Sri Guru Granth Sahib Ji — Ang 1046 (punjabi)
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥੧॥
ਉਸੇ ਦਾ ਹੀ (ਜਗਤ ਵਿਚ) ਹੁਕਮ ਚੱਲ ਰਿਹਾ ਹੈ, ਉਸੇ ਦਾ ਹੀ (ਜਗਤ ਵਿਚ) ਰਾਜ ਹੈ । ਹਰੇਕ ਜੁਗ ਵਿਚ ਹਰੇਕ ਜੀਵ ਦੇ ਸਿਰ ਉਤੇ ਉਹੀ ਪਰਮਾਤਮਾ ਕਰਨ-ਜੋਗ ਕਾਰ ਮੁਕਰਰ ਕਰਦਾ ਆ ਰਿਹਾ ਹੈ ।੧।
ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥
ਹੇ ਭਾਈ! ਜਿਸ ਮਨੁੱਖ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੱਤਾ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਗਿਆ;
ਆਪੇ ਆਇ ਮਿਲਿਆ ਸੁਖਦਾਤਾ ॥
ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਉਸ ਮਨੁੱਖ ਨੂੰ ਆ ਮਿਲਦਾ ਹੈ ।
ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥੨॥
ਗੁਰੂ ਦੇ ਸ਼ਬਦ ਵਿਚ ਰੱਤੀ ਹੋਈ ਉਸ ਮਨੁੱਖ ਦੀ ਜੀਭ ਸਦਾ ਪਰਾਮਤਮਾ ਦੇ ਗੁਣ ਗਾਂਦੀ ਰਹਿੰਦੀ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਇੱਜ਼ਤ ਪ੍ਰਾਪਤ ਕਰਦਾ ਹੈ ।੨।
ਗੁਰਮੁਖਿ ਨਾਮਿ ਮਿਲੈ ਵਡਿਆਈ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਨਾਮਣਾ ਖੱਟਦਾ ਹੈ ।
ਮਨਮੁਖਿ ਨਿੰਦਕਿ ਪਤਿ ਗਵਾਈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿੰਦਕ ਮਨੁੱਖ ਨੇ (ਸਭ ਥਾਈਂ ਆਪਣੀ) ਇੱਜ਼ਤ ਗਵਾ ਲਈ ।
ਨਾਮਿ ਰਤੇ ਪਰਮ ਹੰਸ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੩॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿਣ ਵਾਲੇ ਮਨੁੱਖ ਪਰਮ ਹੰਸ ਹਨ, (ਅਸਲ) ਬੈਰਾਗੀ ਹਨ, ਉਹ ਹਰ ਵੇਲੇ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ ।੩।
ਸਬਦਿ ਮਰੈ ਸੋਈ ਜਨੁ ਪੂਰਾ ॥
ਹੇ ਭਾਈ! (ਵਿਕਾਰਾਂ ਦਾ ਟਾਕਰਾ ਸਫਲਤਾ ਨਾਲ ਕਰਨ ਵਾਲੇ) ਸੂਰਮੇ ਗੁਰੂ ਨੇ ਆਖ ਕੇ (ਹਰੇਕ ਪ੍ਰਾਣੀ ਨੂੰ) ਸੁਣਾ ਦਿੱਤਾ ਹੈ ਕਿ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ,
ਸਤਿਗੁਰੁ ਆਖਿ ਸੁਣਾਏ ਸੂਰਾ ॥
(ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ, ਵਿਕਾਰਾਂ ਦੇ ਭਾ ਦਾ ਮਰਿਆ ਹੋਇਆ ਹੈ), ਉਹੀ ਮਨੁੱਖ ਪੂਰਨ ਹੈ ।
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥੪॥
ਹੇ ਭਾਈ! ਉਸ ਮਨੁੱਖ ਦੇ ਸਰੀਰ ਦੇ ਵਿਚ ਹੀ ਸਦਾ-ਥਿਰ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਚਸ਼ਮਾ ਹੈ (ਜਿਸ ਵਿਚੋਂ) ਉਸ ਦਾ ਮਨ ਬੜੇ ਪ੍ਰੇਮ-ਪਿਆਰ ਨਾਲ (ਨਾਮ-ਜਲ) ਪੀਂਦਾ ਰਹਿੰਦਾ ਹੈ ।੪।
ਪੜਿ ਪੰਡਿਤੁ ਅਵਰਾ ਸਮਝਾਏ ॥
ਹੇ ਭਾਈ! ਪੰਡਿਤ (ਧਰਮ ਪੁਸਤਕਾਂ) ਪੜ੍ਹ ਕੇ ਹੋਰਨਾਂ ਨੂੰ ਮੱਤਾਂ ਦੇਂਦਾ ਹੈ,
ਘਰ ਜਲਤੇ ਕੀ ਖਬਰਿ ਨ ਪਾਏ ॥
ਪਰ (ਮਾਇਆ ਦੀ ਤਿ®ਸ਼ਨਾ-ਅੱਗ ਨਾਲ ਆਪਣਾ ਹਿਰਦਾ-) ਘਰ ਸੜ ਰਹੇ ਦਾ ਉਸ ਨੂੰ ਪਤਾ ਹੀ ਨਹੀਂ ਲੱਗਦਾ ।
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥੫॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ (ਨਾਮ ਤੋਂ ਬਿਨਾ ਹਿਰਦੇ ਵਿਚ ਠੰਢ ਨਹੀਂ ਪੈ ਸਕਦੀ) । ਪੰਡਿਤ ਲੋਕ (ਹੋਰਨਾਂ ਨੂੰ ਉਪਦੇਸ਼ ਕਰਨ ਲਈ ਧਰਮ ਪੁਸਤਕ) ਪੜ੍ਹ ਪੜ੍ਹ ਕੇ ਥੱਕ ਗਏ, ਉਹਨਾਂ ਦੇ ਅੰਦਰ ਸ਼ਾਂਤੀ ਪੈਦਾ ਨਾਹ ਹੋਈ ।੫।
ਇਕਿ ਭਸਮ ਲਗਾਇ ਫਿਰਹਿ ਭੇਖਧਾਰੀ ॥
ਹੇ ਭਾਈ! ਕਈ ਐਸੇ ਹਨ ਜੋ ਸਾਧੂਆਂ ਵਾਲਾ ਬਾਣਾ ਪਾ ਕੇ (ਪਿੰਡੇ ਉਤੇ) ਸੁਆਹ ਮਲ ਕੇ ਤੁਰੇ ਫਿਰਦੇ ਹਨ ।
ਬਿਨੁ ਸਬਦੈ ਹਉਮੈ ਕਿਨਿ ਮਾਰੀ ॥
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਭੀ ਮਨੁੱਖ ਹਉਮੈ ਨੂੰ ਮੁਕਾ ਨਹੀਂ ਸਕਿਆ ।
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭਰਮਿ ਭੇਖਿ ਭਰਮਾਈ ਹੇ ॥੬॥
(ਸਾਧ-ਬਾਣੇ ਵਿਚ ਹੁੰਦਿਆਂ ਭੀ) ਉਹ ਹਰ ਵੇਲੇ ਦਿਨ ਰਾਤ (ਤਿ®ਸ਼ਨਾ ਦੀ ਅੱਗ ਵਿਚ) ਸੜਦੇ ਰਹਿੰਦੇ ਹਨ, ਉਹ ਭਰਮ ਵਿਚ ਭੇਖ ਦੇ ਭੁਲੇਖੇ ਵਿਚ ਭਟਕਦੇ ਫਿਰਦੇ ਹਨ ।੬।
ਇਕਿ ਗ੍ਰਿਹ ਕੁਟੰਬ ਮਹਿ ਸਦਾ ਉਦਾਸੀ ॥
ਪਰ, ਹੇ ਭਾਈ! ਕਈ ਐਸੇ ਹਨ ਜੋ ਗ੍ਰਿਹਸਤ ਵਿਚ ਪਰਵਾਰ ਵਿਚ (ਰਹਿੰਦੇ ਹੋਏ ਹੀ) ਸਦਾ ਨਿਰਮੋਹ ਹਨ,
ਸਬਦਿ ਮੁਏ ਹਰਿ ਨਾਮਿ ਨਿਵਾਸੀ ॥
ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਾਇਆ ਦੇ ਮੋਹ ਵਲੋਂ ਮਰੇ ਹੋਏ ਹਨ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ।
ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥੭॥
ਉਹ ਹਰ ਵੇਲੇ ਸਦਾ ਹੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ; ਪ੍ਰਭੂ ਦੇ ਅਦਬ ਤੇ ਪਿਆਰ ਦਾ ਸਦਕਾ ਉਹ ਪ੍ਰਭੂ ਦੀ ਭਗਤੀ ਵਿਚ ਚਿੱਤ ਜੋੜੀ ਰੱਖਦੇ ਹਨ ।੭।
ਮਨਮੁਖੁ ਨਿੰਦਾ ਕਰਿ ਕਰਿ ਵਿਗੁਤਾ ॥
ਹੇ ਭਾਈ! ਮਨ ਦਾ ਮੁਰੀਦ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ ਦੁੱਖੀ ਹੁੰਦਾ ਰਹਿੰਦਾ ਹੈ,
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥
ਉਸ ਦੇ ਅੰਦਰ ਲੋਭ ਜ਼ੋਰ ਪਾਈ ਰੱਖਦਾ ਹੈ, ਜਿਵੇਂ ਕੁੱਤਾ (ਨਿੱਤ) ਭੌਂਕਦਾ ਰਹਿੰਦਾ ਹੈ ।
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥੮॥
ਹੇ ਭਾਈ! ਆਤਮਕ ਮੌਤ ਅਜਿਹੇ ਮਨੁੱਖ ਦੀ ਕਦੇ ਖ਼ਲਾਸੀ ਨਹੀਂ ਕਰਦੀ, ਅਖ਼ੀਰ ਮਰਨ ਵੇਲੇ ਭੀ ਉਹ ਇਥੋਂ ਹੱਥ ਮਲਦਾ ਹੀ ਜਾਂਦਾ ਹੈ ।੮।
ਸਚੈ ਸਬਦਿ ਸਚੀ ਪਤਿ ਹੋਈ ॥
ਹੇ ਭਾਈ! ਪ੍ਰਭੂ ਨੇ ਅਜਿਹੀ ਮਰਯਾਦਾ ਬਣਾ ਰੱਖੀ ਹੈ ਕਿ ਗੁਰੂ (ਦੀ ਸਰਨ ਪੈਣ) ਤੋਂ ਬਿਨਾ ਕੋਈ ਮਨੁੱਖ ਪ੍ਰਭੂ ਦਾ ਨਾਮ ਪ੍ਰਾਪਤ ਨਹੀਂ ਕਰ ਸਕਦਾ,
ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥
ਤੇ, ਨਾਮ (ਜਪਣ) ਤੋਂ ਬਿਨਾ ਕੋਈ ਮਨੁੱਖ (ਲੋਭ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਪਾ ਸਕਦਾ ।
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥੯॥
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਦਾ ਕਾਇਮ ਰਹਿਣ ਵਾਲੀ ਇੱਜ਼ਤ ਮਿਲ ਜਾਂਦੀ ਹੈ ।੯।
ਇਕਿ ਸਿਧ ਸਾਧਿਕ ਬਹੁਤੁ ਵੀਚਾਰੀ ॥
ਹੇ ਭਾਈ! ਕਈ (ਐਸੇ ਹਨ ਜੋ) ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ (ਅਖਵਾਂਦੇ) ਹਨ, ਕਈ (ਅਜੇ) ਜੋਗ-ਸਾਧਨ ਕਰ ਰਹੇ ਹਨ, ਕਈ ਚਰਚਾ (ਆਦਿਕ) ਕਰਨ ਵਾਲੇ ਹਨ ।
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥
ਕਈ ਦਿਨ ਰਾਤ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ ।
ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥੧੦॥
ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਉਹ (ਸਹੀ ਜੀਵਨ-ਰਾਹ) ਸਮਝ ਲੈਂਦਾ ਹੈ । ਪ੍ਰਭੂ ਦੀ ਭਗਤੀ ਤੇ ਪ੍ਰਭੂ-ਪ੍ਰੇਮ ਦੀ ਬਰਕਤਿ ਨਾਲ (ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ ।੧੦।
ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥
ਹੇ ਭਾਈ! ਅਨੇਕਾਂ ਪ੍ਰਾਣੀ ਤੀਰਥਾਂ ਦੇ ਇਸ਼ਨਾਨ ਕਰਦੇ ਹਨ, ਦਾਨ ਕਰਦੇ ਹਨ (ਪਰ ਇਹਨਾਂ ਕਰਮਾਂ ਨਾਲ ਉਹ ਸਹੀ ਜੀਵਨ-ਰਾਹ) ਨਹੀਂ ਸਮਝ ਸਕਦੇ ।
ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ ॥
ਕਈ ਐਸੇ ਹਨ ਜੋ ਆਪਣੇ ਮਨ ਨੂੰ (ਵਿਕਾਰਾਂ ਵਲੋਂ) ਮਾਰ ਕੇ ਸਦਾ ਮਨ ਨਾਲ ਹੀ ਜੰਗ ਕਰਦੇ ਰਹਿੰਦੇ ਹਨ ।
ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥੧੧॥
ਉਹ ਇਕ ਪ੍ਰਭੂ ਦੇ ਪ੍ਰੇਮ-ਰੰਗ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਹੀ ਰੱਤੇ ਰਹਿੰਦੇ ਹਨ । ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਉਹਨਾਂ ਦਾ ਮੇਲ ਹੋਇਆ ਰਹਿੰਦਾ ਹੈ ।੧੧।
ਆਪੇ ਸਿਰਜੇ ਦੇ ਵਡਿਆਈ ॥
(ਪਰ, ਹੇ ਭਾਈ! ਜੀਵਾਂ ਦੇ ਵੱਸ ਦੀ ਗੱਲ ਨਹੀਂ) । ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਇੱਜ਼ਤ ਦੇਂਦਾ ਹੈ;
ਆਪੇ ਭਾਣੈ ਦੇਇ ਮਿਲਾਈ ॥
ਆਪ ਹੀ ਆਪਣੀ ਰਜ਼ਾ ਅਨੁਸਾਰ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।
ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥੧੨॥
ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤੇ ਜੀਵ ਦੇ ਮਨ ਵਿਚ ਆ ਵੱਸਦਾ ਹੈ—ਪ੍ਰਭੂ ਨੇ ਇਹੋ ਜਿਹਾ ਹੀ ਹੁਕਮ ਵਰਤਾਇਆ ਹੋਇਆ ਹੈ ।੧੨।
ਸਤਿਗੁਰੁ ਸੇਵਹਿ ਸੇ ਜਨ ਸਾਚੇ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦਾ ਦਰ ਮੱਲਦੇ ਹਨ, ਉਹ ਮਨੁੱਖ ਟਿਕਵੇਂ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ।
ਮਨਮੁਖ ਸੇਵਿ ਨ ਜਾਣਨਿ ਕਾਚੇ ॥
ਪਰ ਮਨ ਦੇ ਮੁਰੀਦ ਗੁਰੂ ਦਾ ਦਰ ਮੱਲਣਾ ਨਹੀਂ ਜਾਣਦੇ, ਉਹ ਕਮਜ਼ੋਰ ਜੀਵਨ ਵਾਲੇ ਰਹਿ ਜਾਂਦੇ ਹਨ ।
ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥੧੩॥
(ਪਰ, ਜੀਵਾਂ ਦੇ ਕੀਹ ਵੱਸ?) ਕਰਤਾਰ ਆਪ ਹੀ ਇਹ ਕੌਤਕ ਕਰ ਕਰ ਕੇ ਵੇਖ ਰਿਹਾ ਹੈ । ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਹੀ ਜੀਵਾਂ ਨੂੰ ਕਾਰੇ ਲਾ ਰਿਹਾ ਹੈ ।੧੩।
ਜੁਗਿ ਜੁਗਿ ਸਾਚਾ ਏਕੋ ਦਾਤਾ ॥
ਹੇ ਭਾਈ! ਹਰੇਕ ਜੁਗ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ (ਨਾਮ ਦੀ ਦਾਤਿ) ਦੇਣ ਵਾਲਾ ਹੈ ।
ਪੂਰੈ ਭਾਗਿ ਗੁਰ ਸਬਦੁ ਪਛਾਤਾ ॥
(ਜਿਸ ਨੂੰ ਇਹ ਦਾਤਿ ਦੇਂਦਾ ਹੈ ਉਹ ਮਨੁੱਖ) ਵੱਡੀ ਕਿਸਮਤ ਨਾਲ ਗੁਰੂ ਦੇ ਸ਼ਬਦ (ਦੀ ਕਦਰ) ਨੂੰ ਸਮਝ ਲੈਂਦਾ ਹੈ ।
ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥੧੪॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਲੀਨ ਹੋ ਜਾਂਦੇ ਹਨ ਉਹ ਉਥੋਂ ਫਿਰ ਵਿੱਛੁੜਦੇ ਨਹੀਂ । ਹੇ ਭਾਈ! ਪ੍ਰਭੂ ਉਹਨਾਂ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਆਤਮਕ ਅਡੋਲਤਾ ਵਿਚ ਮਿਲਾਈ ਰੱਖਦਾ ਹੈ ।੧੪।
ਹਉਮੈ ਮਾਇਆ ਮੈਲੁ ਕਮਾਇਆ ॥
ਹੇ ਭਾਈ! ਜਿਹੜੇ ਮਨੁੱਖ ਮਾਇਆ ਦੀ ਹਉਮੈ ਦੇ ਕਾਰਨ ਵਿਕਾਰਾਂ ਦੀ ਮੈਲ ਹੀ ਇਕੱਠੀ ਕਰਦੇ ਹਨ,
ਮਰਿ ਮਰਿ ਜੰਮਹਿ ਦੂਜਾ ਭਾਇਆ ॥
ਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਉਹਨਾਂ ਨੂੰ ਉਹ ਦੂਜਾ ਪਾਸਾ ਹੀ ਪਿਆਰਾ ਲੱਗਦਾ ਹੈ ।
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥੧੫॥
ਪਰ ਤੁਸੀ ਬੇ-ਸ਼ੱਕ ਆਪਣੇ ਮਨ ਵਿਚ ਡੂੰਘੀ ਵਿਚਾਰ ਕਰ ਕੇ ਵੇਖ ਲਵੋ, ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਮੈਲ ਤੋਂ) ਖ਼ਲਾਸੀ ਨਹੀਂ ਹੋ ਸਕਦੀ ।੧੫।