Sri Guru Granth Sahib Ji — Ang 1021 (punjabi)
ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥
ਪ੍ਰਭੂ ਆਪ ਹੀ ਕਿਸੇ ਰਤਨ-ਜੀਵ ਨੂੰ ਕਸਵੱਟੀ ਤੇ ਲਾ ਕੇ ਪਰਵਾਨ ਕਰਦਾ ਹੈ, ਤੇ, ਹੇ ਭਾਈ! ਪ੍ਰਭੂ ਆਪ ਹੀ ਜਗਤ ਦੀ ਵਣਜ-ਵਪਾਰ ਦੀ ਕਾਰ ਚਲਾ ਰਿਹਾ ਹੈ (ਰਤਨ ਦੇਂਦਾ ਹੈ ਤੇ ਰਤਨ ਲੈਂਦਾ ਹੈ) ।੮।
ਆਪੇ ਧਨਖੁ ਆਪੇ ਸਰਬਾਣਾ ॥
ਪਰਮਾਤਮਾ ਆਪ ਹੀ ਧਨਖ ਹੈ (ਆਪ ਹੀ ਤੀਰ ਹੈ) ਆਪ ਹੀ ਤੀਰ-ਅੰਦਾਜ਼ ਹੈ ।
ਆਪੇ ਸੁਘੜੁ ਸਰੂਪੁ ਸਿਆਣਾ ॥
ਆਪ ਹੀ ਸੁਚੱਜਾ ਸੋਹਣਾ ਤੇ ਸਿਆਣਾ ਹੈ ।
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥
ਹਰ ਥਾਂ ਬੋਲਣ ਵਾਲਾ ਸੁਣਨ ਵਾਲਾ ਉਹੀ ਆਪ ਹੀ ਹੈ ਜਿਸ ਨੇ ਇਹ ਜਗਤ-ਰਚਨਾ ਰਚੀ ਹੈ ।੯।
ਪਉਣੁ ਗੁਰੂ ਪਾਣੀ ਪਿਤ ਜਾਤਾ ॥
ਹਵਾ (ਜੋ ਸਰੀਰਾਂ ਲਈ ਇਉਂ ਹੈ ਜਿਵੇਂ) ਗੁਰੂ (ਜੀਵਾਂ ਦੇ ਆਤਮਾ ਵਾਸਤੇ ਹੈ) ਪ੍ਰਭੂ ਆਪ ਹੀ ਹੈ । ਪਾਣੀ (ਜੋ ਸਭ ਜੀਵਾਂ ਦਾ) ਪਿਉ (ਹੈ, ਇਹ ਭੀ) ਪ੍ਰਭੂ ਆਪ ਹੀ ਹੈ ।
ਉਦਰ ਸੰਜੋਗੀ ਧਰਤੀ ਮਾਤਾ ॥
ਧਰਤੀ (ਜੇਹੜੀ ਇਸ ਵਾਸਤੇ ਜੀਵਾਂ ਦੀ) ਮਾਂ ਅਖਵਾਣ-ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿਚ ਰਖਦੀ ਹੈ ਤੇ ਪੇਟ ਵਿਚੋਂ ਪੈਦਾ ਕਰਦੀ ਹੈ—ਇਹ ਭੀ ਪਰਮਾਤਮਾ ਆਪ ਹੀ ਹੈ (ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪਰਗਟ ਕੀਤਾ ਹੈ) ।
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥
ਦਿਨ ਤੇ ਰਾਤ (ਜੋ ਜੀਵਾਂ ਵਾਸਤੇ) ਦੋਵੇਂ ਖਿਡਾਵੀ ਤੇ ਖਿਡਾਵਾ ਹਨ (ਤੇ ਇਹਨਾਂ ਦੇ ਪ੍ਰਭਾਵ ਵਿਚ) ਜਗਤ ਖੇਡ ਰਿਹਾ ਹੈ, ਇਹ ਭੀ ਉਹ ਆਪ ਹੀ ਹੈ, ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ ।੧੦।
ਆਪੇ ਮਛੁਲੀ ਆਪੇ ਜਾਲਾ ॥
ਹੇ ਪ੍ਰਭੂ! ਤੂੰ ਆਪ ਹੀ ਮੱਛੀ ਹੈਂ ਤੇ ਆਪ ਹੀ (ਮੱਛੀ ਨੂੰ ਫਸਾਣ ਵਾਲਾ) ਜਾਲ ਹੈਂ;
ਆਪੇ ਗਊ ਆਪੇ ਰਖਵਾਲਾ ॥
ਤੂੰ ਆਪ ਹੀ ਗਾਂ ਹੈ ਤੇ ਆਪ ਹੀ ਗਾਈਆਂ ਦਾ ਰਾਖਾ ਹੈਂ ।
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥
ਸਾਰੇ ਜੀਵਾਂ ਵਿਚ ਸਾਰੇ ਜਗਤ ਵਿਚ ਤੇਰੀ ਹੀ ਜੋਤਿ ਮੌਜੂਦ ਹੈ ।ਜਗਤ ਵਿਚ ਉਹੀ ਕੁਝ ਵਰਤ ਰਿਹਾ ਹੈ ਜਿਵੇਂ ਪ੍ਰਭੂ ਨੇ ਹੁਕਮ ਕੀਤਾ ਹੈ (ਹੁਕਮ ਕਰ ਰਿਹਾ ਹੈ) ।੧੧।
ਆਪੇ ਜੋਗੀ ਆਪੇ ਭੋਗੀ ॥
(ਮਾਇਆ ਤੋਂ ਨਿਰਲੇਪ ਹੋਣ ਕਰਕੇ) ਪ੍ਰਭੂ ਆਪ ਹੀ ਜੋਗੀ ਹੈ, (ਤੇ ਸਾਰੇ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ (ਸਾਰੇ ਪਦਾਰਥਾਂ ਨੂੰ) ਭੋਗਣ ਵਾਲਾ ਹੈ ।
ਆਪੇ ਰਸੀਆ ਪਰਮ ਸੰਜੋਗੀ ॥
ਸਭ ਤੋਂ ਵੱਡੇ ਸੰਜੋਗ (ਮਿਲਾਪ) ਦੇ ਕਾਰਨ (ਸਭ ਜੀਵਾਂ ਵਿਚ ਰਮਿਆ ਹੋਣ ਕਰਕੇ) ਪ੍ਰਭੂ ਆਪ ਹੀ ਸਾਰੇ ਰਸ ਮਾਣ ਰਿਹਾ ਹੈ ।
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥
ਪ੍ਰਭੂ ਆਪ ਹੀ ਉਜਾੜ ਵਿਚ ਰਹਿਣ ਵਾਲਾ ਹੈ, ਪ੍ਰਭੂ ਆਪ ਨਿਰ-ਆਕਾਰ ਹੈ, ਉਸ ਨੂੰ ਕਿਸੇ ਤੋਂ ਡਰ ਨਹੀਂ । ਉਹ ਆਪ ਹੀ ਆਪਣੇ ਸਰੂਪ ਵਿਚ ਸੁਰਤਿ ਜੋੜਨ ਵਾਲਾ ਹੈ ।੧੨।
ਖਾਣੀ ਬਾਣੀ ਤੁਝਹਿ ਸਮਾਣੀ ॥
ਹੇ ਪ੍ਰਭੂ! ਚੌਹਾਂ ਖਾਣੀਆਂ ਦੇ ਜੀਵ ਤੇ ਉਹਨਾਂ ਦੀਆਂ ਬੋਲੀਆਂ ਭੀ ਤੇਰੇ ਵਿਚ ਹੀ ਸਮਾ ਜਾਂਦੀਆਂ ਹਨ ।
ਜੋ ਦੀਸੈ ਸਭ ਆਵਣ ਜਾਣੀ ॥
ਜਗਤ ਵਿਚ ਜੋ ਕੁਝ ਦਿੱਸ ਰਿਹਾ ਹੈ ਉਹ ਜੰਮਣ ਮਰਨ ਦੇ ਗੇੜ ਵਿਚ ਹੈ ।
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥
ਜਿਨ੍ਹਾਂ ਬੰਦਿਆਂ ਨੂੰ ਸਤਿਗੁਰੂ ਨੇ (ਸਹੀ ਜੀਵਨ ਦੀ) ਸੂਝ ਦਿੱਤੀ ਹੈ ਉਹੀ ਕਦੇ ਘਾਟਾ ਨਾਹ ਖਾਣ ਵਾਲੇ ਸ਼ਾਹ ਹਨ ਤੇ ਵਪਾਰੀ ਹਨ ।੧੩।
ਸਬਦੁ ਬੁਝਾਏ ਸਤਿਗੁਰੁ ਪੂਰਾ ॥
ਹੇ ਪ੍ਰਭੂ! (ਤੇਰਾ ਰੂਪ) ਪੂਰਾ ਸਤਿਗੁਰੂ (ਤੇਰੀ ਸਿਫ਼ਤਿ-ਸਾਲਾਹ ਦੀ) ਬਾਣੀ (ਤੇਰੇ ਪੈਦਾ ਕੀਤੇ ਜੀਵਾਂ ਨੂੰ) ਸਮਝਾਂਦਾ ਹੈ ।
ਸਰਬ ਕਲਾ ਸਾਚੇ ਭਰਪੂਰਾ ॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ (ਆਪਣੀ ਸਾਰੀ ਰਚਨਾ ਵਿਚ) ਹਰ ਥਾਂ ਮੌਜੂਦ ਹੈਂ ।
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥
ਕੋਈ ਜੀਵ ਤੇਰੇ ਹੁਕਮ ਨੂੰ ਮੋੜ ਨਹੀਂ ਸਕਦਾ, (ਇਤਨੇ ਵੱਡੇ ਖਲਜਗਨ ਦਾ ਮਾਲਕ ਹੋ ਕੇ ਭੀ) ਤੂੰ ਸਦਾ ਬੇ-ਫ਼ਿਕਰ ਹੈਂ ।(ਹੇ ਭਾਈ! ਪਰਮਾਤਮਾ ਆਪਣੇ ਪੈਦਾ ਕੀਤੇ ਜੀਵਾਂ ਵਾਸਤੇ ਸਭ ਕੁਝ ਕਰਦਾ ਹੈ, ਪਰ) ਉਸ ਨੂੰ (ਆਪਣੇ ਵਾਸਤੇ) ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ।੧੪।
ਕਾਲੁ ਬਿਕਾਲੁ ਭਏ ਦੇਵਾਨੇ ॥
(ਪਰਮਾਤਮਾ ਦੀ ਕਿਰਪਾ ਨਾਲ ਜੇਹੜਾ ਮਨੁੱਖ) ਆਪਣੇ ਹਿਰਦੇ ਵਿਚ ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਸਾਂਦਾ ਹੈ ਤੇ ਆਤਮਕ ਅਡੋਲਤਾ ਦਾ ਰਸ ਮਾਣਦਾ ਹੈ, ਜਨਮ ਤੇ ਮਰਨ ਉਸ ਦੇ ਨੇੜੇ ਨਹੀਂ ਢੁਕਦੇ (ਉਸ ਨੂੰ ਵੇਖ ਕੇ ਝੱਲੇ ਹੋ ਜਾਂਦੇ ਹਨ, ਸਹਮ ਜਾਂਦੇ ਹਨ)
ਸਬਦੁ ਸਹਜ ਰਸੁ ਅੰਤਰਿ ਮਾਨੇ ॥
(ਪ੍ਰਭੂ ਦੀ ਬਖ਼ਸ਼ੀ ਹੋਈ ਪ੍ਰਭੂ-ਚਰਨਾਂ ਦੀ) ਪ੍ਰੀਤਿ ਦੀ ਰਾਹੀਂ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਭਗਤੀ ਪਿਆਰੀ ਲੱਗਣ ਲੱਗ ਪੈਂਦੀ ਹੈ,
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥
ਉਸ ਨੂੰ ਪ੍ਰਭੂ (ਆਪ ਹੀ ਵਿਕਾਰਾਂ ਤੋਂ) ਖ਼ਲਾਸੀ ਦੇਣ ਵਾਲਾ ਹੈ ਆਪ ਹੀ (ਮਾਇਆ ਦੀ ਤਿ®ਸ਼ਨਾ ਤੋਂ) ਤਿ®ਪਤੀ ਦੇਣ ਵਾਲਾ ਹੈ, ਤੇ ਆਪ ਹੀ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈ ।੧੫।
ਆਪਿ ਨਿਰਾਲਮੁ ਗੁਰ ਗਮ ਗਿਆਨਾ ॥
ਹੇ ਪ੍ਰਭੂ! (ਇਤਨਾ ਬੇਅੰਤ ਜਗਤ ਰਚ ਕੇ) ਤੂੰ ਆਪ (ਇਸ ਦੇ ਮੋਹ ਤੋਂ) ਨਿਰਲੇਪ ਹੈਂ । ਹੇ ਪ੍ਰਭੂ! (ਤੇਰੇ ਰੂਪ) ਗੁਰੂ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਹੋ ਸਕਦੀ ਹੈ ।
ਜੋ ਦੀਸੈ ਤੁਝ ਮਾਹਿ ਸਮਾਨਾ ॥
(ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਸਭ ਤੇਰੇ ਵਿਚ ਹੀ ਲੀਨ ਹੋ ਜਾਂਦਾ ਹੈ ।
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥
ਗ਼ਰੀਬ ਨਾਨਕ ਤੇਰੇ ਦਰ ਤੋਂ (ਨਾਮ ਦਾ) ਖ਼ੈਰ ਮੰਗਦਾ ਹੈ । ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਇਹੀ ਮੇਰੇ ਵਾਸਤੇ ਸਭ ਤੋਂ ਉੱਚੀ ਇੱਜ਼ਤ ਹੈ ।੧੬।੧।
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਆਪੇ ਧਰਤੀ ਧਉਲੁ ਅਕਾਸੰ ॥
(ਸਾਰਾ ਜਗਤ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਇਆ ਹੈ, ਇਸ ਵਾਸਤੇ ਪ੍ਰਭੂ) ਆਪ ਹੀ ਧਰਤੀ ਹੈ ਆਪ ਹੀ ਧਰਤੀ ਦਾ ਆਸਰਾ ਹੈ, ਆਪ ਹੀ ਅਕਾਸ਼ ਹੈ ।
ਆਪੇ ਸਾਚੇ ਗੁਣ ਪਰਗਾਸੰ ॥
ਪ੍ਰਭੂ ਆਪ ਹੀ ਆਪਣੇ ਸਦਾ-ਥਿਰ ਰਹਿਣ ਵਾਲੇ ਗੁਣਾਂ ਦਾ ਪਰਕਾਸ਼ ਕਰਨ ਵਾਲਾ ਹੈ ।
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥
ਆਪ ਹੀ ਜਤੀ ਹੈ, ਆਪ ਹੀ ਦਾਨੀ ਹੈ, ਆਪ ਹੀ ਸੰਤੋਖੀ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜਤ ਸਤ ਸੰਤੋਖ ਦੇ ਅਭਿਆਸ ਦੀ) ਕਾਰ ਕਮਾਣ ਵਾਲਾ ਹੈ ।੧।
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥
ਜਿਸ ਕਰਤਾਰ ਦਾ ਇਹ ਰਚਿਆ ਸੰਸਾਰ ਹੈ ਉਹ ਇਸ ਨੂੰ ਰਚ ਰਚ ਕੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ ।
ਕੋਇ ਨ ਮੇਟੈ ਸਾਚੇ ਲੇਖੈ ॥
ਕੋਈ ਜੀਵ ਉਸ ਪਰਮਾਤਮਾ ਦੇ ਸਦਾ-ਥਿਰ ਰਹਿਣ ਵਾਲੇ ਹੁਕਮ ਨੂੰ ਉਲੰਘ ਨਹੀਂ ਸਕਦਾ ।
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥
(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਸਭ ਕੁਝ ਕਰ ਰਿਹਾ ਹੈ, ਆਪ ਹੀ ਜੀਵਾਂ ਪਾਸੋਂ (ਆਪਣੇ ਹੁਕਮ ਅਨੁਸਾਰ ਕੰਮ) ਕਰਵਾ ਰਿਹਾ ਹੈ । ਆਪ ਹੀ (ਜਿਨ੍ਹਾਂ ਨੂੰ ਆਪਣੇ ਨਾਮ ਦੀ ਦਾਤਿ ਦੇਂਦਾ ਹੈ ਉਹਨਾਂ ਨੂੰ) ਆਦਰ ਦੇ ਰਿਹਾ ਹੈ ।੨।
ਪੰਚ ਚੋਰ ਚੰਚਲ ਚਿਤੁ ਚਾਲਹਿ ॥
(ਪ੍ਰਭੂ ਦੀ ਆਪਣੀ ਰਜ਼ਾ ਵਿਚ ਹੀ) ਭਰਮਾ ਦੇਣ ਵਾਲੇ ਪੰਜ ਕਾਮਾਦਿਕ ਚੋਰ (ਜੀਵਾਂ ਦੇ) ਮਨ ਮੋਹ ਲੈਂਦੇ ਹਨ ।
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥
(ਜਿਨ੍ਹਾਂ ਦੇ ਮਨ ਕਾਮਾਦਿਕ ਮੋਹ ਲੈਂਦੇ ਹਨ) ਉਹ ਪਰਾਏ ਘਰ ਤੱਕਦੇ ਹਨ, ਆਪਣੇ ਹਿਰਦੇ-ਘਰ ਨੂੰ ਨਹੀਂ ਖੋਜਦੇ ।
ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥
(ਵਿਕਾਰਾਂ ਵਿਚ ਫਸੇ ਹੋਇਆਂ ਦਾ ਆਖ਼ਰ) ਸਰੀਰ ਸ਼ਹਿਰ ਢਹਿ ਪੈਂਦਾ ਹੈ, ਢਹਿ ਕੇ ਢੇਰੀ ਹੋ ਜਾਂਦਾ ਹੈ; ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਦੀ ਇੱਜ਼ਤ ਖੋਹੀ ਜਾਂਦੀ ਹੈ ।੩।
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥
(ਹੇ ਪ੍ਰਭੂ! ਤੇਰੀ ਮੇਹਰ ਨਾਲ ਜੇਹੜਾ ਮਨੁੱਖ) ਗੁਰੂ ਤੋਂ ਗਿਆਨ ਹਾਸਲ ਕਰਦਾ ਹੈ ਉਸ ਨੂੰ ਤੂੰ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸ ਪੈਂਦਾ ਹੈਂ,
ਮਨਸਾ ਮਾਰਿ ਮਨੈ ਸਿਉ ਲੂਝੈ ॥
ਉਹ ਮਨੁੱਖ ਮਨ ਦੇ ਮਾਇਕ ਫੁਰਨੇ ਮਾਰ ਕੇ ਮਨ ਨਾਲ ਹੀ ਟਾਕਰਾ ਕਰਦਾ ਹੈ (ਤੇ ਇਸ ਨੂੰ ਵੱਸ ਵਿਚ ਰੱਖਦਾ ਹੈ) ।
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥
ਹੇ ਪ੍ਰਭੂ! ਜੇਹੜੇ ਬੰਦੇ ਤੈਨੂੰ ਸਿਮਰਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ, ਤੂੰ ਕਿਸੇ ਤੋਂ ਨਾ ਡਰਨ ਵਾਲਾ ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈਂ ।੪।
ਆਪੇ ਸੁਰਗੁ ਮਛੁ ਪਇਆਲਾ ॥
(ਸਾਰੀ ਸ੍ਰਿਸ਼ਟੀ ਪ੍ਰਭੂ ਦੇ ਆਪਣੇ ਆਪੇ ਤੋਂ ਪਰਗਟ ਹੋਣ ਕਰਕੇ) ਪ੍ਰਭੂ ਆਪ ਹੀ ਸੁਰਗ-ਲੋਕ ਹੈ, ਆਪ ਹੀ ਮਾਤ-ਲੋਕ ਹੈ, ਆਪ ਹੀ ਪਤਾਲ-ਲੋਕ ਹੈ ।
ਆਪੇ ਜੋਤਿ ਸਰੂਪੀ ਬਾਲਾ ॥
ਆਪ ਹੀ ਨਿਰਾ ਚਾਨਣ ਹੀ ਚਾਨਣ ਹੈ ਤੇ ਸਭ ਦਾ ਵੱਡਾ ਹੈ ।
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥
ਭਿਆਨਕ ਤੇ ਡਰਾਉਣੀਆਂ ਜਟਾਂ ਧਾਰਨ ਵਾਲਾ ਭੀ ਆਪ ਹੀ ਹੈ । ਫਿਰ ਭੀ ਉਸ ਦਾ ਨਾਹ ਕੋਈ ਖ਼ਾਸ ਰੂਪ ਹੈ ਨਾਹ ਕੋਈ ਖ਼ਾਸ ਚਿਹਨ-ਚੱਕ® ਹੈ ।੫।
ਬੇਦ ਕਤੇਬੀ ਭੇਦੁ ਨ ਜਾਤਾ ॥
ਨਾਹ ਹੀ ਹਿੰਦੂ ਧਰਮ ਦੀਆਂ ਵੇਦ ਆਦਿਕ ਧਰਮ-ਪੁਸਤਕਾਂ ਨੇ ਤੇ ਨਾਹ ਹੀ ਸ਼ਾਮੀ ਮਤਾਂ ਦੀਆਂ ਕੁਰਾਨ ਆਦਿਕ ਕਿਤਾਬਾਂ ਨੇ ਪਰਮਾਤਮਾ ਦੀ ਹਸਤੀ ਦੀ ਡੂੰਘਾਈ ਨੂੰ ਸਮਝਿਆ ਹੈ ।
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥
ਉਸ ਪਰਮਾਤਮਾ ਦੀ ਨਾਹ ਕੋਈ ਮਾਂ, ਨਾਹ ਉਸ ਦੇ ਕੋਈ ਖ਼ਾਸ ਪੁੱਤਰ ਤੇ ਨਾਹ ਕੋਈ ਭਰਾ ਹਨ ।
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥
ਵੱਡੇ ਵੱਡੇ ਪਹਾੜ ਆਦਿਕ ਪੈਦਾ ਕਰ ਕੇ (ਜਦੋਂ ਚਾਹੇ) ਸਾਰੇ ਹੀ ਆਪਣੇ ਵਿਚ ਲੀਨ ਕਰ ਲੈਂਦਾ ਹੈ । ਉਸ ਦਾ ਸਰੂਪ ਬਿਆਨ ਤੋਂ ਪਰੇ ਹੈ, ਬਿਆਨ ਕੀਤਾ ਨਹੀਂ ਜਾ ਸਕਦਾ ।੬।
ਕਰਿ ਕਰਿ ਥਾਕੀ ਮੀਤ ਘਨੇਰੇ ॥
(ਪਰਮਾਤਮਾ ਤੋਂ ਖੁੰਝ ਕੇ) ਅਨੇਕਾਂ (ਦੇਵੀ ਦੇਵਤਿਆਂ ਨੂੰ) ਮੈਂ ਆਪਣੇ ਮਿੱਤਰ ਬਣਾ ਬਣਾ ਕੇ ਹਾਰ ਗਈ ਹਾਂ, (ਮੇਰੇ ਅੰਦਰੋਂ) ਕੋਈ (ਅਜੇਹਾ ਮਿੱਤਰ) ਮੇਰੇ ਔਗੁਣ ਦੂਰ ਨਹੀਂ ਕਰ ਸਕਿਆ ।
ਕੋਇ ਨ ਕਾਟੈ ਅਵਗੁਣ ਮੇਰੇ ॥
ਉਹ ਪਰਮਾਤਮਾ ਹੀ ਸਾਰੇ ਦੇਵਤਿਆਂ ਤੇ ਮਨੁੱਖਾਂ ਦਾ ਖਸਮ ਹੈ, ਉਹੀ ਸਭਨਾਂ ਜੀਵਾਂ ਦੇ ਸਿਰ ਉਤੇ ਮਾਲਕ ਹੈ ।
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥
ਪਿਆਰ ਦੀ ਰਾਹੀਂ ਜਿਸ ਬੰਦੇ ਨੂੰ ਉਹ ਮਿਲ ਪੈਂਦਾ ਹੈ ਉਸ ਦਾ (ਪਾਪਾਂ ਵਿਕਾਰਾਂ ਦਾ ਸਾਰਾ) ਸਹਮ ਦੂਰ ਹੋ ਜਾਂਦਾ ਹੈ ।੭।
ਭੂਲੇ ਚੂਕੇ ਮਾਰਗਿ ਪਾਵਹਿ ॥
ਹੇ ਪ੍ਰਭੂ! ਔਝੜੇ ਕੁਰਾਹੇ ਪਏ ਬੰਦਿਆਂ ਨੂੰ ਤੂੰ ਆਪ ਹੀ ਸਹੀ ਜੀਵਨ-ਰਾਹ ਤੇ ਪਾਂਦਾ ਹੈਂ ।
ਆਪਿ ਭੁਲਾਇ ਤੂਹੈ ਸਮਝਾਵਹਿ ॥
ਤੂੰ ਆਪ ਹੀ ਕੁਰਾਹੇ ਪਾ ਕੇ ਫਿਰ ਆਪ ਹੀ (ਸਿੱਧੇ ਰਾਹ ਦੀ) ਸਮਝ ਬਖ਼ਸ਼ਦਾ ਹੈਂ (ਔਝੜ ਤੋਂ ਬਚਣ ਲਈ)
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥
ਤੇਰੇ ਨਾਮ ਤੋਂ ਬਿਨਾ ਮੈਨੂੰ ਕੋਈ ਹੋਰ ਵਸੀਲਾ ਦਿੱਸਦਾ ਨਹੀਂ । ਤੇਰਾ ਨਾਮ ਸਿਮਰਿਆਂ ਹੀ ਪਤਾ ਲੱਗਦਾ ਹੈ ਕਿ ਤੂੰ ਕਿਹੋ ਜਿਹਾ (ਦਇਆਲ) ਹੈਂ, ਅਤੇ ਕੇਡਾ ਵੱਡਾ (ਬੇਅੰਤ) ਹੈਂ ।੮।