰਦਾ ਹੈ, ਸਦਾ ਦੁੱਖ ਸਹਾਰਦਾ ਹੈ ।੫।
ਸਤਿਗੁਰੁ ਸੇਵਹਿ ਸੇ ਵਡਭਾਗੀ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ ।
ਸਹਜ ਭਾਇ ਸਚੀ ਲਿਵ ਲਾਗੀ ॥
। ਕਿਸੇ ਖ਼ਾਸ ਜਤਨ ਤੋਂ ਬਿਨਾ ਹੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਉਹਨਾਂ ਦੀ ਲਗਨ ਲੱਗੀ ਰਹਿੰਦੀ ਹੈ ।
ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥੬॥
ਉਹ ਮਨੁੱਖ ਸਦਾ ਹੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ । (ਗੁਰੂ ਉਹਨਾਂ ਨੂੰ ਆਪਣੇ ਨਾਲ) ਮਿਲਾ ਕੇ ਸਦਾ-ਥਿਰ ਹਰਿ-ਨਾਮ ਵਿਚ ਮਿਲਾ ਦੇਂਦਾ ਹੈ ।੬।
ਜਿਸ ਨੋ ਸਚਾ ਦੇਇ ਸੁ ਪਾਏ ॥
ਪਰ, ਹੇ ਭਾਈ! ਉਹ ਮਨੁੱਖ (ਹੀ ਸਦਾ-ਥਿਰ ਹਰਿ-ਨਾਮ ਦੀ ਦਾਤਿ) ਪ੍ਰਾਪਤ ਕਰਦਾ ਹੈ ਜਿਸ ਨੂੰ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਦੇਂਦਾ ਹੈ ।
ਅੰਤਰਿ ਸਾਚੁ ਭਰਮੁ ਚੁਕਾਏ ॥
ਉਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਟਿਕਿਆ ਰਹਿੰਦਾ ਹੈ, (ਨਾਮ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦਾ ਹੈ ।
ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥੭॥
ਹੇ ਭਾਈ! ਸਦਾ-ਥਿਰ ਪ੍ਰਭੂ ਆਪਣੇ ਸਦਾ-ਥਿਰ ਨਾਮ ਦੀ ਦਾਤਿ ਦੇਣ ਵਾਲਾ ਆਪ ਹੀ ਹੈ । ਜਿਸ ਨੂੰ ਦੇਂਦਾ ਹੈ, ਉਹ ਮਨੁੱਖ ਸਦਾ-ਥਿਰ ਨਾਮ ਹਾਸਲ ਕਰ ਲੈਂਦਾ ਹੈ ।੭।
ਆਪੇ ਕਰਤਾ ਸਭਨਾ ਕਾ ਸੋਈ ॥
ਹੇ ਭਾਈ! ਉਹ ਕਰਤਾਰ ਆਪ ਹੀ ਸਭ ਜੀਵਾਂ ਦਾ (ਮਾਲਕ) ਹੈ ।
ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥
ਇਹ ਗੱਲ ਕੋਈ ਉਹ ਮਨੁੱਖ ਹੀ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ ।
ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥੮॥
ਹੇ ਭਾਈ! ਕਰਤਾਰ ਆਪ ਹੀ ਬਖ਼ਸ਼ਸ਼ ਕਰਦਾ ਹੈ, ਆਪ ਹੀ ਵਡਿਆਈ ਦੇਂਦਾ ਹੈ, ਆਪ ਹੀ (ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।੮।
ਹਉਮੈ ਕਰਦਿਆ ਜਨਮੁ ਗਵਾਇਆ ॥
ਹੇ ਭਾਈ! ਜਿਹੜਾ ਮਨੁੱਖ ‘ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ’—ਇਹਨਾਂ ਹੀ ਸੋਚਾਂ ਵਿਚ ਆਪਣੀ ਜ਼ਿੰਦਗੀ ਵਿਅਰਥ ਗੁਜ਼ਾਰ ਦੇਂਦਾ ਹੈ,
ਆਗੈ ਮੋਹੁ ਨ ਚੂਕੈ ਮਾਇਆ ॥
ਉਸ ਦੇ ਜੀਵਨ-ਸਫ਼ਰ ਵਿਚ (ਉਸ ਦੇ ਅੰਦਰੋਂ) ਮਾਇਆ ਦਾ ਮੋਹ (ਕਦੇ) ਨਹੀਂ ਮੁੱਕਦਾ ।
ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥੯॥
(ਜਦੋਂ) ਪਰਲੋਕ ਵਿਚ ਧਰਮ ਰਾਜ (ਉਸ ਪਾਸੋਂ ਮਨੁੱਖਾ ਜੀਵਨ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਦਾ ਹੈ (ਤਦੋਂ ਉਹ ਇਉਂ) ਪੀੜਿਆ ਜਾਂਦਾ ਹੈ ਜਿਵੇਂ (ਕੋਲ੍ਹ¨ ਵਿਚ ਪਾਈ) ਘਾਣੀ ਦੇ ਤਿਲ ਪੀੜੇ ਜਾਂਦੇ ਹਨ ।੯।
ਪੂਰੈ ਭਾਗਿ ਗੁਰ ਸੇਵਾ ਹੋਈ ॥
ਹੇ ਭਾਈ! ਗੁਰੂ ਦੀ ਦੱਸੀ (ਨਾਮ-ਸਿਮਰਨ ਦੀ) ਕਾਰ ਵੱਡੀ ਕਿਸਮਤ ਨਾਲ (ਹੀ ਕਿਸੇ ਪਾਸੋਂ) ਹੋ ਸਕਦੀ ਹੈ ।
ਨਦਰਿ ਕਰੇ ਤਾ ਸੇਵੇ ਕੋਈ ॥
ਜਦੋਂ ਪਰਮਾਤਮਾ ਦੀ ਨਿਗਾਹ ਕਰਦਾ ਹੈ ਤਦੋਂ ਹੀ ਕੋਈ ਮਨੁੱਖ ਕਰ ਸਕਦਾ ਹੈ ।
ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥੧੦॥
ਆਤਮਕ ਮੌਤ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੀ । ਉਹ ਮਨੁੱਖ ਸਦਾ-ਥਿਰ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ।੧੦।
ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥
ਹੇ ਪ੍ਰਭੂ! ਜਿਹੜੇ ਮਨੁੱਖ ਤੈਨੂੰ ਚੰਗੇ ਲੱਗੇ ਉਹਨਾਂ ਨੇ ਹੀ ਆਤਮਕ ਆਨੰਦ ਮਾਣਿਆ ।
ਪੂਰੈ ਭਾਗਿ ਗੁਰ ਸੇਵਾ ਲਾਏ ॥
ਉਹਨਾਂ ਦੀ ਵੱਡੀ ਕਿਸਮਤ ਕਿ ਤੂੰ ਉਹਨਾਂ ਨੂੰ ਗੁਰੂ ਦੀ ਦੱਸੀ ਕਾਰੇ ਲਾਈ ਰਖਿਆ ।
ਤੇਰੈ ਹਥਿ ਹੈ ਸਭ ਵਡਿਆਈ ਜਿਸੁ ਦੇਵਹਿ ਸੋ ਪਾਇਦਾ ॥੧੧॥
ਸਾਰੀ (ਲੋਕ ਪਰਲੋਕ ਦੀ) ਇੱਜ਼ਤ ਤੇਰੇ ਹੱਥ ਵਿਚ ਹੈ, ਜਿਸ ਨੂੰ ਤੂੰ (ਇਹ ਇੱਜ਼ਤ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ ।੧੧।
ਅੰਦਰਿ ਪਰਗਾਸੁ ਗੁਰੂ ਤੇ ਪਾਏ ॥
(ਹੇ ਪ੍ਰਭੂ! ਜਿਸ ਉੱਤੇ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਉਹ ਮਨੁੱਖ ਆਪਣੇ) ਹਿਰਦੇ ਵਿਚ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ,
ਨਾਮੁ ਪਦਾਰਥੁ ਮੰਨਿ ਵਸਾਏ ॥
ਉਹ (ਤੇਰਾ) ਸੇ੍ਰਸ਼ਟ ਨਾਮ ਆਪਣੇ ਮਨ ਵਿਚ ਵਸਾਂਦਾ ਹੈ ।
ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥੧੨॥
ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਦਾ ਸ੍ਰੇਸ਼ਟ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ।੧੨।
ਅਗਿਆਨੀ ਅੰਧੇ ਦੂਜੈ ਲਾਗੇ ॥
ਹੇ ਭਾਈ! ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਤੇ ਆਤਮਕ ਜੀਵਨ ਤੋਂ ਬੇ-ਸਮਝ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਵਿਚ ਲੱਗੇ ਰਹਿੰਦੇ ਹਨ,
ਬਿਨੁ ਪਾਣੀ ਡੁਬਿ ਮੂਏ ਅਭਾਗੇ ॥
ਉਹ ਬਦ-ਕਿਸਮਤ ਮਨੁੱਖ ਪਾਣੀ ਤੋਂ ਬਿਨਾ (ਵਿਕਾਰਾਂ ਦੇ ਪਾਣੀ ਵਿਚ) ਡੁੱਬ ਕੇ ਆਤਮਕ ਮੌਤੇ ਮਰ ਜਾਂਦੇ ਹਨ ।
ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥੧੩॥
ਜ਼ਿੰਦਗੀ ਦੇ ਸਫ਼ਰ ਵਿਚ ਪਿਆਂ ਆਪਣਾ ਅਸਲੀ ਘਰ-ਬਾਰ ਨਹੀਂ ਦਿੱਸਦਾ । (ਅਜਿਹਾ ਮਨੁੱਖ) ਜਮਰਾਜ ਦੇ ਦਰ ਤੇ ਬੱਝਾ ਹੋਇਆ ਦੁੱਖ ਪਾਂਦਾ ਹੈ ।੧੩।
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਹੁੰਦੀ,
ਗਿਆਨੀ ਧਿਆਨੀ ਪੂਛਹੁ ਕੋਈ ॥
ਬੇਸ਼ੱਕ ਕੋਈ ਮਨੁੱਖ ਉਹਨਾਂ ਨੂੰ ਪੁੱਛ ਵੇਖੇ ਜੋ ਧਾਰਮਿਕ ਪੁਸਤਕਾਂ ਪੜ੍ਹ ਕੇ ਨਿਰੀ ਕਥਾ-ਵਾਰਤਾ ਚਰਚਾ ਕਰਨ ਵਾਲੇ ਹਨ, ਜਾਂ ਜੋ, ਸਮਾਧੀਆਂ ਲਾਈ ਰੱਖਦੇ ਹਨ ।
ਸਤਿਗੁਰੁ ਸੇਵੇ ਤਿਸੁ ਮਿਲੈ ਵਡਿਆਈ ਦਰਿ ਸਚੈ ਸੋਭਾ ਪਾਇਦਾ ॥੧੪॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ।੧੪।
ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਦੱਸੀ ਕਾਰ ਕਰਦਾ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ।
ਮਮਤਾ ਕਾਟਿ ਸਚਿ ਲਿਵ ਲਾਏ ॥
ਉਹ ਮਨੁੱਖ (ਆਪਣੇ ਅੰਦਰੋਂ) ਮਾਇਕ ਪਦਾਰਥਾਂ ਦੇ ਕਬਜ਼ੇ ਦੀ ਲਾਲਸਾ ਛੱਡ ਕੇ ਸਦਾ-ਥਿਰ ਹਰਿ-ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ ।
ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥੧੫॥
ਹੇ ਭਾਈ! ਜਿਹੜੇ ਵਣਜਾਰੇ-ਜੀਵ ਸਦਾ-ਥਿਰ ਹਰਿ-ਨਾਮ ਦਾ ਵਣਜ ਸਦਾ ਕਰਦੇ ਹਨ, ਉਹਨਾਂ ਨੂੰ ਹਰੀ-ਨਾਮ ਦਾ ਲਾਭ ਮਿਲਦਾ ਹੈ ।੧੫।
ਆਪੇ ਕਰੇ ਕਰਾਏ ਕਰਤਾ ॥
ਪਰ, ਹੇ ਭਾਈ! ਕਰਤਾਰ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।
ਸਬਦਿ ਮਰੈ ਸੋਈ ਜਨੁ ਮੁਕਤਾ ॥
(ਉਸ ਦੀ ਮਿਹਰ ਨਾਲ) ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਆਪਾ-ਭਾਵ ਤਿਆਗਦਾ ਹੈ, ਉਹੀ (ਵਿਕਾਰਾਂ ਤੋਂ) ਸੁਤੰਤਰ ਹੋ ਜਾਂਦਾ ਹੈ ।
ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥੧੬॥੫॥੧੯॥
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਟਿਕਿਆ ਰਹਿੰਦਾ ਹੈ, ਉਹ ਹਰ ਵੇਲੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਰਹਿੰਦਾ ਹੈ ।੧੬।੫।੧੯।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਜੋ ਤੁਧੁ ਕਰਣਾ ਸੋ ਕਰਿ ਪਾਇਆ ॥
ਹੇ ਪ੍ਰਭੂ! ਜਿਹੜਾ ਕੰਮ ਤੂੰ ਕਰਨਾ (ਚਾਹੁੰਦਾ) ਹੈਂ, ਉਹ ਕੰਮ ਤੂੰ ਜ਼ਰੂਰ ਕਰ ਦੇਂਦਾ ਹੈਂ,
ਭਾਣੇ ਵਿਚਿ ਕੋ ਵਿਰਲਾ ਆਇਆ ॥
(ਇਹ ਪਤਾ ਹੁੰਦਿਆਂ ਭੀ) ਕੋਈ ਵਿਰਲਾ ਮਨੁੱਖ ਤੇਰੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਦਾ ਹੈ ।
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥੧॥
ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਸਿਰ-ਮੱਥੇ ਤੇ ਮੰਨਦਾ ਹੈ, ਉਹ ਆਤਮਕ ਸੁਖ ਹਾਸਲ ਕਰਦਾ ਹੈ, ਤੇਰੀ ਰਜ਼ਾ ਵਿਚ ਵਿਚ ਰਹਿ ਕੇ ਆਤਮਕ ਆਨੰਦ ਮਾਣਦਾ ਹੈ ।੧।
ਗੁਰਮੁਖਿ ਤੇਰਾ ਭਾਣਾ ਭਾਵੈ ॥
ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਤੇਰੀ ਰਜ਼ਾ ਚੰਗੀ ਲੱਗਦੀ ਹੈ ।
ਸਹਜੇ ਹੀ ਸੁਖੁ ਸਚੁ ਕਮਾਵੈ ॥
ਉਹ ਆਤਮਕ ਅਡੋਲਤਾ ਵਿਚ ਰਹਿ ਕੇ ਸੁਖ ਪਾਂਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ।
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥੨॥
ਹੇ ਭਾਈ! ਪ੍ਰਭੂ ਦੇ ਕੀਤੇ ਨੂੰ ਮਿੱਠਾ ਮੰਨਣ ਦੀ ਤਾਂਘ ਬਥੇਰੀ ਲੁਕਾਈ ਕਰਦੀ ਹੈ, ਪਰ ਆਪਣੀ ਰਜ਼ਾ ਉਹ ਆਪ ਹੀ (ਕਿਸੇ ਵਿਰਲੇ ਤੋਂ) ਮਨਾਂਦਾ ਹੈ ।੨।
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥
ਹੇ ਪ੍ਰਭੂ! ਜਿਹੜਾ ਮਨੁੱਖ ਤੇਰੀ ਰਜ਼ਾ ਨੂੰ ਮੰਨਦਾ ਹੈ, ਉਹ ਤੈਨੂੰ ਆ ਮਿਲਦਾ ਹੈ ।