Sri Guru Granth Sahib Ji — Ang 1059 (punjabi)
ਗੁਰਮੁਖਿ ਹੋਵੈ ਸੁ ਸੋਝੀ ਪਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦਾ ਹੈ, ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ ।
ਹਉਮੈ ਮਾਇਆ ਭਰਮੁ ਗਵਾਏ ॥
ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ ।
ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥
ਇਹੀ ਹੈ ਗੁਰੂ ਦੀ (ਦੱਸੀ ਹੋਈ) ਉੱਚੀ ਤੇ ਉੱਤਮ ਪੌੜੀ (ਜਿਸ ਦੀ ਰਾਹੀਂ ਮਨੁੱਖ ਉੱਚੇ ਆਤਮਕ ਮੰਡਲਾਂ ਵਿਚ ਚੜ੍ਹ ਕੇ ਪ੍ਰਭੂ ਨੂੰ ਜਾ ਮਿਲਦਾ ਹੈ) ।੭।
ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਸਿਮਰਦਾ ਹੈ—ਇਹੀ ਹੈ ਉਸ ਦਾ ਕਰਨ-ਜੋਗ ਕੰਮ, ਇਹੀ ਹੈ ਉਸ ਦੇ ਵਾਸਤੇ (ਵਿਕਾਰਾਂ ਤੋਂ ਬਚਣ ਲਈ) ਵਧੀਆ ਜੀਵਨ-ਜੁਗਤਿ ।
ਗੁਰਮੁਖਿ ਪਾਏ ਮੋਖ ਦੁਆਰੁ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਵਿਕਾਰਾਂ ਤੋਂ) ਖ਼ਲਾਸੀ ਪਾਣ ਵਾਲਾ (ਇਹ) ਦਰਵਾਜ਼ਾ ਲੱਭ ਲੈਂਦਾ ਹੈ ।
ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥
ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਪ੍ਰਭੂ ਦੇ ਨਾਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਕੇ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ।੮।
ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਆਪਣੇ) ਮਨ ਨੂੰ ਖੋਜ ਕੇ (ਇਹ ਨਿਸ਼ਚਾ ਬਣਾਂਦਾ ਹੈ,
ਸਚੈ ਨਾਮਿ ਸਦਾ ਲਿਵ ਲਾਏ ॥
ਉਹ ਸਦਾ-ਥਿਰ ਹਰਿ-ਨਾਮ ਵਿਚ ਸਦਾ ਆਪਣੀ ਸੁਰਤਿ ਜੋੜੀ ਰੱਖਦਾ ਹੈ ।
ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥
ਹੋਰਨਾਂ ਨੂੰ ਭੀ ਇਹ ਸੁਣਾਂਦਾ ਹੈ ਕਿ ਜੋ ਕੁਝ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ, (ਜਗਤ ਵਿਚ ਉਹੀ ਕੁਝ ਉਹ ਹੈ) ਜੋ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਭਾ ਜਾਂਦਾ ਹੈ ।੯।
ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥
ਹੇ ਭਾਈ! (ਗੁਰਮੁਖਿ ਮਨੁੱਖ ਹੋਰਨਾਂ ਨੂੰ ਭੀ ਇਹੀ ਸੁਣਾਂਦਾ ਹੈ ਕਿ) ਜਦੋਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥
ਤਦੋਂ ਉਸ ਦੇ ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ।
ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥
ਜਿਸ ਮਨੁੱਖ ਨੂੰ ਪਰਮਾਤਮਾ ਆਪਣੀ ਰਜ਼ਾ ਵਿਚ ਰੱਖਦਾ ਹੈ, ਉਹ ਮਨੁੱਖ ਸਦਾ ਉਸ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ । (ਹੇ ਭਾਈ! ਗੁਰਮੁਖ ਇਹ ਯਕੀਨ ਬਣਾਂਦਾ ਹੈ ਕਿ) ਪ੍ਰਭੂ ਆਪਣੀ ਰਜ਼ਾ ਅਨੁਸਾਰ ਹੀ (ਆਪਣਾ ਨਾਮ) ਮਨੁੱਖ ਦੇ ਮਨ ਵਿਚ ਵਸਾਂਦਾ ਹੈ ।੧੦।
ਮਨਹਠਿ ਕਰਮ ਕਰੇ ਸੋ ਛੀਜੈ ॥
ਹੇ ਭਾਈ! ਜਿਹੜਾ ਮਨੁੱਖ ਮਨ ਦੇ ਹਠ ਨਾਲ (ਹੀ ਮਿਥੇ ਹੋਏ ਧਾਰਮਿਕ) ਕਰਮ ਕਰਦਾ ਹੈ ਉਹ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦਾ ਜਾਂਦਾ ਹੈ
ਬਹੁਤੇ ਭੇਖ ਕਰੇ ਨਹੀ ਭੀਜੈ ॥
(ਅਜਿਹਾ ਮਨੁੱਖ) ਧਾਰਮਿਕ ਪਹਿਰਾਵੇ ਤਾਂ ਬਥੇਰੇ ਕਰਦਾ ਹੈ, ਪਰ (ਇਸ ਤਰ੍ਹਾਂ ਉਸ ਦਾ ਮਨ ਪ੍ਰਭੂ ਦੇ ਪਿਆਰ ਵਿਚ) ਭਿੱਜਦਾ ਨਹੀਂ ਹੈ ।
ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥
ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਮਨੁੱਖ (ਜਿਹੜੇ ਭੀ ਕਰਮ ਕਰਨ, ਉਹ ਉਹਨਾਂ ਵਿਚੋਂ) ਦੁੱਖ (ਹੀ) ਖੱਟਦੇ ਹਨ । (ਹੇ ਭਾਈ! ਮਾਇਆ ਦੇ ਮੋਹ ਦੇ ਕਾਰਨ ਮਨੁੱਖ) ਹਰ ਵੇਲੇ ਦੁੱਖ ਵਿਚ ਹੀ ਫਸਿਆ ਰਹਿੰਦਾ ਹੈ ।੧੧।
ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਆਪਣੇ ਉੱਦਮਾਂ ਦੀ ਰਾਹੀਂ) ਆਤਮਕ ਆਨੰਦ ਖੱਟਦਾ ਹੈ,
ਮਰਣ ਜੀਵਣ ਕੀ ਸੋਝੀ ਪਾਏ ॥
ਉਹ ਮਨੁੱਖ ਇਹ ਸਮਝ ਲੈਂਦਾ ਹੈ ਕਿ ਆਤਮਕ ਮੌਤ ਕੀਹ ਹੈ ਤੇ ਆਤਮਕ ਜੀਵਨ ਕੀਹ ਹੈ ।
ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥
ਹੇ ਭਾਈ! ਜਿਹੜਾ ਮਨੁੱਖ ਮੌਤ ਅਤੇ ਜੀਵਨ ਨੂੰ (ਪਰਮਾਤਮਾ ਦੀ ਰਜ਼ਾ ਵਿਚ ਵਰਤਦਾ ਵੇਖ ਕੇ) ਇਕੋ ਜਿਹਾ ਸਮਝਦਾ ਹੈ (ਨਾਹ ਜੀਵਨ ਦੀ ਲਾਲਸਾ, ਨਾਹ ਮੌਤ ਤੋਂ ਡਰ), ਉਹ ਮਨੁੱਖ ਮੇਰੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ।੧੨।
ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥
ਹੇ ਭਾਈ! ਗੁਰੂ ਦੇ ਸਨਮੁਖ ਹੋ ਕੇ ਜਿਹੜੇ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦੇ ਹਨ, ਉਹ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ (ਉਹ ਜੰਮਣ ਮਰਨ ਨੂੰ ਪਰਮਾਤਮਾ ਦਾ ਹੁਕਮ ਸਮਝਦੇ ਹਨ) ।
ਆਵਣ ਜਾਣਾ ਸਬਦੁ ਪਛਾਣੁ ॥
ਹੇ ਭਾਈ! ਤੂੰ ਭੀ ਜੰਮਣ ਮਰਨ ਨੂੰ ਪ੍ਰਭੂ ਦਾ ਹੁਕਮ ਹੀ ਸਮਝ ।
ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥
(ਜਿਹੜਾ ਮਨੁੱਖ ਇਉਂ ਯਕੀਨ ਬਣਾਂਦਾ ਹੈ) ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਹ) ਦੁੱਖ ਨਹੀਂ ਪਾਂਦਾ, ਉਹ (ਬਾਹਰ ਭਟਕਣ ਦੇ ਥਾਂ) ਸਦਾ ਹੀ ਅੰਤਰ ਆਤਮੇ ਟਿਕਿਆ ਰਹਿੰਦਾ ਹੈ ।੧੩।
ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥
ਹੇ ਭਾਈ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ ਗੁਰੂ ਮਿਲ ਪਿਆ ।
ਹਉਮੈ ਵਿਚਹੁ ਮੋਹੁ ਚੁਕਾਇਆ ॥
ਉਹ ਆਪਣੇ ਅੰਦਰੋਂ ਹਉਮੈ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ ।
ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥
ਹੇ ਭਾਈ! ਜਿਸ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਜਿਸ ਦੇ ਮਨ ਨੂੰ ਮੁੜ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ।੧੪।
ਆਪੇ ਕਰੇ ਕਰਾਏ ਆਪੇ ॥
ਹੇ ਭਾਈ! ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ ।
ਆਪੇ ਵੇਖੈ ਥਾਪਿ ਉਥਾਪੇ ॥
ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਆਪ ਹੀ ਪੈਦਾ ਕਰ ਕੇ ਨਾਸ ਕਰਦਾ ਹੈ ।
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥
ਹੇ ਭਾਈ! ਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ, (ਜੀਵ ਪਾਸੋਂ) ਹਰਿ-ਨਾਮ ਦਾ ਸਿਮਰਨ ਸੁਣ ਕੇ ਪਰਮਾਤਮਾ (ਉਸ ਦੀ ਇਹ ਮਿਹਨਤ ਪਰਵਾਨ ਕਰਦਾ ਹੈ ।੧੫।
ਗੁਰਮੁਖਿ ਸਚੋ ਸਚੁ ਕਮਾਵੈ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ।
ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥
ਉਸ ਦਾ ਮਨ ਪਵਿਤਰ ਹੋ ਜਾਂਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ।
ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥
ਹੇ ਨਾਨਕ! ਜਿਹੜੇ ਮਨੁੱਖ ਹਰਿ-ਨਾਮ ਵਿਚ ਮਸਤ ਰਹਿੰਦੇ ਹਨ, ਉਹ ਆਤਮਕ ਜੀਵਨ ਦੀ ਸੂਝ ਵਾਲੇ ਹੋ ਜਾਂਦੇ ਹਨ । (ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ) ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ।੧੬।੧।੧੫।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥
ਹੇ ਭਾਈ! ਪਰਮਾਤਮਾ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਆਪਣੇ ਹੁਕਮ ਨਾਲ ਪੈਦਾ ਕੀਤੀ ਹੋਈ ਹੈ ।
ਆਪੇ ਥਾਪਿ ਉਥਾਪਿ ਨਿਵਾਜੀ ॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ ।
ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਆਪ ਹੀ) ਨਾਸ ਕਰਦਾ ਹੈ (ਆਪ ਹੀ ਜੀਵਾਂ ਉਤੇ) ਮਿਹਰ ਕਰਦਾ ਹੈ ।
ਕਾਇਆ ਕੋਟੁ ਹੈ ਆਕਾਰਾ ॥
ਹੇ ਭਾਈ! (ਇਹ ਮਨੁੱਖਾ) ਸਰੀਰ (ਮਾਨੋ ਇਕ) ਕਿਲ੍ਹਾ ਹੈ, ਇਹ ਪਰਮਾਤਮਾ ਦਾ ਦਿੱਸਦਾ-ਸਰੂਪ ਹੈ,
ਮਾਇਆ ਮੋਹੁ ਪਸਰਿਆ ਪਾਸਾਰਾ ॥
(ਪਰ ਜੇ ਇਸ ਵਿਚ) ਮਾਇਆ ਦਾ ਮੋਹ (ਹੀ ਪ੍ਰਬਲ ਹੈ, ਜੇ ਇਸ ਵਿਚ ਮਾਇਆ ਦੇ ਮੋਹ ਦਾ ਹੀ) ਖਿਲਾਰਾ ਖਿਲਰਿਆ ਹੋਇਆ ਹੈ,
ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥
ਤਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਤੋਂ ਬਿਨਾ (ਇਹ ਸਰੀਰ) ਸੁਆਹ ਦੀ ਢੇਰੀ ਹੀ ਹੈ, (ਮਨੁੱਖ ਹਰਿ-ਨਾਮ ਤੋਂ ਵਾਂਜਿਆ ਰਹਿ ਕੇ ਇਸ ਸਰੀਰ ਨੂੰ) ਮਿੱਟੀ-ਖੇਹ ਵਿਚ ਹੀ ਰੋਲ ਦੇਂਦਾ ਹੈ ।੨।
ਕਾਇਆ ਕੰਚਨ ਕੋਟੁ ਅਪਾਰਾ ॥
ਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ ।
ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥
ਹੇ ਭਾਈ! ਜਿਸ ਸਰੀਰ ਵਿਚ ਬੇਅੰਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਮੌਜੂਦ ਹੈ,
ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥
ਉਹ (ਮਨੁੱਖਾ) ਸਰੀਰ ਬੇਅੰਤ ਪਰਮਾਤਮਾ ਦੇ ਰਹਿਣ ਵਾਸਤੇ (ਮਾਨੋ) ਸੋਨੇ ਦਾ ਕਿਲ੍ਹਾ ਹੈ ।
ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥
ਹੇ ਭਾਈ! ਇਹ ਮਨੁੱਖਾ ਸਰੀਰ ਪਰਮਾਤਮਾ ਦਾ (ਪਵਿੱਤਰ) ਘਰ ਹੈ, ਪਰਮਾਤਮਾ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ,
ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥
ਇਸ ਵਿਚ ਵਿਚਾਰ-ਦੈਂਤਾਂ ਦੇ ਮਾਰਨ ਵਾਲਾ ਪ੍ਰਭੂ ਆਪ ਵੱਸਦਾ ਹੈ ।
ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥
ਹੇ ਭਾਈ! ਜਿਹੜੇ ਜੀਵ-ਵਣਜਾਰੇ (ਇਸ ਸਰੀਰ ਵਿਚ) ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਵਣਜ ਕਰਦੇ ਹਨ, ਪ੍ਰਭੂ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ (ਆਪਣੇ ਨਾਲ) ਮਿਲਾ ਲੈਂਦਾ ਹੈ ।੪।
ਸੋ ਸੂਚਾ ਜਿ ਕਰੋਧੁ ਨਿਵਾਰੇ ॥
ਹੇ ਭਾਈ! ਜਿਹੜਾ ਮਨੁੱਖ (ਆਪਣੇ ਅੰਦਰੋਂ) ਕੋ®ਧ ਦੂਰ ਕਰ ਲੈਂਦਾ ਹੈ, ਉਹ ਪਵਿੱਤਰ ਹਿਰਦੇ ਵਾਲਾ ਬਣ ਜਾਂਦਾ ਹੈ ।
ਸਬਦੇ ਬੂਝੈ ਆਪੁ ਸਵਾਰੇ ॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ, ਤੇ, ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ ।
ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥
(ਪਰ, ਹੇ ਭਾਈ! ਇਹ ਉਸ ਦੀ ਆਪਣੀ ਹੀ ਮਿਹਰ ਹੈ) ਪ੍ਰਭੂ ਆਪ ਹੀ (ਜੀਵ ਦੇ ਅੰਦਰ ਬੈਠਾ ਇਹ ਉੱਦਮ) ਕਰਦਾ ਹੈ, (ਜੀਵ ਪਾਸੋਂ) ਕਰਤਾਰ ਆਪ ਹੀ (ਇਹ ਕੰਮ) ਕਰਾਂਦਾ ਹੈ, ਆਪ ਹੀ (ਉਸ ਦੇ) ਮਨ ਵਿਚ (ਆਪਣਾ ਨਾਮ) ਵਸਾਂਦਾ ਹੈ ।੫।
ਨਿਰਮਲ ਭਗਤਿ ਹੈ ਨਿਰਾਲੀ ॥
ਹੇ ਭਾਈ! ਪਰਮਾਤਮਾ ਦੀ ਭਗਤੀ (ਜੀਵਨ ਨੂੰ) ਪਵਿੱਤਰ ਕਰਨ ਵਾਲੀ (ਇਕ) ਅਨੋਖੀ (ਦਾਤਿ) ਹੈ ।
ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਭਗਤੀ ਦੇ ਅੰਮ੍ਰਿਤ ਨਾਲ ਜਿਹੜੇ ਮਨੁੱਖ ਆਪਣਾ) ਮਨ ਤਨ ਧੋਂਦੇ ਹਨ, ਉਹ ਸੁੰਦਰ ਵਿਚਾਰ ਦੇ ਮਾਲਕ ਬਣ ਜਾਂਦੇ ਹਨ ।