Sri Guru Granth Sahib Ji — Ang 1051 (punjabi)
ਗੁਰਮੁਖਿ ਸਾਚਾ ਸਬਦਿ ਪਛਾਤਾ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪਰਮਾਤਮਾ ਨਾਲ ਸਾਂਝ ਪਾ ਲਈ (ਉਸ ਨੂੰ ਇਹ ਸਮਝ ਆ ਗਈ ਕਿ)
ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥
ਉਸ (ਪਰਮਾਤਮਾ) ਦਾ ਨਾਹ ਕੋਈ (ਖ਼ਾਸ) ਪਰਵਾਰ ਹੈ ਨਾਹ ਉਸ ਦੀ ਮਾਂ ਹੈ,
ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥
ਉਹ ਆਪ ਹੀ ਆਪ ਸਭ ਜੀਵਾਂ ਵਿਚ ਵਿਆਪਕ ਹੈ ਅਤੇ ਸਭ ਜੀਵਾਂ ਦਾ ਆਸਰਾ ਹੈ ।੧੩।
ਹਉਮੈ ਮੇਰਾ ਦੂਜਾ ਭਾਇਆ ॥
ਹੇ ਭਾਈ! (ਕਈ ਐਸੇ ਹਨ ਜਿਨ੍ਹਾਂ ਨੂੰ) ਹਉਮੈ ਚੰਗੀ ਲੱਗਦੀ ਹੈ, ਮਮਤਾ ਪਿਆਰੀ ਲੱਗਦੀ ਹੈ,
ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥
ਮਾਇਆ ਦਾ ਮੋਹ ਪਸੰਦ ਹੈ; ਪਰ ਮਾਲਕ-ਪ੍ਰਭੂ ਨੇ ਧੁਰੋਂ ਹੀ ਇਹ ਮਰਯਾਦਾ ਚਲਾ ਰੱਖੀ ਹੈ ਕਿ ਕੋਈ ਭੀ ਚੀਜ਼ (ਕਿਸੇ ਦੇ ਨਾਲ) ਨਹੀਂ ਜਾਂਦੀ ।
ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥
ਅਭੁੱਲ ਗੁਰੂ ਤੋਂ (ਸਿੱਖਿਆ ਲੈ ਕੇ) ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਪਰਮਾਤਮਾ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ।੧੪।
ਜਾ ਤੂ ਦੇਹਿ ਸਦਾ ਸੁਖੁ ਪਾਏ ॥
ਹੇ ਪ੍ਰਭੂ! ਜਦੋਂ (ਕਿਸੇ ਮਨੁੱਖ ਨੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ (ਉਹ ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ ।
ਸਾਚੈ ਸਬਦੇ ਸਾਚੁ ਕਮਾਏ ॥
ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਸਦਾ-ਥਿਰ ਸਰੂਪ ਵਿਚ ਟਿਕ ਕੇ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ।
ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥
ਉਸ ਮਨੁੱਖ ਦਾ ਹਿਰਦਾ ਅਡੋਲ ਹੋ ਜਾਂਦਾ ਹੈ, ਉਸ ਦਾ ਮਨ ਅਡੋਲ ਹੋ ਜਾਂਦਾ ਹੈ, ਉਸ ਦਾ ਸਰੀਰ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ, (ਉਸ ਦੇ ਅੰਦਰ) ਭਗਤੀ ਦੇ ਭੰਡਾਰੇ ਭਰ ਜਾਂਦੇ ਹਨ ।੧੫।
ਆਪੇ ਵੇਖੈ ਹੁਕਮਿ ਚਲਾਏ ॥
ਹੇ ਭਾਈ! ਪਰਮਾਤਮਾ ਆਪ ਹੀ (ਸਭ ਜੀਵਾਂ ਦੀ) ਸੰਭਾਲ ਕਰ ਰਿਹਾ ਹੈ (ਸਭ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ,
ਅਪਣਾ ਭਾਣਾ ਆਪਿ ਕਰਾਏ ॥
ਆਪਣੀ ਰਜ਼ਾ (ਜੀਵਾਂ ਪਾਸੋਂ) ਆਪ ਕਰਾਂਦਾ ਹੈ ।
ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥
ਹੇ ਨਾਨਕ! ਜਿਹੜੇ ਮਨੁੱਖ ਉਸ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ ਨੇ ਸੋਹਣੇ ਬਣਾ ਦਿੱਤੇ ਹੁੰਦੇ ਹਨ ।੧੬।੭।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਆਪੇ ਆਪੁ ਉਪਾਇ ਉਪੰਨਾ ॥
ਪਰਮਾਤਮਾ ਆਪ ਹੀ ਆਪਣੇ ਆਪ ਨੂੰ ਪੈਦਾ ਕਰ ਕੇ ਪਰਗਟ ਹੋਇਆ,
ਸਭ ਮਹਿ ਵਰਤੈ ਏਕੁ ਪਰਛੰਨਾ ॥
ਪਰਮਾਤਮਾ ਆਪ ਹੀ ਸਭ ਅੰਦਰ ਗੁਪਤ ਰੂਪ ਵਿਚ ਵਿਆਪਕ ਹੈ
ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥
ਹੇ ਭਾਈ! ਜਿਸ ਮਨੁੱਖ ਨੇ ਸਦਾ ਆਪਣੇ ਜੀਵਨ ਨੂੰ ਪੜਤਾਲਿਆ ਹੈ (ਉਹ ਜਾਣਦਾ ਹੈ ਕਿ) ੇ ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ।੧।
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥
ਜਿਸ ਪਰਮਾਤਮਾ ਨੇ ਬ੍ਰਹਮਾ ਵਿਸ਼ਨੂ ਸ਼ਿਵ ਪੈਦਾ ਕੀਤੇ,
ਸਿਰਿ ਸਿਰਿ ਧੰਧੈ ਆਪੇ ਲਾਏ ॥
ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ, ਤੇ,
ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹਰ ਥਾਂ ਵੱਸਦਾ ਜਾਣ ਲਿਆ (ਉਹ ਸਮਝਦਾ ਹੈ ਕਿ) ਜਿਹੜਾ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ ।੨।
ਆਵਾ ਗਉਣੁ ਹੈ ਸੰਸਾਰਾ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ (ਉਹ ਜਾਣਦਾ ਹੈ ਕਿ) ਇਹ ਜਗਤ ਜਨਮ ਮਰਨ ਦਾ ਚੱਕਰ ਹੀ ਹੈ,
ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥
ਇਥੇ ਮਾਇਆ ਦਾ ਮੋਹ ਪ੍ਰਬਲ ਹੈ (ਜਿਸ ਦੇ ਕਾਰਨ ਜੀਵ) ਵਿਕਾਰ ਚਿਤਵਦਾ ਰਹਿੰਦਾ ਹੈ ।
ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥
(ਇਥੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਦਾ ਸਾਲਾਹਣ-ਜੋਗ ਹੈ ।੩।
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥
ਹੇ ਭਾਈ! ਕਈ ਐਸੇ ਹਨ ਜੋ ਜਗਤ ਦੇ ਰਚਨਹਾਰ ਪ੍ਰਭੂ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ।
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥
ਪਰ ਜਿਹੜੇ ਮਨੁੱਖ ਮਾਇਕ ਪਦਾਰਥਾਂ ਵਿਚ ਲੱਗੇ ਰਹਿੰਦੇ ਹਨ, ਉਹਨਾਂ ਆਪਣਾ ਜੀਵਨ ਗਵਾ ਲਿਆ ਹੈ ।
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥
ਆਤਮਕ ਜੀਵਨ ਦੇਣ ਵਾਲੇ ਫਲ ਉਹਨਾਂ ਨੂੰ ਹੀ ਲੱਗਦੇ ਹਨ ਜਿਹੜੇ ਆਤਮਕ ਜੀਵਨ ਦੇਣ ਵਾਲੇ (ਸਿਫ਼ਤਿ-ਸਾਲਾਹ ਦੇ) ਬੋਲ ਬੋਲਦੇ ਹਨ ।੪।
ਹਮ ਗੁਣ ਨਾਹੀ ਕਿਆ ਬੋਲਹ ਬੋਲ ॥
ਹੇ ਪ੍ਰਭੂ! ਅਸੀ ਜੀਵ ਗੁਣ-ਹੀਨ ਹਾਂ, (ਆਪਣੇ ਮੰਦ ਕਰਮਾਂ ਦੇ ਕਾਰਨ) ਅਸੀ ਬੋਲਣ-ਜੋਗੇ ਨਹੀਂ ਹਾਂ ।
ਤੂ ਸਭਨਾ ਦੇਖਹਿ ਤੋਲਹਿ ਤੋਲ ॥
ਤੂੰ ਸਭ ਜੀਵਾਂ (ਦੇ ਕਰਮਾਂ) ਨੂੰ ਵੇਖਦਾ ਹੈਂ ਅਤੇ ਪਰਖਦਾ ਹੈਂ ।
ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥
ਜਿਵੇਂ ਤੇਰੀ ਰਜ਼ਾ ਹੁੰਦੀ ਹੈ ਤੂੰ ਸਾਨੂੰ ਰੱਖਦਾ ਹੈਂ, ਅਸੀ ਉਸੇ ਤਰ੍ਹਾਂ ਰਹਿ ਸਕਦੇ ਹਾਂ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਤੇਰੇ ਨਾਲ ਹੀ ਸਾਂਝ ਪਾਂਦਾ ਹੈ ।੫।
ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥
ਹੇ ਪ੍ਰਭੂ! ਜਦੋਂ ਤੈਨੂੰ ਚੰਗਾ ਲੱਗੇ, ਤਦੋਂ ਤੂੰ (ਜੀਵਾਂ ਨੂੰ) ਸੱਚੀ ਕਾਰ ਵਿਚ ਲਾਂਦਾ ਹੈਂ,
ਅਵਗਣ ਛੋਡਿ ਗੁਣ ਮਾਹਿ ਸਮਾਏ ॥
(ਜਿਨ੍ਹਾਂ ਨੂੰ ਲਾਂਦਾ ਹੈਂ, ਉਹ) ਔਗੁਣ ਛੱਡ ਕੇ ਤੇਰੇ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ ।
ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥
ਹੇ ਭਾਈ! ਪ੍ਰਭੂ ਦੇ ਗੁਣਾਂ ਵਿਚ ਚਿੱਤ ਜੋੜਿਆਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਵਿੱਤਰ ਅਬਿਨਾਸੀ ਪ੍ਰਭੂ ਹੀ (ਹਰ ਥਾਂ) ਦਿੱਸਦਾ ਹੈ ।੬।
ਜਹ ਦੇਖਾ ਤਹ ਏਕੋ ਸੋਈ ॥
ਹੇ ਭਾਈ! ਮੈਂ ਜਿੱਧਰ ਵੇਖਦਾ ਹਾਂ, ਉਧਰ ਸਿਰਫ਼ ਉਹ ਪਰਮਾਤਮਾ ਹੀ ਦਿੱਸ ਰਿਹਾ ਹੈ ।
ਦੂਜੀ ਦੁਰਮਤਿ ਸਬਦੇ ਖੋਈ ॥
ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਵੇਖਣ ਲਈ ਖੋਟੀ ਮਤਿ ਗੁਰੂ ਦੇ ਸ਼ਬਦ ਦੀ ਰਾਹੀਂ ਨਾਸ ਹੋ ਜਾਂਦੀ ਹੈ ।
ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥
(ਸ਼ਬਦ ਦੀ ਬਰਕਤਿ ਨਾਲ ਇਉਂ ਦਿੱਸ ਪੈਂਦਾ ਹੈ ਕਿ) ਆਪਣੇ ਆਪ ਵਿਚ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਉਹ ਸਦਾ ਆਪਣੀ ਮੌਜ ਵਿਚ ਮਸਤ ਰਹਿੰਦਾ ਹੈ ।੭।
ਕਾਇਆ ਕਮਲੁ ਹੈ ਕੁਮਲਾਣਾ ॥
ਹੇ ਭਾਈ! ਮਨੁੱਖ ਦੇ ਸਰੀਰ ਵਿਚ ਉਸ ਦਾ ਹਿਰਦਾ-ਕੌਲ ਫੁੱਲ ਕੁਮਲਾਇਆ ਰਹਿੰਦਾ ਹੈ,
ਮਨਮੁਖੁ ਸਬਦੁ ਨ ਬੁਝੈ ਇਆਣਾ ॥
ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦਾ।
ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਆਪਣੇ ਸਰੀਰ ਨੂੰ ਖੋਜਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਜਗਤ ਦੇ ਸਹਾਰੇ ਪਰਮਾਤਮਾ ਨੂੰ ਲੱਭ ਲੈਂਦਾ ਹੈ ।੮।
ਕੋਟ ਗਹੀ ਕੇ ਪਾਪ ਨਿਵਾਰੇ ॥
ਹੇ ਭਾਈ! ਉਹ ਮਨੁੱਖ (ਆਪਣੇ ਅੰਦਰੋਂ) ਸਰੀਰ ਨੂੰ ਗ੍ਰਸਣ ਵਾਲੇ ਪਾਪ ਦੂਰ ਕਰ ਲੈਂਦਾ ਹੈ,
ਸਦਾ ਹਰਿ ਜੀਉ ਰਾਖੈ ਉਰ ਧਾਰੇ ॥
ਜਿਹੜਾ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥
ਉਹ ਮਨੁੱਖ ਜਿਸ (ਫਲ) ਦੀ ਇੱਛਾ ਕਰਦਾ ਹੈ ਉਹ ਫਲ ਹਾਸਲ ਕਰ ਲੈਂਦਾ ਹੈ, ਉਸ ਦਾ ਮਨ ਨਾਮ-ਰੰਗ ਨਾਲ ਇਉਂ ਰੰਗਿਆ ਰਹਿੰਦਾ ਹੈ ਜਿਵੇਂ ਮਜੀਠ ਦਾ (ਪੱਕਾ) ਰੰਗ ਹੈ ।੯।
ਮਨਮੁਖੁ ਗਿਆਨੁ ਕਥੇ ਨ ਹੋਈ ॥
ਹੇ ਭਾਈ! ਮਨ ਦਾ ਮੁਰੀਦ ਮਨੁੱਖ ਗਿਆਨ ਦੀਆਂ ਗੱਲਾਂ ਤਾਂ ਕਰਦਾ ਹੈ, (ਪਰ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ) ਨਹੀਂ ਹੈ ।
ਫਿਰਿ ਫਿਰਿ ਆਵੈ ਠਉਰ ਨ ਕੋਈ ॥
ਉਹ ਮੁੜ ਮੁੜ ਜਨਮਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ, ਕਿਤੇ ਉਸ ਨੂੰ ਟਿਕਾਣਾ ਨਹੀਂ ਮਿਲਦਾ ।
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਪਾਸੋਂ) ਆਤਮਕ ਜੀਵਨ ਦੀ ਸੂਝ (ਪ੍ਰਾਪਤ ਕਰ ਕੇ) ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਨੂੰ ਹਰੇਕ ਜੁਗ ਵਿਚ ਇਕੋ ਪਰਮਾਤਮਾ ਵੱਸਦਾ ਸਮਝ ਆਉਂਦਾ ਹੈ ।੧੦।
ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥
ਹੇ ਭਾਈ! ਮਨ ਦਾ ਮੁਰੀਦ ਮਨੁੱਖ ਉਹੀ ਕਾਰ ਕਰਦਾ ਹੈ ਜਿਸ ਤੋਂ ਸਾਰੇ ਦੁੱਖ ਹੀ ਦੁੱਖ ਵਾਪਰਨ ।
ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥
ਉਸ ਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵੱਸਦਾ, ਉਹ ਪਰਮਾਤਮਾ ਦੇ ਦਰ ਤੇ ਨਹੀਂ ਪਹੁੰਚ ਸਕਦਾ ।
ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਮਨ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਸਦਾ-ਥਿਰ ਪ੍ਰਭੂ ਵੱਸਦਾ ਹੈ, ਉਹ ਸਦਾ ਸੁਖਾਂ ਦੇ ਦਾਤੇ ਪ੍ਰਭੂ ਦੀ ਸੇਵਾ-ਭਗਤੀ ਕਰਦਾ ਹੈ ।੧੧।