Sri Guru Granth Sahib Ji — Ang 1024 (punjabi)
ਗੁਰਮੁਖਿ ਵਿਰਲਾ ਚੀਨੈ ਕੋਈ ॥
ਪਰ ਜੇਹੜਾ ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈਂਦਾ ਹੈ
ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥
ਉਹ (ਜੀਵਨ ਦੇ ਸਹੀ ਰਾਹ ਨੂੰ) ਪਛਾਣਦਾ ਹੈ, ਉਹ ਉਸੇ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਸਦਾ-ਥਿਰ ਪ੍ਰਭੂ ਉਸ ਦੇ ਅੰਦਰ ਪ੍ਰਤੱਖ ਵੱਸਦਾ ਹੈ ।੮।
ਰਾਜੇ ਧਰਮੁ ਕਰਹਿ ਪਰਥਾਏ ॥
ਰਾਜੇ ਲੋਕ ਕਿਸੇ ਗ਼ਰਜ਼ ਦੀ ਖ਼ਾਤਰ ਧਰਮ ਕਮਾਂਦੇ ਹਨ,
ਆਸਾ ਬੰਧੇ ਦਾਨੁ ਕਰਾਏ ॥
ਦੁਨਿਆਵੀ ਆਸਾਂ ਦੇ ਬੱਝੇ ਹੋਏ ਦਾਨ-ਪੁੰਨ ਕਰਦੇ ਹਨ (ਇਹ ਸਭ ਕੁਝ ਉਸ ਲਕ-ਟੁੱਟੀ ਦਇਆ ਦੇ ਕਾਰਨ ਹੀ ਕਰਦੇ ਹਨ, ਇਹ ਲੋਕ ਤੇ ਪਰਲੋਕ ਦੋਹਾਂ ਦੇ ਸੁਖ ਹੀ ਭਾਲਦੇ ਹਨ) ।
ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥
(ਦਾਨ-ਪੁੰਨ ਆਦਿਕ ਦੇ) ਕਰਮ ਕਰ ਕੇ ਥੱਕ ਜਾਂਦੇ ਹਨ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਦੇ ਸੁਖਾਂ ਦੀਆਂ ਆਸਾਂ ਤੋਂ) ਉਹਨਾਂ ਨੂੰ ਖ਼ਲਾਸੀ ਨਹੀਂ ਮਿਲਦੀ (ਇਸ ਵਾਸਤੇ ਆਤਮਕ ਆਨੰਦ ਨਹੀਂ ਮਿਲਦਾ) ।੯।
ਕਰਮ ਧਰਮ ਕਰਿ ਮੁਕਤਿ ਮੰਗਾਹੀ ॥
ਸਿਰਜਣਹਾਰ ਨੇ ਇਹ ਜਗਤ-ਰਚਨਾ ਕਰ ਕੇ ਜੀਵਾਂ ਨੂੰ ਅਜਬ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ (ਦਾਨ-ਪੁੰਨ ਤੀਰਥ ਆਦਿਕ) ਕਰਮ ਕਰ ਕੇ ਮੁਕਤੀ ਮੰਗਦੇ ਹਨ ।
ਮੁਕਤਿ ਪਦਾਰਥੁ ਸਬਦਿ ਸਲਾਹੀ ॥
ਪਰ ਮੁਕਤੀ ਦੇਣ ਵਾਲਾ ਨਾਮ-ਪਦਾਰਥ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਮਿਲਦਾ ਹੈ ।
ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥
(ਇਹ ਪੱਕੀ ਗੱਲ ਹੈ ਕਿ ਸਮੇ ਦਾ ਨਾਮ ਚਾਹੇ ਸਤਜੁਗ ਰੱਖ ਲਵੋ ਚਾਹੇ ਤ®ੇਤਾ ਤੇ ਚਾਹੇ ਦੁਆਪੁਰ) ਗੁਰੂ ਦੇ ਸ਼ਬਦ ਤੋਂ ਬਿਨਾ ਮੁਕਤੀ ਨਹੀਂ ਮਿਲ ਸਕਦੀ ।੧੦।
ਮਾਇਆ ਮਮਤਾ ਛੋਡੀ ਨ ਜਾਈ ॥
(ਸਮਾ ਕੋਈ ਭੀ ਹੋਵੇ) ਮਾਇਆ ਦੀ ਅਪਣੱਤ ਛੱਡੀ ਨਹੀਂ ਜਾ ਸਕਦੀ ।
ਸੇ ਛੂਟੇ ਸਚੁ ਕਾਰ ਕਮਾਈ ॥
ਸਿਰਫ਼ ਉਹੀ ਬੰਦੇ (ਇਸ ਮਮਤਾ ਦੇ ਪੰਜੇ ਵਿਚੋਂ) ਖ਼ਲਾਸੀ ਪਾਂਦੇ ਹਨ ਜੇਹੜੇ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ,
ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥
ਜੇਹੜੇ ਦਿਨ ਰਾਤ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ, ਜੇਹੜੇ ਉਸ ਦੇ ਗੁਣਾਂ ਦੀ ਵਿਚਾਰ ਕਰਦੇ ਹਨ ਤੇ (ਇਸ ਤਰ੍ਹਾਂ) ਜਿਨ੍ਹਾਂ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਬਣੀ ਰਹਿੰਦੀ ਹੈ ।੧੧।
ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥
ਹੇ ਪ੍ਰਭੂ! ਅਨੇਕਾਂ ਬੰਦੇ ਐਸੇ ਹਨ ਜੋ ਜਪ ਕਰਦੇ ਹਨ ਤਪ ਤਾਪਦੇ ਹਨ ਤੀਰਥਾਂ ਤੇ ਜਾਂਦੇ ਹਨ (ਤੇ ਇਸ ਤਰ੍ਹਾਂ ਇਸ ਲੋਕ ਵਿਚ ਤੇ ਪਰਲੋਕ ਵਿਚ ਇੱਜ਼ਤ ਹਾਸਲ ਕਰਨੀ ਚਾਹੁੰਦੇ ਹਨ) ।
ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥
(ਪਰ ਹੇ ਪ੍ਰਭੂ! ਉਹਨਾਂ ਦੇ ਭੀ ਕੀਹ ਵੱਸ?) ਜਿਵੇਂ ਤੇਰੀ ਰਜ਼ਾ ਹੈ ਤੂੰ ਉਹਨਾਂ ਨੂੰ ਇਸ ਰਾਹੇ ਤੋਰ ਰਿਹਾ ਹੈਂ ।
ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥
(ਉਹ ਵਿਚਾਰੇ ਨਹੀਂ ਸਮਝਦੇ ਕਿ) ਧੱਕੇ ਨਾਲ ਇੰਦਿ®ਆਂ ਨੂੰ ਵੱਸ ਕਰਨ ਦਾ ਜਤਨ ਕੀਤਿਆਂ ਇਹ ਕਦੇ ਨ ਪਤੀਜਣ ਵਾਲਾ ਮਨ ਤੇਰੇ ਨਾਮ-ਰਸ ਵਿਚ ਗਿੱਝ ਨਹੀਂ ਸਕਦਾ । ਗੁਰੂ ਦੀ ਸਰਨ ਤੋਂ ਬਿਨਾ ਕਿਸੇ ਨੇ ਕਦੇ ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਨਹੀਂ ਪ੍ਰਾਪਤ ਕੀਤੀ (ਸਮੇ ਤੇ ਜੁਗ ਦਾ ਨਾਮ ਚਾਹੇ ਕੁਝ ਪਿਆ ਹੋਵੇ) ।੧੨।
ਕਲੀ ਕਾਲ ਮਹਿ ਇਕ ਕਲ ਰਾਖੀ ॥
(ਜੇ ਧਰਮ-ਸੱਤਿਆ ਦੇ ਚਾਰ ਹਿੱਸੇ ਕਰ ਦਿੱਤੇ ਜਾਣ ਤੇ ਜੇ ਕਿਸੇ ਮਨੁੱਖ ਦੇ ਅੰਦਰ) ਧਰਮ ਦੀ ਇਕੋ ਸਤਿਆ ਰਹਿ ਜਾਏ ਤਾਂ ਉਹ ਮਨੁੱਖ, ਮਾਨੋ, ਕਲਿਜੁਗ ਵਿਚ ਵੱਸਦਾ ਹੈ,
ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥
ਪੂਰੇ ਗੁਰੂ ਤੋਂ ਬਿਨਾ ਕਦੇ ਕਿਸੇ ਨੇ ਇਹ ਗੱਲ ਨਹੀਂ ਸਮਝਾਈ
ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਸ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਹੀ ਆਪਣਾ ਜ਼ੋਰ ਪਾਈ ਰੱਖਦਾ ਹੈ (ਉਸ ਦੇ ਅੰਦਰ ਸਦਾ ਮਾਇਆ ਦੀ ਭਟਕਣਾ ਬਣੀ ਰਹਿੰਦੀ ਹੈ) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ।੧੩।
ਸਤਿਗੁਰੁ ਵੇਪਰਵਾਹੁ ਸਿਰੰਦਾ ॥
ਸਤਿਗੁਰੂ ਸਿਰਜਣਹਾਰ ਦਾ ਰੂਪ ਹੈ, ਗੁਰੂ ਦੁਨੀਆ ਦੀਆਂ ਗ਼ਰਜ਼ਾਂ ਤੋਂ ਬਹੁਤ ਉੱਚਾ ਹੈ
ਨਾ ਜਮ ਕਾਣਿ ਨ ਛੰਦਾ ਬੰਦਾ ॥
ਗੁਰੂ ਨੂੰ ਜਮ ਦਾ ਡਰ ਨਹੀਂ, ਗੁਰੂ ਨੂੰ ਦੁਨੀਆ ਦੇ ਬੰਦਿਆਂ ਦੀ ਮੁਥਾਜੀ ਨਹੀਂ ।
ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥
ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਨਾਸ-ਰਹਿਤ ਹੋ ਜਾਂਦਾ ਹੈ (ਉਸ ਨੂੰ ਕਦੇ ਆਤਮਕ ਮੌਤ ਨਹੀਂ ਆਉਂਦੀ) ਮੌਤ ਦਾ ਡਰ ਉਸ ਨੂੰ ਕਦੇ ਨਹੀਂ ਸਤਾਂਦਾ ।੧੪।
ਗੁਰ ਮਹਿ ਆਪੁ ਰਖਿਆ ਕਰਤਾਰੇ ॥
ਕਰਤਾਰ ਨੇ ਆਪਣਾ ਆਪ ਗੁਰੂ ਵਿਚ ਲੁਕਾ ਰੱਖਿਆ ਹੈ
ਗੁਰਮੁਖਿ ਕੋਟਿ ਅਸੰਖ ਉਧਾਰੇ ॥
ਉਹ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ,
ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥
ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਨੂੰ (ਮਾਇਆ-ਮੋਹ ਆਦਿਕ ਦੀ) ਕੋਈ ਮੈਲ ਨਹੀਂ ਲੱਗ ਸਕਦੀ । ਉਹ ਕਰਤਾਰ ਗੁਰੂ ਦੀ ਰਾਹੀਂ ਕੋ®ੜਾਂ ਤੇ ਅਸੰਖਾਂ ਜੀਵਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ ।੧੫।
ਸਗਲੇ ਜਾਚਹਿ ਗੁਰ ਭੰਡਾਰੀ ॥
ਸਾਰੇ ਜੀਵ ਗੁਰੂ ਦੇ ਖ਼ਜ਼ਾਨੇ ਵਿਚੋਂ (ਉਸ ਪ੍ਰਭੂ ਦਾ ਨਾਮ) ਮੰਗਦੇ ਹਨ
ਆਪਿ ਨਿਰੰਜਨੁ ਅਲਖ ਅਪਾਰੀ ॥
ਜੋ ਆਪ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਜੋ ਅਲੱਖ ਹੈ ਤੇ ਬੇਅੰਤ ਹੈ ।
ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥
ਹੇ ਰਜ਼ਾ ਦੇ ਮਾਲਕ ਪ੍ਰਭੂ! ਨਾਨਕ (ਭੀ ਗੁਰੂ ਦੇ ਦਰ ਤੇ ਪੈ ਕੇ) ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ ਤੇ ਮੰਗਦਾ ਹੈ ਕਿ ਮੈਨੂੰ ਆਪਣੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਦਾਤਿ ਦੇਹ ।੧੬।੪।
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਸਾਚੈ ਮੇਲੇ ਸਬਦਿ ਮਿਲਾਏ ॥
ਉਸ ਸਦਾ-ਥਿਰ ਪ੍ਰਭੂ ਨੇ ਜਿਨ੍ਹਾਂ ਬੰਦਿਆਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ
ਜਾ ਤਿਸੁ ਭਾਣਾ ਸਹਜਿ ਸਮਾਏ ॥
ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜਿਆ ਤਾਂ ਜਦੋਂ ਉਸ ਨੂੰ ਚੰਗਾ ਲੱਗਾ, ਉਹ ਬੰਦੇ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਗਏ
ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥
ਪਰਮੇਸਰ ਨੇ ਆਪਣੀ ਜੋਤਿ ਤਿੰਨਾਂ ਭਵਨਾਂ ਵਿਚ ਟਿਕਾ ਰੱਖੀ ਹੈ; ਹੇ ਭਾਈ! ਕੋਈ ਹੋਰ ਉਸ ਪ੍ਰਭੂ ਵਰਗਾ ਨਹੀਂ ਹੈ ।
ਜਿਸ ਕੇ ਚਾਕਰ ਤਿਸ ਕੀ ਸੇਵਾ ॥
ਜਦੋਂ (ਭਗਤ ਜਨ) ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਜਦੋਂ ਉਸ ਪ੍ਰਭੂ ਦੇ ਸੇਵਕ ਬਣ ਕੇ ਉਸ ਦੀ ਸੇਵਾ-ਭਗਤੀ ਕਰਦੇ ਹਨ,
ਸਬਦਿ ਪਤੀਜੈ ਅਲਖ ਅਭੇਵਾ ॥
ਤਾਂ ਉਹ ਅਲੱਖ ਅਤੇ ਅਭੇਵ ਪ੍ਰਭੂ (ਉਹਨਾਂ ਦੀ ਇਸ ਘਾਲ ਤੇ) ਪ੍ਰਸੰਨ ਹੁੰਦਾ ਹੈ ।
ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥
ਕਰਤਾਰ ਆਪਣੇ ਭਗਤਾਂ ਵਿਚ ਆਤਮਕ ਗੁਣ ਪੈਦਾ ਕਰਦਾ ਹੈ, ਆਪ ਉਹਨਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ ਵਡਿਆਈ ਦੇਂਦਾ ਹੈ ।੨।
ਦੇਦੇ ਤੋਟਿ ਨ ਆਵੈ ਸਾਚੇ ॥
(ਜੀਵਾਂ ਨੂੰ ਦਾਤਾਂ) ਦੇ ਦੇ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਭੰਡਾਰਿਆਂ ਵਿਚ) ਘਾਟਾ ਨਹੀਂ ਪੈਂਦਾ
ਲੈ ਲੈ ਮੁਕਰਿ ਪਉਦੇ ਕਾਚੇ ॥
ਪਰ ਥੋੜ੍ਹ-ਵਿਤੇ ਜੀਵ ਦਾਤਾਂ ਲੈ ਲੈ ਕੇ (ਭੀ) ਮੁੱਕਰ ਜਾਂਦੇ ਹਨ,
ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥
(ਆਪਣੇ ਜੀਵਨ ਦੇ) ਮੂਲ-ਪ੍ਰਭੂ (ਦੇ ਖੁਲ੍ਹ-ਦਿਲੇ ਸੁਭਾਉ) ਨੂੰ ਨਹੀਂ ਸਮਝਦੇ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਨ ਲਈ ਜੀਵਾਂ ਨੂੰ ਰੀਝ ਪੈਦਾ ਨਹੀਂ ਹੁੰਦੀ, ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਵਿਚ ਭਟਕ ਕੇ ਕੁਰਾਹੇ ਪਏ ਰਹਿੰਦੇ ਹਨ ।੩।
ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥
ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਹਰ ਵੇਲੇ ਮਾਇਆ ਦੇ ਮੋਹ ਵਲੋਂ ਸੁਚੇਤ ਰਹਿੰਦੇ ਹਨ,
ਸਾਚੇ ਕੀ ਲਿਵ ਗੁਰਮਤਿ ਜਾਤੀ ॥
ਗੁਰੂ ਦੀ ਸਿੱਖਿਆ ਲੈ ਕੇ ਉਹ ਸਦਾ-ਥਿਰ ਪ੍ਰਭੂ ਦੀ ਲਗਨ (ਦਾ ਆਨੰਦ) ਪਛਾਣ ਲੈਂਦੇ ਹਨ ।
ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਆਪਣੇ ਆਤਮਕ ਜੀਵਨ ਦੀ ਪੂੰਜੀ ਨੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਕੇ ਰੱਖਦੇ ਹਨ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਗ਼ਾਫ਼ਿਲ ਟਿਕੇ ਰਹਿੰਦੇ ਹਨ, ਤੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬੈਠਦੇ ਹਨ ।੪।
ਕੂੜੇ ਆਵੈ ਕੂੜੇ ਜਾਵੈ ॥
ਜੇਹੜੀ ਜੀਵ-ਇਸਤ®ੀ ਮਾਇਆ ਦੇ ਮੋਹ ਦੇ ਰੰਗ ਵਿਚ ਰੰਗੀ ਰਹਿੰਦੀ ਹੈ, ਉਹ ਮਾਇਆ ਦੇ ਮੋਹ ਵਿਚ ਗ੍ਰਸੀ ਹੀ ਜੰਮਦੀ ਹੈ,
ਕੂੜੇ ਰਾਤੀ ਕੂੜੁ ਕਮਾਵੈ ॥
ਇਥੇ ਸਦਾ ਮਾਇਆ ਦੇ ਮੋਹ ਦਾ ਹੀ ਵਣਜ ਕਰਦੀ ਹੈ, ਮਾਇਆ ਦੇ ਮੋਹ ਵਿਚ ਫਸੀ ਹੀ ਦੁਨੀਆ ਤੋਂ ਚਲੀ ਜਾਂਦੀ ਹੈ ।
ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ । ਗੁਰੂ ਦੀ ਸਰਨ ਪੈਣ ਵਾਲੇ ਬੰਦਿਆਂ ਦੀ ਸੁਰਤਿ (ਪ੍ਰਭੂ ਦੀ ਯਾਦ ਵਿਚ) ਟਿਕੀ ਰਹਿੰਦੀ ਹੈ ।੫।
ਕੂੜਿ ਮੁਠੀ ਠਗੀ ਠਗਵਾੜੀ ॥
ਜੇਹੜੀ ਜੀਵ-ਇਸਤ®ੀ ਮਾਇਆ ਦੀ ਤਿ®ਸ਼ਨਾ ਵਿਚ ਮੋਹੀ ਰਹਿੰਦੀ ਹੈ ਉਸ ਦੇ ਆਤਮਕ ਜੀਵਨ ਦੀ ਬਗ਼ੀਚੀ ਨੂੰ ਕਾਮਾਦਿਕ ਠੱਗ ਠੱਗ ਲੈਂਦੇ ਹਨ
ਜਿਉ ਵਾੜੀ ਓਜਾੜਿ ਉਜਾੜੀ ॥
ਜਿਵੇਂ ਕੋਈ ਫੁਲਵਾੜੀ ਕਿਤੇ ਉਜਾੜ ਵਿਚ (ਨਿਖਸਮੀ ਹੋਣ ਕਰਕੇ) ਉੱਜੜ ਜਾਂਦੀ ਹੈ ।
ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥
(ਭਾਵੇਂ ਉਹ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ, ਫਿਰ ਭੀ) ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਖਿੱਚ ਸੁਆਦਲੀ ਨਹੀਂ ਲੱਗ ਸਕਦੀ, ਪ੍ਰਭੂ ਦਾ ਨਾਮ ਭੁੱਲਣ ਕਰਕੇ ਉਹ ਸਦਾ ਦੁੱਖ ਹੀ ਪਾਂਦੀ ਹੈ ।੬।
ਭੋਜਨੁ ਸਾਚੁ ਮਿਲੈ ਆਘਾਈ ॥
ਜਿਸ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ (ਆਤਮਕ ਜ਼ਿੰਦਗੀ ਵਾਸਤੇ) ਭੋਜਨ ਮਿਲਦਾ ਹੈ, ਉਹ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ,
ਨਾਮ ਰਤਨੁ ਸਾਚੀ ਵਡਿਆਈ ॥
ਜਿਸ ਨੂੰ ਪਰਮਾਤਮਾ ਦਾ ਨਾਮ-ਰਤਨ ਲੱਭ ਪੈਂਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਸਦਾ-ਥਿਰ ਰਹਿਣ ਵਾਲੀ ਇੱਜ਼ਤ ਮਿਲਦੀ ਹੈ ।
ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥
ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹੀ (ਆਪਣੇ ਜੀਵਨ-ਮਨੋਰਥ ਨੂੰ) ਪਛਾਣਦਾ ਹੈ, ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੭।