Sri Guru Granth Sahib Ji — Ang 1031 (punjabi)
ਹਉਮੈ ਮਮਤਾ ਕਰਦਾ ਆਇਆ ॥
ਜੀਵ ਦੁਨੀਆ ਦੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਵਿਚ ਬੱਝਾ ਚਲਾ ਆ ਰਿਹਾ ਹੈ,
ਆਸਾ ਮਨਸਾ ਬੰਧਿ ਚਲਾਇਆ ॥
(ਜਨਮ ਜਨਮਾਂਤਰਾਂ ਤੋਂ) ਹਉਮੈ ਤੇ ਮਮਤਾ ਅਹੰਕਾਰ-ਭਰੀਆਂ ਗੱਲਾਂ ਕਰਦਾ ਆ ਰਿਹਾ ਹੈ ।
ਮੇਰੀ ਮੇਰੀ ਕਰਤ ਕਿਆ ਲੇ ਚਾਲੇ ਬਿਖੁ ਲਾਦੇ ਛਾਰ ਬਿਕਾਰਾ ਹੇ ॥੧੫॥
‘ਇਹ ਮਾਇਆ ਮੇਰੀ ਹੈ ਇਹ ਮਾਇਆ ਮੇਰੀ ਹੈ’—ਇਹ ਆਖ ਆਖ ਕੇ ਇਥੋਂ ਆਪਣੇ ਨਾਲ ਭੀ ਕੁਝ ਨਹੀਂ ਲੈ ਜਾ ਸਕਦਾ । ਵਿਕਾਰਾਂ ਦੀ ਸੁਆਹ ਵਿਕਾਰਾਂ ਦਾ ਜ਼ਹਰ ਹੀ ਲੱਦ ਲੈਂਦਾ ਹੈ (ਜੋ ਇਸ ਦੇ ਆਤਮਕ ਜੀਵਨ ਨੂੰ ਮਾਰ ਦੇਂਦਾ ਹੈ) ।੧੫।
ਹਰਿ ਕੀ ਭਗਤਿ ਕਰਹੁ ਜਨ ਭਾਈ ॥
ਹੇ ਭਾਈ ਜਨੋ! ਪਰਮਾਤਮਾ ਦੀ ਭਗਤੀ ਕਰੋ ।
ਅਕਥੁ ਕਥਹੁ ਮਨੁ ਮਨਹਿ ਸਮਾਈ ॥
ਉਸ ਪਰਮਾਤਮਾ ਨੂੰ ਯਾਦ ਕਰਦੇ ਰਹੋ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, (ਇਸ ਤਰ੍ਹਾਂ ਇਹ ਵਿਕਾਰੀ) ਮਨ (ਰੱਬ) ਮਨ ਵਿਚ ਹੀ ਲੀਨ ਹੋ ਜਾਇਗਾ ।
ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੁਖੁ ਕਾਟੇ ਕਾਟਣਹਾਰਾ ਹੇ ॥੧੬॥
ਹੇ ਭਾਈ! ਇਸ ਮਨ ਨੂੰ ਜੋ (ਮਾਇਆ ਦੇ ਪਿੱਛੇ) ਉਠ ਉਠ ਕੇ ਭੱਜਦਾ ਹੈ ਰੋਕ ਕੇ ਆਪਣੇ ਅਡੋਲ ਆਤਮਕ ਟਿਕਾਣੇ ਵਿਚ ਕਾਬੂ ਕਰ ਰੱਖੋ । (ਇਸ ਤਰ੍ਹਾਂ) ਸਾਰੇ ਦੁੱਖ ਕੱਟਣ ਦੇ ਸਮਰੱਥ ਪ੍ਰਭੂ ਦੁੱਖ ਦੂਰ ਕਰ ਦੇਵੇਗਾ ।੧੬।
ਹਰਿ ਗੁਰ ਪੂਰੇ ਕੀ ਓਟ ਪਰਾਤੀ ॥
ਜਿਸ ਮਨੁੱਖ ਨੇ ਪਰਮਾਤਮਾ ਦੀ ਤੇ ਪੂਰੇ ਗੁਰੂ ਦੀ ਸਰਨ ਦੀ ਕਦਰ ਪਛਾਣ ਲਈ ਹੈ,
ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥
ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਰਾਹੀਂ ਪਰਮਾਤਮਾ ਵਿਚ ਸੁਰਤਿ ਜੋੜਨੀ ਸਮਝ ਲਈ ਹੈ,
ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥੧੭॥੪॥੧੦॥
ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦੀ ਮਤਿ ਸੇ੍ਰਸ਼ਟ ਹੋ ਜਾਂਦੀ ਹੈ, ਪਰਮਾਤਮਾ ਉਸ ਉਤੇ ਮੇਹਰ ਕਰਦਾ ਹੈ ਤੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੧੭।੪।੧੦।
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਸਰਣਿ ਪਰੇ ਗੁਰਦੇਵ ਤੁਮਾਰੀ ॥
ਹੇ ਪ੍ਰਭੂ! ਮੈਂ ਤੇਰੀ ਸਰਨ ਆ ਪਿਆ ਹਾਂ, ਤੂੰ (ਕਾਮਾਦਿਕ) ਵੈਰੀਆਂ ਦਾ ਮਾਰਨ ਵਾਲਾ ਹੈਂ
ਤੂ ਸਮਰਥੁ ਦਇਆਲੁ ਮੁਰਾਰੀ ॥
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ ।
ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥੧॥
ਜੀਵ ਤੇਰੇ ਕੌਤਕ ਸਮਝ ਨਹੀਂ ਸਕਦਾ, ਤੂੰ ਸਭ ਗੁਣਾਂ ਦਾ ਮਾਲਕ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ।੧।
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥
ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ (ਸਭ ਜੀਵਾਂ ਦੀ) ਪਾਲਣਾ ਕਰਦਾ ਆ ਰਿਹਾ ਹੈਂ,
ਘਟਿ ਘਟਿ ਰੂਪੁ ਅਨੂਪੁ ਦਇਆਲਾ ॥
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੇਰਾ ਰੂਪ ਐਸਾ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ, ਤੂੰ ਦਇਆ ਦਾ ਸੋਮਾ ਹੈਂ ।
ਜਿਉ ਤੁਧੁ ਭਾਵੈ ਤਿਵੈ ਚਲਾਵਹਿ ਸਭੁ ਤੇਰੋ ਕੀਆ ਕਮਾਤਾ ਹੇ ॥੨॥
ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਹਾ ਹੈਂ, ਹਰੇਕ ਜੀਵ ਤੇਰਾ ਹੀ ਪੇ੍ਰਰਿਆ ਹੋਇਆ (ਕਰਮ) ਕਰਦਾ ਹੈ ।੨।
ਅੰਤਰਿ ਜੋਤਿ ਭਲੀ ਜਗਜੀਵਨ ॥
ਜਗਤ ਦੇ ਜੀਵਨ ਪ੍ਰਭੂ ਦੀ ਜੋਤਿ ਹਰੇਕ ਦੇ ਅੰਦਰ ਸੋਭ ਰਹੀ ਹੈ, ਸਾਰੇ ਸਰੀਰਾਂ ਵਿਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ, ਮਾਣ ਰਿਹਾ ਹੈ ।
ਸਭਿ ਘਟ ਭੋਗੈ ਹਰਿ ਰਸੁ ਪੀਵਨ ॥
ਇਹ ਹਰਿ-ਨਾਮ-ਰਸ ਆਪ ਹੀ (ਜੀਵਾਂ ਵਿਚ ਬੈਠਾ) ਲੈ ਰਿਹਾ ਹੈ, ਆਪ ਹੀ (ਜੀਵਾਂ ਨੂੰ ਇਹ ਨਾਮ-ਰਸ) ਦੇਂਦਾ ਹੈ ।
ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥੩॥
ਜਗਤ ਦਾ ਪਿਤਾ ਪ੍ਰਭੂ ਤਿੰਨਾਂ ਹੀ ਭਵਨਾਂ ਵਿਚ ਮੌਜੂਦ ਹੈ ਤੇ ਸਭ ਦਾਤਾਂ ਦੇ ਰਿਹਾ ਹੈ ।੩।
ਜਗਤੁ ਉਪਾਇ ਖੇਲੁ ਰਚਾਇਆ ॥
ਜਗਤ ਪੈਦਾ ਕਰ ਕੇ ਪ੍ਰਭੂ ਨੇ (ਮਾਨੋ, ਇਕ) ਖੇਡ ਬਣਾ ਦਿੱਤੀ ਹੈ; ਹਵਾ ਪਾਣੀ ਅੱਗ (ਆਦਿਕ ਤੱਤਾਂ ਨੂੰ ਇਕੱਠਾ ਕਰ ਕੇ ਤੇ ਸਰੀਰ ਬਣਾ ਕੇ ਉਸ ਵਿਚ) ਜਿੰਦ ਟਿਕਾ ਦਿੱਤੀ ਹੈ ।
ਪਵਣੈ ਪਾਣੀ ਅਗਨੀ ਜੀਉ ਪਾਇਆ ॥
ਇਸ ਸਰੀਰ-ਨਗਰੀ ਨੂੰ ਉਸ ਨੇ ਨੌ ਦਰਵਾਜ਼ੇ (ਤਾਂ ਪਰਗਟ ਤੌਰ ਤੇ) ਲਾ ਦਿੱਤੇ ਹਨ,
ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥੪॥
(ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿਚ ਪਹੁੰਚੀਦਾ ਹੈ) ਉਹ ਦਸਵਾਂ ਦਰਵਾਜ਼ਾ (ਉਸ ਨੇ) ਗੁਪਤ ਰੱਖਿਆ ਹੋਇਆ ਹੈ ।੪।
ਚਾਰਿ ਨਦੀ ਅਗਨੀ ਅਸਰਾਲਾ ॥
(ਇਸ ਜਗਤ ਵਿਚ ਨਿਰਦਇਤਾ ਮੋਹ ਲੋਭ ਤੇ ਕੋ®ਧ) ਚਾਰ ਅੱਗ ਦੀਆਂ ਭਿਆਨਕ ਨਦੀਆਂ ਹਨ ।
ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥
ਪਰ ਕੋਈ ਵਿਰਲਾ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ,
ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥੫॥
(ਨਹੀਂ ਤਾਂ) ਮਾਇਆ-ਵੇੜ੍ਹੇ ਜੀਵ ਭੈੜੀ ਮੱਤੇ ਲੱਗ ਕੇ (ਇਹਨਾਂ ਨਦੀਆਂ ਵਿਚ) ਗੋਤੇ ਖਾਂਦੇ ਹਨ ਤੇ ਸੜਦੇ ਹਨ । ਜਿਨ੍ਹਾਂ ਨੂੰ ਗੁਰੂ ਨੇ (ਇਹਨਾਂ ਅੱਗ-ਨਦੀਆਂ ਤੋਂ) ਬਚਾ ਲਿਆ ਉਹ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦੇ ਹਨ ।੫।
ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥
ਉਸ ਘਰ ਵਿਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ ।
ਤਿਨ ਮਹਿ ਪੰਚ ਤਤੁ ਘਰਿ ਵਾਸਾ ॥
ਪਾਣੀ ਅੱਗ ਹਵਾ ਧਰਤੀ ਤੇ ਆਕਾਸ਼—ਇਹਨਾਂ ਪੰਜਾਂ ਦੇ ਮੇਲ ਦੀ ਰਾਹੀਂ ਪਰਮਾਤਮਾ ਨੇ ਪੰਜ-ਤੱਤੀ ਘਰ ਬਣਾ ਦਿੱਤਾ ਹੈ
ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥੬॥
ਜੇਹੜੇ ਜੀਵ ਸਤਿਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੀ ਖ਼ਾਤਰ ਭਟਕਣਾ ਛੱਡ ਕੇ ਪਰਮਾਤਮਾ ਦੇ ਪੇ੍ਰਮ-ਰੰਗ ਵਿਚ ਰੰਗੇ ਰਹਿੰਦੇ ਹਨ ।੬।
ਇਹੁ ਮਨੁ ਭੀਜੈ ਸਬਦਿ ਪਤੀਜੈ ॥
ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਭਿੱਜ ਜਾਂਦਾ ਹੈ (ਸ਼ਬਦ ਵਿਚ ਖ਼ੁਸ਼ ਹੋ ਕੇ ਜੁੜਦਾ ਹੈ)
ਬਿਨੁ ਨਾਵੈ ਕਿਆ ਟੇਕ ਟਿਕੀਜੈ ॥
ਉਹ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਪ੍ਰਸੰਨ ਹੁੰਦਾ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਭਾਲਦਾ ।
ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥੭॥
ਪਰ ਜੋ ਮਨੁੱਖ ਮਾਇਆ-ਵੇੜ੍ਹਿਆ ਹੈ ਉਸ ਦੇ ਅੰਦਰ (ਵਿਕਾਰੀ ਮਨ-) ਚੋਰ ਦਾ ਘਰ-ਘਾਟ ਲੁੱਟਦਾ ਜਾਂਦਾ ਹੈ, ਇਸ ਮਾਇਆ-ਵੇੜ੍ਹੇ ਜੀਵ ਨੇ ਇਸ ਚੋਰ ਨੂੰ ਪਛਾਣਿਆ ਹੀ ਨਹੀਂ ।੭।
ਦੁੰਦਰ ਦੂਤ ਭੂਤ ਭੀਹਾਲੇ ॥
ਜਿਸ ਮਨੁੱਖ ਦੇ ਅੰਦਰ ਰੌਲਾ ਪਾਣ ਵਾਲੇ ਤੇ ਡਰਾਉਣੇ ਭੂਤਾਂ ਵਰਗੇ ਕਾਮਾਦਿਕ ਵੈਰੀ ਵੱਸਦੇ ਹੋਣ
ਖਿੰਚੋਤਾਣਿ ਕਰਹਿ ਬੇਤਾਲੇ ॥
ਤੇ ਉਹ ਭੂਤ ਆਪੋ ਆਪਣੇ ਪਾਸੇ ਵਲ ਖਿੱਚਾ-ਖਿੱਚੀ ਕਰ ਰਹੇ ਹੋਣ,
ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥੮॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤਿ-ਸੂਝ ਤੋਂ ਵਾਂਜਿਆ ਰਹਿ ਕੇ ਜੰਮਦਾ ਮਰਦਾ ਰਹਿੰਦਾ ਹੈ, ਆਪਣੀ ਇੱਜ਼ਤ ਗਵਾ ਲੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।੮।
ਕੂੜੁ ਕਲਰੁ ਤਨੁ ਭਸਮੈ ਢੇਰੀ ॥
ਹੇ ਜੀਵ! ਤੂੰ ਸਾਰੀ ਉਮਰ ਕੂੜ (-ਰੂਪ) ਕੱਲਰ ਹੀ (ਵਿਹਾਝਦਾ ਹੈਂ), ਸਰੀਰ ਭੀ ਆਖ਼ਰ ਸੁਆਹ ਦੀ ਢੇਰੀ ਹੋ ਜਾਣ ਵਾਲਾ ਹੈ (ਤੇਰੇ ਪੱਲੇ ਕੀਹ ਪਿਆ ਹੈ?)
ਬਿਨੁ ਨਾਵੈ ਕੈਸੀ ਪਤਿ ਤੇਰੀ ॥
ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈਂ ।
ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥੯॥
ਮਾਇਆ ਦੇ ਮੋਹ ਵਿਚ ਬੱਝੇ ਹੋਏ ਦੀ ਖ਼ਲਾਸੀ ਪ੍ਰਭੂ ਦੇ ਨਾਮ ਤੋਂ ਬਿਨਾ ਕਦੇ ਭੀ ਨਹੀਂ ਹੋ ਸਕੇਗੀ (ਇਉਂ ਹੈ ਜਿਵੇਂ) ਕਾਲ-ਜਮਦੂਤ ਨੇ ਤੈਨੂੰ (ਖ਼ਾਸ ਤੌਰ ਤੇ) ਪਛਾਣਿਆ ਹੋਇਆ ਹੈ (ਕਿ ਇਹ ਮੇਰਾ ਸ਼ਿਕਾਰ ਹੈ) ।੯।
ਜਮ ਦਰਿ ਬਾਧੇ ਮਿਲਹਿ ਸਜਾਈ ॥
(ਕੂੜ ਕੱਲਰ ਦੇ ਵਪਾਰੀ ਨੂੰ) ਜਮ ਦੇ ਦਰ ਤੇ ਬੱਝੇ ਨੂੰ ਸਜ਼ਾਵਾਂ ਮਿਲਦੀਆਂ ਹਨ,
ਤਿਸੁ ਅਪਰਾਧੀ ਗਤਿ ਨਹੀ ਕਾਈ ॥
ਉਸ (ਵਿਚਾਰੇ) ਮੰਦ-ਕਰਮੀ ਦਾ ਭੈੜਾ ਹਾਲ ਹੁੰਦਾ ਹੈ,
ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥੧੦॥
ਵਿਲਕਦਾ ਹੈ ਤਰਲੇ ਲੈਂਦਾ ਹੈ (ਪਰ ਮੋਹ ਦੀ ਫਾਹੀ ਵਿਚੋਂ ਖ਼ਲਾਸੀ ਨਹੀਂ ਹੁੰਦੀ) ਜਿਵੇਂ ਮੱਛੀ ਕੁੰਡੀ ਵਿਚ ਫਸ ਜਾਂਦੀ ਹੈ ।੧੦।
ਸਾਕਤੁ ਫਾਸੀ ਪੜੈ ਇਕੇਲਾ ॥
ਮਾਇਆ-ਵੇੜ੍ਹਿਆ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਜਮ ਦੇ ਵੱਸ ਵਿਚ ਪਿਆ ਦੁੱਖੀ ਹੁੰਦਾ ਹੈ,
ਜਮ ਵਸਿ ਕੀਆ ਅੰਧੁ ਦੁਹੇਲਾ ॥
ਉਸ ਦੀ ਇਕੱਲੀ ਆਪਣੀ ਜਿੰਦ ਉਸ ਫਾਹੀ ਵਿਚ ਫਸੀ ਹੁੰਦੀ ਹੈ ।
ਰਾਮ ਨਾਮ ਬਿਨੁ ਮੁਕਤਿ ਨ ਸੂਝੈ ਆਜੁ ਕਾਲਿ ਪਚਿ ਜਾਤਾ ਹੇ ॥੧੧॥
(ਉਹ ਮਾਇਆ-ਵੇੜ੍ਹਿਆ ਜੀਵ ਪ੍ਰਭੂ-ਨਾਮ ਤੋਂ ਵਾਂਜਿਆਂ ਰਹਿੰਦਾ ਹੈ, ਤੇ) ਹਰੀ-ਨਾਮ ਤੋਂ ਬਿਨਾ ਖ਼ਲਾਸੀ ਦਾ ਕੋਈ ਵਸੀਲਾ ਨਹੀਂ ਸੁੱਝ ਸਕਦਾ, ਨਿੱਤ (ਮੋਹ ਦੀ ਫਾਹੀ ਵਿਚ ਹੀ) ਖ਼ੁਆਰ ਹੁੰਦਾ ਹੈ ।੧੧।
ਸਤਿਗੁਰ ਬਾਝੁ ਨ ਬੇਲੀ ਕੋਈ ॥
ਸਤਿਗੁਰੂ ਤੋਂ ਬਿਨਾ (ਜੀਵਨ-ਰਾਹ ਦੱਸਣ ਵਾਲਾ) ਕੋਈ ਮਦਦਗਾਰ ਨਹੀਂ ਬਣਦਾ
ਐਥੈ ਓਥੈ ਰਾਖਾ ਪ੍ਰਭੁ ਸੋਈ ॥
(ਗੁਰੂ ਹੀ ਦੱਸਦਾ ਹੈ ਕਿ) ਲੋਕ ਪਰਲੋਕ ਵਿਚ ਪਰਮਾਤਮਾ ਹੀ (ਜੀਵ ਦੀ) ਰਾਖੀ ਕਰਨ ਵਾਲਾ ਹੈ ।
ਰਾਮ ਨਾਮੁ ਦੇਵੈ ਕਰਿ ਕਿਰਪਾ ਇਉ ਸਲਲੈ ਸਲਲ ਮਿਲਾਤਾ ਹੇ ॥੧੨॥
(ਸਤਿਗੁਰੂ) ਮੇਹਰ ਕਰ ਕੇ ਪਰਮਾਤਮਾ ਦਾ ਨਾਮ ਬਖ਼ਸ਼ਦਾ ਹੈ, ਇਸ ਤਰ੍ਹਾਂ (ਜੀਵ ਪਰਮਾਤਮਾ ਦੇ ਚਰਨਾਂ ਵਿਚ ਇਉਂ ਮਿਲ ਜਾਂਦਾ ਹੈ, ਜਿਵੇਂ) ਪਾਣੀ ਵਿਚ ਪਾਣੀ ਰਲ ਜਾਂਦਾ ਹੈ ।੧੨।