Sri Guru Granth Sahib Ji — Ang 1062 (punjabi)
ਕਰਤਾ ਕਰੇ ਸੁ ਨਿਹਚਉ ਹੋਵੈ ॥
(ਉਸ ਮਨੁੱਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਕਰਦਾ ਹੈ ਉਹ ਜ਼ਰੂਰ ਹੁੰਦਾ ਹੈ,
ਗੁਰ ਕੈ ਸਬਦੇ ਹਉਮੈ ਖੋਵੈ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ,
ਗੁਰ ਪਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮੁ ਧਿਆਇਦਾ ॥੫॥
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਜਿਸ) ਕਿਸੇ (ਵਿਰਲੇ ਮਨੁੱਖ) ਨੂੰ ਪਰਮਾਤਮਾ ਵਡਿਆਈ ਦੇਂਦਾ ਹੈ, ਉਹ ਮਨੁੱਖ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ।੫।
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥
ਹੇ ਭਾਈ! ਗੁਰੂ ਦੀ ਸਰਨ ਪੈਣ ਦੇ ਬਰਾਬਰ (ਜਗਤ ਵਿਚ) ਹੋਰ ਕੋਈ ਲਾਭ ਨਹੀਂ ਹੈ ।
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥
(ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹਨਾਂ ਦੇ) ਮਨ ਵਿਚ (ਪਰਮਾਤਮਾ ਦਾ) ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਹਰਿ-ਨਾਮ ਦੀ ਸਿਫ਼ਤਿ ਕਰਦੇ ਹਨ ।
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥੬॥
ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਦਾ ਸੁਖ ਦੇਣ ਵਾਲਾ ਹੈ । ਹਰਿ-ਨਾਮ ਹੀ (ਅਸਲ) ਲਾਭ ਮਨੁੱਖ ਖੱਟਦਾ ਹੈ ।੬।
ਬਿਨੁ ਨਾਵੈ ਸਭ ਦੁਖੁ ਸੰਸਾਰਾ ॥
ਹੇ ਭਾਈ! ਹਰਿ-ਨਾਮ ਤੋਂ ਖੁੰਝਿਆਂ ਜਗਤ ਵਿਚ ਹਰ ਪਾਸੇ ਦੁੱਖ ਹੀ ਦੁੱਖ ਹੈ ।
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥
(ਜਿਹੜੇ ਮਨੁੱਖ ਨਾਮ ਨੂੰ ਭੁਲਾ ਕੇ ਧਾਰਮਿਕ ਮਿਥੇ ਹੋਏ ਹੋਰ) ਅਨੇਕਾਂ ਕਰਮ ਕਰਦੇ ਹਨ (ਉਹਨਾਂ ਦੇ ਅੰਦਰ ਸਗੋਂ) ਵਿਕਾਰ ਵਧਦੇ ਹਨ ।
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥੭॥
ਹੇ ਭਾਈ! ਜੇ ਮਨੁੱਖ ਨਾਮ ਨਹੀਂ ਸਿਮਰਦੇ ਤਾਂ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ? ਨਾਮ ਤੋਂ ਖੁੰਝ ਕੇ ਮਨੁੱਖ ਦੁੱਖ ਹੀ ਸਹੇੜਦਾ ਹੈ ।੭।
ਆਪਿ ਕਰੇ ਤੈ ਆਪਿ ਕਰਾਏ ॥
ਹੇ ਭਾਈ! ਪਰਮਾਤਮਾ ਆਪ ਹੀ ਸਭ ਕੁਝ ਕਰ ਰਿਹਾ ਹੈ ਅਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ ।
ਗੁਰ ਪਰਸਾਦੀ ਕਿਸੈ ਬੁਝਾਏ ॥
ਗੁਰੂ ਦੀ ਕਿਰਪਾ ਨਾਲ ਕਿਸੇ (ਵਿਰਲੇ) ਨੂੰ ਪਰਮਾਤਮਾ ਇਹ ਸਮਝ ਦੇਂਦਾ ਹੈ ਕਿ
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥੮॥
ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹ (ਆਪਣੇ ਅੰਦਰੋਂ ਮਾਇਆ ਦੇ ਮੋਹ ਦੇ) ਬੰਧਨ ਤੋੜ ਲੈਂਦੇ ਹਨ । ਗੁਰੂ ਉਹਨਾਂ ਨੂੰ ਉਸ ਆਤਮਕ ਟਿਕਾਣੇ ਵਿਚ ਰੱਖਦਾ ਹੈ ਜਿੱਥੇ ਉਹਨਾਂ ਨੂੰ ਵਿਕਾਰਾਂ ਵੱਲੋਂ ਖ਼ਲਾਸੀ ਮਿਲੀ ਰਹਿੰਦੀ ਹੈ ।੮।
ਗਣਤ ਗਣੈ ਸੋ ਜਲੈ ਸੰਸਾਰਾ ॥
ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਦਾ ਰਹਿੰਦਾ ਹੈ, ਉਹ ਜਗਤ ਵਿਚ ਸਦਾ (ਤਿ®ਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ,
ਸਹਸਾ ਮੂਲਿ ਨ ਚੁਕੈ ਵਿਕਾਰਾ ॥
ਉਸ ਦਾ ਇਹ ਵਿਅਰਥ ਸਹਮ ਕਦੇ ਭੀ ਨਹੀਂ ਮੁੱਕਦਾ ।
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥੯॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਮੁਕਾਈ ਰੱਖਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ।੯।
ਜੇ ਸਚੁ ਦੇਇ ਤ ਪਾਏ ਕੋਈ ॥
ਪਰ, ਹੇ ਭਾਈ! ਜੇ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਆਪ ਹੀ ਇਹ ਬੇ-ਫ਼ਿਕਰੀ) ਬਖ਼ਸ਼ੇ, ਤਦੋਂ ਹੀ ਕੋਈ ਮਨੁੱਖ ਇਸ ਨੂੰ ਪ੍ਰਾਪਤ ਕਰਦਾ ਹੈ ।
ਗੁਰ ਪਰਸਾਦੀ ਪਰਗਟੁ ਹੋਈ ॥
ਗੁਰੂ ਦੀ ਕਿਰਪਾ ਨਾਲ (ਪ੍ਰਭੂ ਉਸ ਦੇ ਅੰਦਰ) ਪਰਗਟ ਹੋ ਜਾਂਦਾ ਹੈ ।
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥੧੦॥
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਪੇ੍ਰਮ-ਰੰਗ ਵਿਚ ਮਸਤ ਰਹਿ ਕੇ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ, ਤੇ, ਆਤਮਕ ਆਨੰਦ ਮਾਣਦਾ ਰਹਿੰਦਾ ਹੈ ।੧੦।
ਜਪੁ ਤਪੁ ਸੰਜਮੁ ਨਾਮੁ ਪਿਆਰਾ ॥
ਹੇ ਭਾਈ! ਪਰਮਾਤਮਾ ਦਾ ਮਿੱਠਾ ਨਾਮ (ਜਪਣਾ ਹੀ) ਜਪ ਹੈ ਤਪ ਹੈ ਸੰਜਮ ਹੈ ।
ਕਿਲਵਿਖ ਕਾਟੇ ਕਾਟਣਹਾਰਾ ॥
।(ਜਿਹੜਾ ਮਨੁੱਖ ਨਾਮ ਜਪਦਾ ਹੈ ਉਸ ਦੇ ਸਾਰੇ) ਪਾਪ (ਪਾਪ) ਕੱਟਣ ਦੀ ਸਮਰੱਥਾ ਰੱਖਣ ਵਾਲਾ ਪਰਮਾਤਮਾ ਕੱਟ ਦੇਂਦਾ ਹੈ ।
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥੧੧॥
ਪਰਮਾਤਮਾ ਦੇ ਨਾਮ ਵਿਚ ਜੁੜਨ ਦੀ ਬਰਕਤਿ ਨਾਲ ਉਸ ਦਾ ਤਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਸਦਾ ਹੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੧੧।
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥
ਹੇ ਭਾਈ! ਜਿਸ ਮਨੁੱਖ ਦੇ ਅੰਦਰ (ਮਾਇਆ ਦਾ) ਲਾਲਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ), ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ (ਆਪਣੇ ਮਨ ਨੂੰ) ਲਾਂਦਾ ਰਹਿੰਦਾ ਹੈ ।
ਮੈਲੇ ਕਰਮ ਕਰੇ ਦੁਖੁ ਪਾਏ ॥
(ਜਿਉਂ ਜਿਉਂ ਲਾਲਚ ਦੇ ਅਧੀਨ ਉਹ) ਮੈਲੇ ਕਰਮ ਕਰਦਾ ਹੈ, ਉਹ (ਆਤਮਕ) ਦੁੱਖ ਪਾਂਦਾ ਹੈ ।
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥
ਉਹ ਸਦਾ ਨਾਸਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਹੀ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁੱਖ ਸਹਿੰਦਾ ਹੈ ।੧੨।
ਨਿਰਮਲ ਬਾਣੀ ਕੋ ਮੰਨਿ ਵਸਾਏ ॥
ਹੇ ਭਾਈ! ਜਿਹੜਾ ਕੋਈ ਮਨੁੱਖ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਗੁਰ-) ਬਾਣੀ (ਆਪਣੇ) ਮਨ ਵਿਚ ਵਸਾਂਦਾ ਹੈ,
ਗੁਰ ਪਰਸਾਦੀ ਸਹਸਾ ਜਾਏ ॥
ਗੁਰੂ ਦੀ ਕਿਰਪਾ ਨਾਲ (ਉਸ ਦਾ) ਸਹਮ ਦੂਰ ਹੋ ਜਾਂਦਾ ਹੈ ।
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥੧੩॥
ਉਹ ਮਨੁੱਖ ਦਿਨ ਰਾਤ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਹਰਿ-ਨਾਮ ਨੂੰ ਸਿਮਰ ਕੇ ਉਹ ਆਤਮਕ ਆਨੰਦ ਮਾਣਦਾ ਹੈ ।੧੩।
ਆਪਿ ਸਿਰੰਦਾ ਸਚਾ ਸੋਈ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ,
ਆਪਿ ਉਪਾਇ ਖਪਾਏ ਸੋਈ ॥
ਆਪ ਪੈਦਾ ਕਰ ਕੇ ਉਹ ਆਪ ਹੀ ਨਾਸ ਕਰਦਾ ਹੈ ।
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥੧੪॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ।੧੪।
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥
ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਅਨੇਕਾਂ ਜਤਨ ਭੀ ਮਨੁੱਖ ਕਰੇ ਤਾਂ ਭੀ ਕਾਮ-ਵਾਸਨਾ ਕਾਬੂ ਵਿਚ ਨਹੀਂ ਆ ਸਕਦੀ ।
ਕਾਮਿ ਕਰੋਧਿ ਜਲੈ ਸਭੁ ਕੋਈ ॥
।(ਧਿਆਨ ਮਾਰ ਕੇ ਵੇਖੋ) ਹਰੇਕ ਜੀਵ ਕਾਮ ਵਿਚ ਕੋ®ਧ ਵਿਚ ਸੜ ਰਿਹਾ ਹੈ ।
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥੧੫॥
ਗੁਰੂ ਦੀ ਸਰਨ ਪਿਆਂ ਹੀ ਮਨ ਕਾਬੂ ਵਿਚ ਆਉਂਦਾ ਹੈ । ਜੇ ਮਨ (ਵਿਕਾਰਾਂ ਵਲੋਂ) ਰੋਕ ਲਿਆ ਜਾਏ ਤਾਂ ਮਨੁੱਖ ਅੰਤਰ ਆਤਮੇ ਟਿਕਿਆ ਰਹਿੰਦਾ ਹੈ (ਵਿਕਾਰਾਂ ਵਲ ਨਹੀਂ ਭਟਕਦਾ) ।੧੫।
ਮੇਰਾ ਤੇਰਾ ਤੁਧੁ ਆਪੇ ਕੀਆ ॥
ਹੇ ਪ੍ਰਭੂ! (ਜੀਵਾਂ ਦੇ ਮਨ ਵਿਚ) ਮੇਰ-ਤੇਰ ਤੂੰ ਆਪ ਹੀ ਪੈਦਾ ਕੀਤੀ ਹੈ ।
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥
ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ ।
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥੧੬॥੪॥੧੮॥
ਹੇ ਨਾਨਕ! ਪਰਮਾਤਮਾ ਦਾ ਨਾਮ ਸਦਾ ਯਾਦ ਕਰਦਾ ਰਹੁ । ਹੇ ਭਾਈ! ਗੁਰੂ ਦੀ ਮਤਿ ਉਤੇ ਤੁਰਿਆਂ (ਪ੍ਰਭੂ ਆਪਣਾ ਨਾਮ ਮਨੁੱਖ ਦੇ) ਮਨ ਵਿਚ ਵਸਾਂਦਾ ਹੈ ।੧੬।੪।੧੮।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਹਰਿ ਜੀਉ ਦਾਤਾ ਅਗਮ ਅਥਾਹਾ ॥
ਹੇ ਭਾਈ! ਪਰਮਾਤਮਾ ਸਭ ਪਦਾਰਥ ਦੇਣ ਵਾਲਾ ਹੈ, ਅਪਹੁੰਚ ਹੈ, ਬਹੁਤ ਹੀ ਡੂੰਘਾ (ਮਾਨੋ ਬੇਅੰਤ ਖ਼ਜ਼ਾਨਿਆਂ ਵਾਲਾ ਸਮੁੰਦਰ) ਹੈ ।
ਓਸੁ ਤਿਲੁ ਨ ਤਮਾਇ ਵੇਪਰਵਾਹਾ ॥
(ਉਹ ਸਭ ਨੂੰ ਦਾਤਾਂ ਦੇਈ ਜਾਂਦਾ ਹੈ, ਪਰ) ਉਸ ਵੇਪਰਵਾਹ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ ।
ਤਿਸ ਨੋ ਅਪੜਿ ਨ ਸਕੈ ਕੋਈ ਆਪੇ ਮੇਲਿ ਮਿਲਾਇਦਾ ॥੧॥
ਕੋਈ ਜੀਵ (ਆਪਣੇ ਉੱਦਮ ਨਾਲ) ਉਸ ਪਰਮਾਤਮਾ ਤਕ ਪਹੁੰਚ ਨਹੀਂ ਸਕਦਾ । ਉਹ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ ਆਪਣੇ ਨਾਲ ਮਿਲਾਂਦਾ ਹੈ ।੧।
ਜੋ ਕਿਛੁ ਕਰੈ ਸੁ ਨਿਹਚਉ ਹੋਈ ॥
ਹੇ ਭਾਈ! (ਉਹ ਪਰਮਾਤਮਾ) ਜੋ ਕੁਝ ਕਰਦਾ ਹੈ, ਉਹ ਜ਼ਰੂਰ ਹੁੰਦਾ ਹੈ ।
ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥
ਉਸ ਤੋਂ ਬਿਨਾ ਕੋਈ ਹੋਰ ਕੁਝ ਦੇਣ-ਜੋਗਾ ਨਹੀਂ ਹੈ ।
ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥੨॥
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨਾਮਿ ਦੀ ਦਾਤਿ ਦੇਂਦਾ ਹੈ, ਉਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ । (ਉਸ ਨੂੰ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ ।੨।
ਚਉਦਹ ਭਵਣ ਤੇਰੇ ਹਟਨਾਲੇ ॥
ਹੇ ਪ੍ਰਭੂ! ਇਹ ਚੌਦਾਂ ਲੋਕ ਤੇਰੇ ਬਾਜ਼ਾਰ ਹਨ (ਜਿੱਥੇ ਤੇਰੇ ਪੈਦਾ ਕੀਤੇ ਬੇਅੰਤ ਜੀਵ ਤੇਰੀ ਦੱਸੀ ਕਾਰ ਕਰ ਰਹੇ ਹਨ । ਇਹ ਸਾਰਾ ਜਗਤ ਤੇਰਾ ਹੀ ਸਰੂਪ ਹੈ) ।
ਸਤਿਗੁਰਿ ਦਿਖਾਏ ਅੰਤਰਿ ਨਾਲੇ ॥
ਜਿਸ ਮਨੁੱਖ ਨੂੰ ਗੁਰੂ ਨੇ ਤੇਰਾ ਇਹ ਸਰਬ-ਵਿਆਪਕ ਸਰੂਪ ਉਸ ਦੇ ਅੰਦਰ ਵੱਸਦਾ ਹੀ ਵਿਖਾ ਦਿੱਤਾ ਹੈ,
ਨਾਵੈ ਕਾ ਵਾਪਾਰੀ ਹੋਵੈ ਗੁਰ ਸਬਦੀ ਕੋ ਪਾਇਦਾ ॥੩॥
ਉਹ ਮਨੁੱਖ ਤੇਰੇ ਨਾਮ ਦਾ ਵਣਜਾਰਾ ਬਣ ਜਾਂਦਾ ਹੈ । (ਇਹ ਦਾਤਿ) ਜਿਹੜਾ ਕੋਈ ਪ੍ਰਾਪਤ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪ੍ਰਾਪਤ ਕਰਦਾ ਹੈ) ।੩।