Sri Guru Granth Sahib Ji — Ang 1050 (punjabi)
ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਸਿਰਫ਼ ਇਹੀ ਆਤਮਕ ਜੀਵਨ ਦੀ ਸੂਝ ਹਾਸਲ ਕਰਦਾ ਹੈ ਕਿ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।੧੩।
ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥
ਹੇ ਭਾਈ! (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕ) ਪੜ੍ਹਦੇ ਹਨ, (ਪਰ ਜੇ ਉਹ) ਪਰਮਾਤਮਾ ਦੇ ਨਾਮ ਨੂੰ (ਜੀਵਨ-ਮਨੋਰਥ) ਨਹੀਂ ਸਮਝਦੇ,
ਮਾਇਆ ਕਾਰਣਿ ਪੜਿ ਪੜਿ ਲੂਝਹਿ ॥
ਤਾਂ ਉਹ ਮਾਇਆ (ਕਮਾਣ) ਵਾਸਤੇ ਹੀ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਮਾਇਆ ਦੇ ਘੱਟ ਚੜ੍ਹਾਵੇ ਤੇ ਅੰਦਰੇ ਅੰਦਰ) ਖਿੱਝਦੇ ਹਨ ।
ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥
ਹੇ ਭਾਈ! ਜਿਸ ਮਨੁੱਖ ਦੇ ਅੰਦਰ (ਮਾਇਆ ਦੇ ਮੋਹ ਦੀ) ਮੈਲ ਹੈ (ਉਹ ਵੇਦ-ਪਾਠੀ ਪੰਡਿਤ ਭੀ ਹੋਵੇ, ਤਾਂ ਭੀ) ਉਹ ਅੰਨ੍ਹਾ ਬੇ-ਸਮਝ ਹੈ, ਇਸ ਤਰ੍ਹਾਂ ਇਹ ਦੁੱਤਰ ਸੰਸਾਰ-ਸਮੁੰਦਰ ਤਰਿਆ ਨਹੀਂ ਜਾ ਸਕਦਾ ।੧੪।
ਬੇਦ ਬਾਦ ਸਭਿ ਆਖਿ ਵਖਾਣਹਿ ॥
ਹੇ ਭਾਈ! ਸਾਰੇ (ਪੰਡਿਤ ਲੋਕ) ਵੇਦ (ਆਦਿਕ ਧਰਮ-ਪੁਸਤਕਾਂ) ਦੀਆਂ ਚਰਚਾ ਉਚਾਰ ਕੇ (ਹੋਰਨਾਂ ਦੇ ਸਾਹਮਣੇ) ਵਿਆਖਿਆ ਕਰਦੇ ਹਨ, (ਇਸ ਤਰ੍ਹਾਂ)
ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥
ਨਾਹ (ਉਹਨਾਂ ਦਾ ਆਪਣਾ) ਹਿਰਦਾ ਭਿੱਜਦਾ ਹੈ, ਨਾਹ ਉਹ ਸਿਫ਼ਤਿ-ਸਾਲਾਹ ਦੀ ਬਾਣੀ ਦੀ ਕਦਰ ਸਮਝਦੇ ਹਨ ।
ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥
ਹੇ ਭਾਈ! ਵੇਦ ਨੇ ਤਾਂ ਮੁੜ ਮੁੜ ਇਸ ਗੱਲ ਵਲ ਧਿਆਨ ਦਿਵਾਇਆ ਹੈ ਕਿ ਕਿਹੜਾ ਪੁੰਨ-ਕਰਮ ਹੈ ਤੇ ਕਿਹੜਾ ਪਾਪ-ਕਰਮ ਹੈ । ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਤਾਂ ਗੁਰੂ ਦੀ ਸਰਨ ਪਿਆਂ ਹੀ ਪੀਤਾ ਜਾ ਸਕਦਾ ਹੈ ।੧੫।
ਆਪੇ ਸਾਚਾ ਏਕੋ ਸੋਈ ॥
ਹੇ ਭਾਈ! (ਆਪਣੇ ਵਰਗਾ) ਸਿਰਫ਼ ਉਹ ਪਰਮਾਤਮਾ ਆਪ ਹੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ,
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਹੈ ।
ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥
ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਗਏ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ । (ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ ।੧੬।੬।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਸਚੈ ਸਚਾ ਤਖਤੁ ਰਚਾਇਆ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ (ਆਪਣੇ ‘ਨਿਜ ਘਰ’ ਵਿਚ ਬੈਠਣ ਵਾਸਤੇ) ਸਦਾ ਕਾਇਮ ਰਹਿਣ ਵਾਲਾ ਤਖ਼ਤ ਬਣਾ ਰੱਖਿਆ ਹੈ,
ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥
ਉਸ ਸੈ੍ਵ-ਸਰੂਪ ਵਿਚ ਉਹ ਅਡੋਲ ਬੈਠਾ ਹੈ, ਉਥੇ ਮਾਇਆ ਦਾ ਮੋਹ ਅਸਰ ਨਹੀਂ ਕਰ ਸਕਦਾ ।
ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ (ਹਰਿ-ਨਾਮ ਜਪਣ ਦਾ) ਸ੍ਰੇਸ਼ਟ ਕਰਨ-ਜੋਗ ਕੰਮ ਕਰਦਾ ਹੈ, ਉਸ ਦੇ ਹਿਰਦੇ ਵਿਚ ਉਹ ਸਦਾ-ਥਿਰ ਪ੍ਰਭੂ ਸਦਾ ਵੱਸਦਾ ਹੈ ।੧।
ਸਚਾ ਸਉਦਾ ਸਚੁ ਵਾਪਾਰਾ ॥
ਹੇ ਭਾਈ! ਨਾਮ-ਧਨ ਖੱਟਣਾ ਹੀ ਸਦਾ-ਥਿਰ ਸੌਦਾ ਹੈ ਸਦਾ-ਥਿਰ ਵਪਾਰ ਹੈ,
ਨ ਤਿਥੈ ਭਰਮੁ ਨ ਦੂਜਾ ਪਸਾਰਾ ॥
ਉਸ ਸੌਦੇ-ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲ-ਜਗਨ ਨਹੀਂ ।
ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥
ਇਹ ਸਦਾ-ਥਿਰ ਨਾਮ-ਧਨ ਖੱਟਿਆਂ ਕਦੇ ਘਾਟਾ ਨਹੀਂ ਪੈਂਦਾ । ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ ।੨।
ਸਚੈ ਲਾਏ ਸੇ ਜਨ ਲਾਗੇ ॥
ਹੇ ਭਾਈ! (ਇਸ ਨਾਮ-ਧਨ ਦੇ ਵਪਾਰ ਵਿਚ) ਉਹੀ ਮਨੁੱਖ ਲੱਗਦੇ ਹਨ, ਜਿਨ੍ਹਾਂ ਨੂੰ ਸਦਾ-ਥਿਰ ਪਰਮਾਤਮਾ ਨੇ ਆਪ ਲਾਇਆ ਹੈ ।
ਅੰਤਰਿ ਸਬਦੁ ਮਸਤਕਿ ਵਡਭਾਗੇ ॥
ਉਹਨਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ ।
ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ ਹਰਿ-ਗੁਣ ਗਾਂਦੇ ਰਹਿੰਦੇ ਹਨ, ਉਹ ਮਨੁੱਖ ਗੁਰ-ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉੱਚੀ ਵੀਚਾਰ ਦੇ ਮਾਲਕ ਬਣ ਜਾਂਦੇ ਹਨ ।੩।
ਸਚੋ ਸਚਾ ਸਚੁ ਸਾਲਾਹੀ ॥
ਹੇ ਭਾਈ! ਮੈਂ ਤਾਂ ਸਦਾ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ ।
ਏਕੋ ਵੇਖਾ ਦੂਜਾ ਨਾਹੀ ॥
ਮੈਂ ਤਾਂ (ਹਰ ਥਾਂ) ਸਿਰਫ਼ ਉਸ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਮੈਨੂੰ ਉਸ ਤੋਂ ਬਿਨਾ) ਕੋਈ ਹੋਰ ਨਹੀਂ (ਦਿੱਸਦਾ) ।
ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥
ਹੇ ਭਾਈ! ਗੁਰੂ ਦੀ ਮਤਿ ਉਤੇ ਤੁਰ ਕੇ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ—ਇਹ ਹੀ ਪਰਮਾਤਮਾ ਦੇ ਚਰਨਾਂ ਤਕ ਪਹੁੰਚਣ ਲਈ) ਸਭ ਤੋਂ ਉੱਚੀ ਪੌੜੀ ਹੈ । ਇਸ ਸੇ੍ਰਸ਼ਟ ਗਿਆਨ ਦੀ ਬਰਕਤਿ ਨਾਲ ਮਨੁੱਖ (ਆਪਣੇ ਅੰਦਰੋਂ) ਹਉਮੈ ਮਾਰ ਮੁਕਾਂਦਾ ਹੈ ।੪।
ਮਾਇਆ ਮੋਹੁ ਸਬਦਿ ਜਲਾਇਆ ॥
ਹੇ ਪ੍ਰਭੂ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ,
ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥
ਜਦੋਂ ਉਹ ਮਨੁੱਖ ਤੈਨੂੰ ਚੰਗਾ ਲੱਗ ਪਿਆ ਤਦੋਂ ਤੇਰਾ ਸਦਾ-ਥਿਰ ਨਾਮ ਉਸ ਦੇ ਮਨ ਵਿਚ ਵੱਸ ਪਿਆ ।
ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥
ਹੇ ਭਾਈ! ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤਿ®ਸ਼ਨਾ ਦੂਰ ਕਰ ਲਈ, ਉਸ ਨੂੰ ਅਭੁੱਲ ਪਰਮਾਤਮਾ ਦੀ ਸਾਰੀ ਕਾਰ ਅਭੁੱਲ ਜਾਪਣ ਲੱਗ ਪਈ ।੫।
ਮਾਇਆ ਮੋਹੁ ਸਭੁ ਆਪੇ ਕੀਨਾ ॥
ਹੇ ਭਾਈ! ਮਾਇਆ ਦਾ ਸਾਰਾ ਮੋਹ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ ਹੈ,
ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥
ਪਰ ਇਹ ਗੱਲ ਕਿਸੇ ਉਸ ਵਿਰਲੇ ਨੇ ਹੀ ਪਛਾਣੀ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ।
ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਜਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਉਸ ਨੂੰ ਨਾਮ ਸਿਮਰਨ ਵਾਲੀ ਕਾਰ ਹੀ ਸ੍ਰੇਸ਼ਟ ਲੱਗਦੀ ਹੈ ।੬।
ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥
ਹੇ ਭਾਈ! ਜਿਸ ਮਨੁੱਖ ਨੇ ਉਹ ਕਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਮੇਰੇ ਪ੍ਰਭੂ ਨੂੰ ਪਸੰਦ ਆਉਂਦੀ ਹੈ (ਜਿਸ ਮਨੁੱਖ ਨੇ ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸ਼ੁਰੂ ਕਰ ਦਿੱਤਾ),
ਹਉਮੈ ਤ੍ਰਿਸਨਾ ਸਬਦਿ ਬੁਝਾਈ ॥
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ, ਮਾਇਆ ਦੀ ਤਿ®ਸ਼ਨਾ ਮਿਟਾ ਦਿੱਤੀ,
ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥
ਜਿਸ ਨੇ ਹਉਮੈ ਮਾਰ ਕੇ ਮੁਕਾ ਦਿੱਤੀ, ਗੁਰੂ ਦੀ ਮਤਿ ਉੱਤੇ ਤੁਰ ਕੇ ਉਸ ਦਾ ਹਿਰਦਾ ਸਦਾ ਹੀ ਸ਼ਾਂਤ ਰਹਿੰਦਾ ਹੈ ।੭।
ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥
ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਦੇ ਹਨ, ਉਹਨਾਂ ਨੂੰ ਪਰਮਾਤਮਾ ਦਾ ਕੀਤਾ ਹੋਇਆ ਹਰੇਕ ਕੰਮ ਭਲਾ ਜਾਪਦਾ ਹੈ ।
ਸਚੈ ਸਬਦੇ ਸਚਿ ਸੁਹਾਵੈ ॥
ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਮਨੁੱਖ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ ।
ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥
(ਸਿਮਰਨ ਦੀ ਬਰਕਤਿ ਨਾਲ ਜਿਹੜੇ ਮਨੁੱਖ) ਇਸ ਲੋਕ ਵਿਚ ਸੁਰਖ਼ਰੂ ਹੋ ਜਾਂਦੇ ਹਨ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਜਾਂਦੇ ਹਨ । ਮਿਹਰ ਦੀ ਨਿਗਾਹ ਵਾਲੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਉਹਨਾਂ ਦਾ ਜੀਵਨ ਸੰਵਾਰ ਦੇਂਦੀ ਹੈ ।੮।
ਬਿਨੁ ਸਾਚੇ ਜੋ ਦੂਜੈ ਲਾਇਆ ॥
ਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਖੁੰਝ ਕੇ ਜਿਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ,
ਮਾਇਆ ਮੋਹ ਦੁਖ ਸਬਾਇਆ ॥
ਉਸ ਨੂੰ ਮਾਇਆ ਦੇ ਮੋਹ ਦੇ ਸਾਰੇ ਦੁੱਖ (ਚੰਬੜੇ ਰਹਿੰਦੇ ਹਨ), ਮਾਇਆ ਦੇ ਮੋਹ ਦਾ ਭਾਰੀ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ।
ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥
ਗੁਰੂ ਦੀ ਸਰਨ ਤੋਂ ਬਿਨਾ ਇਹ ਸਮਝ ਨਹੀਂ ਪੈਂਦੀ ਕਿ ਦੁੱਖ ਕਿਵੇਂ ਦੂਰ ਹੋਵੇ ਅਤੇ ਸੁਖ ਕਿਵੇਂ ਮਿਲੇ ।੯।
ਸਾਚਾ ਸਬਦੁ ਜਿਨਾ ਮਨਿ ਭਾਇਆ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਿਆਰੀ ਲੱਗਣ ਲੱਗ ਪੈਂਦੀ ਹੈ,
ਪੂਰਬਿ ਲਿਖਿਆ ਤਿਨੀ ਕਮਾਇਆ ॥
ਉਹੀ ਮਨੁੱਖ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਨਾਮ ਸਿਮਰਨ ਦੀ) ਕਮਾਈ ਕਰਦੇ ਹਨ ।
ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਤੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ।੧੦।
ਗੁਰ ਕੀ ਸੇਵਾ ਮੀਠੀ ਲਾਗੀ ॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ (ਦੱਸੀ) ਸੇਵਾ ਪਿਆਰੀ ਲੱਗਦੀ ਹੈ, ਉਹ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ,
ਅਨਦਿਨੁ ਸੂਖ ਸਹਜ ਸਮਾਧੀ ॥
ਉਸ ਦੀ ਆਮਤਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ,
ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥
ਪਰਮਾਤਮਾ ਦਾ ਨਾਮ ਜਪਦਿਆਂ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਸਰਨ ਵਿਚ ਪਏ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ ।੧੧।
ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਯਾਦ ਵਿਚ ਜੋੜ ਦਿੱਤਾ, ਉਹ ਸੁਖੀ ਜੀਵਨ ਬਿਤੀਤ ਕਰਦੇ ਹਨ,
ਆਪੇ ਭਾਣੇ ਆਪਿ ਮਿਲਾਏ ॥
(ਇਹ ਪਰਮਾਤਮਾ ਦੀ ਆਪਣੀ ਹੀ ਮਿਹਰ ਹੈ, ਪ੍ਰਭੂ ਨੂੰ) ਆਪ ਹੀ (ਅਜਿਹੇ ਮਨੁੱਖ) ਚੰਗੇ ਲੱਗੇ, ਤੇ, ਆਪ ਹੀ ਉਸ ਨੇ (ਆਪਣੇ ਚਰਨਾਂ ਵਿਚ) ਜੋੜ ਲਏ ।
ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥
ਹੇ ਭਾਈ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ, ਉਹ ਮਨੁੱਖ (ਮਾਇਆ ਦੇ ਮੋਹ ਤੋਂ) ਬਚ ਗਏ, ਹੋਰ ਲੁਕਾਈ ਮਾਇਆ ਦੇ ਮੋਹ ਦੀ ਖ਼ੁਆਰੀ (ਸਾਰੀ ਉਮਰ) ਝੱਲਦੀ ਰਹੀ ।੧੨।