Sri Guru Granth Sahib Ji — Ang 1020 (punjabi)
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
(ਇਹ ਯਕੀਨ ਜਾਣੋ ਕਿ ਅਜਿਹਾਂ ਨੂੰ) ਸਿਰਜਣਹਾਰ ਨੇ ਦੋਜ਼ਕ ਵਿਚ ਪਾ ਰੱਖਿਆ ਹੈ, ਉਹਨਾਂ ਪਾਸੋਂ ਧਰਮਰਾਜ (ਉਹਨਾਂ ਦੇ ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ।੨।
ਸੰਗਿ ਨ ਕੋਈ ਭਈਆ ਬੇਬਾ ॥
ਹੇ ਭਾਈ! (ਜਗਤ ਤੋਂ ਕੂਚ ਕਰਨ ਵੇਲੇ) ਨਾਹ ਕੋਈ ਭਰਾ ਨਾਹ ਕੋਈ ਭੈਣ ਕੋਈ ਭੀ ਜੀਵ ਦੇ ਨਾਲ ਨਹੀਂ ਜਾਂਦਾ ।
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥
ਮਾਲ, ਧਨ, ਜਵਾਨੀ—ਹਰੇਕ ਜੀਵ ਜ਼ਰੂਰ ਛੱਡ ਕੇ ਇੱਥੋਂ ਚਲਾ ਜਾਇਗਾ ।
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
ਜਿਨ੍ਹਾਂ ਮਨੁੱਖਾਂ ਨੇ ਜਗਤ ਰਚਨਹਾਰ ਬਖ਼ਸ਼ਿੰਦਾ ਪ੍ਰਭੂ ਨਾਲ ਡੂੰਘੀ ਸਾਂਝ ਨਹੀਂ ਪਾਈ, ਉਹ (ਦੁੱਖਾਂ ਵਿਚ) ਇਉਂ ਪੀੜੇ ਜਾਂਦੇ ਹਨ ਜਿਵੇਂ ਤਿਲਾਂ ਦੀ ਘਾਣੀ ।੩।
ਖੁਸਿ ਖੁਸਿ ਲੈਦਾ ਵਸਤੁ ਪਰਾਈ ॥
ਹੇ ਭਾਈ! ਤੂੰ ਪਰਾਇਆ ਮਾਲ-ਧਨ ਖੋਹ ਖੋਹ ਕੇ ਇਕੱਠਾ ਕਰਦਾ ਰਹਿੰਦਾ ਹੈਂ,
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
ਤੇਰੇ ਨਾਲ ਵੱਸਦਾ ਰੱਬ (ਤੇਰੀ ਹਰੇਕ ਕਰਤੂਤ ਨੂੰ) ਵੇਖਦਾ ਹੈ (ਤੇਰੇ ਹਰੇਕ ਬੋਲ ਨੂੰ) ਸੁਣਦਾ ਹੈ ।
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
ਤੂੰ ਦੁਨੀਆ (ਦੇ ਸੁਆਦਾਂ) ਦੇ ਚਸਕੇ ਵਿਚ ਫਸਿਆ ਪਿਆ ਹੈਂ (ਮਾਨੋ ਡੂੰਘੇ) ਟੋਏ ਵਿਚ ਡਿੱਗਾ ਹੋਇਆ ਹੈਂ । ਅਗਾਂਹ ਵਾਪਰਨ ਵਾਲੀ ਗੱਲ ਨੂੰ ਤੂੰ ਸਮਝਦਾ ਹੀ ਨਹੀਂ ।੪।
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
ਇਹ ਮੁੜ ਮੁੜ ਜੰਮ ਕੇ (ਮੁੜ ਮੁੜ) ਮਰਦਾ ਹੈ, ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ।
ਬਹੁਤੁ ਸਜਾਇ ਪਇਆ ਦੇਸਿ ਲੰਮੈ ॥
ਇਸ ਨੂੰ ਬਹੁਤ ਸਜ਼ਾ ਮਿਲਦੀ ਹੈ, ਇਹ (ਜਨਮ ਮਰਨ ਦੇ ਗੇੜ ਦੇ) ਲੰਮੇ ਪੈਂਡੇ ਵਿਚ ਪੈ ਜਾਂਦਾ ਹੈ,
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
ਹੇ ਭਾਈ! ਜਦੋਂ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ (ਹੋ ਕੇ) ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ, ਤਦੋਂ ਇਹ (ਜਨਮ ਮਰਨ ਦੇ ਗੇੜ ਦਾ) ਦੁੱਖ ਸਹਿੰਦਾ ਹੈ,
ਖਾਲਕ ਥਾਵਹੁ ਭੁਲਾ ਮੁਠਾ ॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨਹੀਂ ਮਿਲਦਾ, ਉਹ ਆਪਣੇ ਮਨ ਦਾ ਮੁਰੀਦ ਹੋ ਕੇ ਭਟਕਦਾ ਫਿਰਦਾ ਹੈ,
ਦੁਨੀਆ ਖੇਲੁ ਬੁਰਾ ਰੁਠ ਤੁਠਾ ॥
ਇਹ ਜਗਤ-ਤਮਾਸ਼ਾ ਉਸ ਨੂੰ ਬੁਰਾ (ਖ਼ੁਆਰ ਕਰਦਾ ਹੈ), ਕਦੇ (ਮਾਇਆ ਗੁਆਚਣ ਤੇ ਇਹ) ਘਬਰਾ ਜਾਂਦਾ ਹੈ, ਕਦੇ ਮਾਇਆ ਮਿਲਣ ਤੇ) ਇਹ ਖ਼ੁਸ਼ ਹੋ ਹੋ ਬਹਿੰਦਾ ਹੈ
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
ਉਸ ਦੇ ਅੰਦਰ ਮਾਇਆ ਵਲੋਂ ਨਾਹ ਸ਼ਾਂਤੀ ਹੈ ਨਾਹ ਰਜੇਵਾਂ; ਉਹ ਮਨੁੱਖ ਸਿਰਜਣਹਾਰ ਵੱਲੋਂ ਖੁੰਝਿਆ ਰਹਿੰਦਾ ਹੈ, ਉਹ ਆਪਣੇ ਆਤਮਕ ਜੀਵਨ ਦਾ ਸਰਮਾਇਆ ਲੁਟਾ ਬੈਠਦਾ ਹੈ ।੬।
ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥
(ਪਰ, ਹੇ ਭਾਈ! ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਸਾਰੇ ਖੇਲ ਕਰ ਰਿਹਾ ਹੈ । ਕਈ ਐਸੇ ਹਨ ਜਿਹੜੇ ਮਾਇਆ ਦੇ ਮੋਹ ਦੀਆਂ ਲਹਿਰਾਂ ਵਿਚ ਫਸੇ ਹੋਏ ਹਨ, ਕਈ ਐਸੇ ਹਨ ਜਿਨ੍ਹਾਂ ਨੂੰ ਉਸ ਨੇ ਇਹਨਾਂ ਲਹਿਰਾਂ ਵਿਚੋਂ ਕੱਢ ਲਿਆ ਹੈ ।
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
ਹੇ ਭਾਈ! ਪਰਮਾਤਮਾ ਜਿਵੇਂ ਜਿਵੇਂ ਜੀਵਾਂ ਨੂੰ (ਮਾਇਆ ਦੇ ਹੱਥਾਂ ਤੇ) ਨਚਾਂਦਾ ਹੈ; ਤਿਵੇਂ ਤਿਵੇਂ ਜੀਵ ਨੱਚਦੇ ਹਨ । ਹਰੇਕ ਜੀਵ ਦੇ ਸਿਰ ਉੱਤੇ (ਉਸ ਦੇ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦੀ) ਕਮਾਈ ਅਸਰ ਪਾ ਰਹੀ ਹੈ ।੭।
ਮਿਹਰ ਕਰੇ ਤਾ ਖਸਮੁ ਧਿਆਈ ॥
ਹੇ ਭਾਈ! ਪਰਮਾਤਮਾ ਆਪ ਮਿਹਰ ਕਰੇ, ਤਾਂ ਹੀ ਮੈਂ ਉਸ ਖਸਮ-ਪ੍ਰਭੂ ਨੂੰ ਸਿਮਰ ਸਕਦਾ ਹਾਂ ।
ਸੰਤਾ ਸੰਗਤਿ ਨਰਕਿ ਨ ਪਾਈ ॥
(ਜਿਹੜਾ ਮਨੁੱਖ ਸਿਮਰਦਾ ਹੈ) ਉਹ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਨਰਕ ਵਿਚ ਨਹੀਂ ਪੈਂਦਾ ।
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
ਹੇ ਪ੍ਰਭੂ! ਨਾਨਕ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ-ਦਾਨ ਦੇਹ, (ਤਾ ਕਿ ਮੈਂ ਨਾਨਕ) ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਸਦਾ ਗਾਂਦਾ ਰਹਾਂ ।੮।੨।੮।੧੨।੨੦।
ਮਾਰੂ ਸੋਲਹੇ ਮਹਲਾ ੧
ਸੋਲਹਾ ਨਾਮ ਸੋਲਾਂ ਪਉੜੀEਂ ਕੇ ਸਬਦੋਂ ਕਾ ਹੈ। ਯਦਪੀ ਕਹੀਂ ਇਕੀ ਕਹੀਂ ਨੌ ਪੌੜੀ ਹੈਂ ਤਦ ਭੀ ਬਹੁਲਤਾ ਸੋਲਾਂ ਪਉੜੀਆਂ ਕੀ ਹੈ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਸਾਚਾ ਸਚੁ ਸੋਈ ਅਵਰੁ ਨ ਕੋਈ ॥
ਉਹ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਸਦਾ ਅਟੱਲ ਰਹਿਣ ਵਾਲਾ ਹੈ । ਕੋਈ ਹੋਰ ਉਸ ਵਰਗਾ ਨਹੀਂ ਹੈ ।
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥
। ਜਿਸ (ਪ੍ਰਭੂ) ਨੇ (ਇਹ ਰਚਨਾ) ਰਚੀ ਹੈ ਉਸੇ ਨੇ ਹੀ ਮੁੜ ਨਾਸ ਕੀਤਾ ਹੈ (ਉਹੀ ਇਸ ਨੂੰ ਨਾਸ ਕਰਨ ਵਾਲਾ ਹੈ) ।
ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥
ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਸਾਨੂੰ ਜੀਵਾਂ ਨੂੰ ਤੂੰ ਰੱਖਦਾ ਹੈਂ, ਤਿਵੇਂ ਹੀ ਅਸੀ ਰਹਿ ਸਕਦੇ ਹਾਂ । ਅਸੀ ਜੀਵ ਤੇਰੇ (ਹੁਕਮ) ਅੱਗੇ ਕੋਈ ਨਹਿ-ਨੁੱਕਰ ਨਹੀਂ ਕਰ ਸਕਦੇ ।੧।
ਆਪਿ ਉਪਾਏ ਆਪਿ ਖਪਾਏ ॥
ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਮਾਰਦਾ ਹੈ ।
ਆਪੇ ਸਿਰਿ ਸਿਰਿ ਧੰਧੈ ਲਾਏ ॥
ਆਪ ਹੀ ਹਰੇਕ ਜੀਵ ਨੂੰ ਉਸ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦੁਨੀਆ ਦੇ ਧੰਧੇ ਵਿਚ ਲਾਂਦਾ ਹੈ ।
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥
ਪ੍ਰਭੂ ਆਪ ਹੀ ਜੀਵਾਂ ਦੇ ਕਰਮਾਂ ਨੂੰ ਵਿਚਾਰਨ ਵਾਲਾ ਹੈ, ਆਪ ਹੀ (ਜੀਵਾਂ ਦੇ ਅੰਦਰ) ਗੁਣ ਪੈਦਾ ਕਰਨ ਵਾਲਾ ਹੈ, ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਸਤੇ ਉਤੇ ਲਾਂਦਾ ਹੈ ।੨।
ਆਪੇ ਦਾਨਾ ਆਪੇ ਬੀਨਾ ॥
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ, ਆਪ ਹੀ ਜੀਵਾਂ ਦੇ ਕੀਤੇ ਕਰਮਾਂ ਨੂੰ ਵੇਖਣ ਵਾਲਾ ਹੈ ।
ਆਪੇ ਆਪੁ ਉਪਾਇ ਪਤੀਨਾ ॥
ਪ੍ਰਭੂ ਆਪ ਹੀ ਆਪਣੇ ਆਪ ਨੂੰ (ਸ੍ਰਿਸ਼ਟੀ ਦੇ ਰੂਪ ਵਿਚ) ਪਰਗਟ ਕਰ ਕੇ (ਆਪ ਹੀ ਇਸ ਨੂੰ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ ।
ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥
ਪਰਮਾਤਮਾ ਆਪ ਹੀ (ਆਪਣੇ ਆਪ ਤੋਂ) ਹਵਾ ਪਾਣੀ ਅੱਗ (ਆਦਿਕ ਤੱਤ ਪੈਦਾ ਕਰਨ ਵਾਲਾ) ਹੈ, ਪ੍ਰਭੂ ਨੇ ਆਪ ਹੀ (ਇਹਨਾਂ ਤੱਤਾਂ ਨੂੰ) ਇਕੱਠਾ ਕਰ ਕੇ ਜਗਤ-ਰਚਨਾ ਕੀਤੀ ਹੈ ।੩।
ਆਪੇ ਸਸਿ ਸੂਰਾ ਪੂਰੋ ਪੂਰਾ ॥
ਹਰ ਥਾਂ ਚਾਨਣ ਦੇਣ ਵਾਲਾ ਪਰਮਾਤਮਾ ਆਪ ਹੀ ਸੂਰਜ ਹੈ ਆਪ ਹੀ ਚੰਦ੍ਰਮਾ ਹੈ,
ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥
ਪ੍ਰਭੂ ਆਪ ਹੀ ਗਿਆਨ ਦਾ ਮਾਲਕ ਤੇ ਸੁਰਤਿ ਦਾ ਮਾਲਕ ਸੂਰਮਾ ਗੁਰੂ ਹੈ ।
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥
ਜਿਸ ਭੀ ਜੀਵ ਨੇ ਉਸ ਸਦਾ-ਥਿਰ ਪ੍ਰਭੂ ਨਾਲ ਪ੍ਰੇਮ-ਲਗਨ ਲਾਈ ਹੈ ਜਮ-ਰਾਜ ਉਸ ਵਲ ਤੱਕ ਭੀ ਨਹੀਂ ਸਕਦਾ ।੪।
ਆਪੇ ਪੁਰਖੁ ਆਪੇ ਹੀ ਨਾਰੀ ॥
(ਹਰੇਕ) ਮਰਦ ਭੀ ਪ੍ਰਭੂ ਆਪ ਹੀ ਹੈ ਤੇ (ਹਰੇਕ) ਇਸਤ®ੀ ਭੀ ਆਪ ਹੀ ਹੈ,
ਆਪੇ ਪਾਸਾ ਆਪੇ ਸਾਰੀ ॥
ਪ੍ਰਭੂ ਆਪ ਹੀ (ਇਹ ਜਗਤ-ਰੂਪ) ਚਉਪੜ (ਦੀ ਖੇਡ) ਹੈ ਤੇ ਆਪ ਹੀ (ਚਉਪੜ ਦੀਆਂ ਜੀਵ-) ਨਰਦਾਂ ਹੈ ।
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥
ਪਰਮਾਤਮਾ ਨੇ ਆਪ ਹੀ ਇਹ ਜਗਤ (ਚਉਪੜ ਦੀ ਖੇਡ-ਰੂਪ) ਪਿੜ ਤਿਆਰ ਕੀਤਾ ਹੈ, ਆਪ ਹੀ ਇਸ ਖੇਡ ਨੂੰ ਪਰਖ ਰਿਹਾ ਹੈ ।੫।
ਆਪੇ ਭਵਰੁ ਫੁਲੁ ਫਲੁ ਤਰਵਰੁ ॥
ਤੂੰ ਆਪ ਹੀ ਭੌਰਾ ਹੈਂ, ਆਪ ਹੀ ਫੁੱਲ ਹੈਂ, ਤੂੰ ਆਪ ਹੀ ਫਲ ਹੈਂ, ਤੇ ਆਪ ਹੀ ਰੁੱਖ ਹੈਂ ।
ਆਪੇ ਜਲੁ ਥਲੁ ਸਾਗਰੁ ਸਰਵਰੁ ॥
ਤੂੰ ਆਪ ਹੀ ਪਾਣੀ ਹੈਂ, ਆਪ ਹੀ ਸੁੱਕੀ ਧਰਤੀ ਹੈਂ, ਤੂੰ ਆਪ ਹੀ ਸਮੁੰਦਰ ਹੈਂ ਆਪ ਹੀ ਤਲਾਬ ਹੈਂ ।
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥
(ਹੇ ਪ੍ਰਭੂ!) ਤੇਰਾ ਸਹੀ ਸਰੂਪ ਕੀਹ ਹੈ—ਇਹ ਬਿਆਨ ਨਹੀਂ ਕੀਤਾ ਜਾ ਸਕਦਾ । ਤੂੰ ਆਪ ਹੀ (ਆਪਣੇ ਆਪ ਤੋਂ) ਸਾਰੀ ਰਚਨਾ ਰਚਣ ਵਾਲਾ ਹੈਂ ।ਤੂੰ ਆਪ ਹੀ ਮੱਛ ਹੈਂ ਆਪ ਹੀ ਕੱਛੂ ਹੈਂ ।੬।
ਆਪੇ ਦਿਨਸੁ ਆਪੇ ਹੀ ਰੈਣੀ ॥
ਪਰਮਾਤਮਾ ਆਪ ਹੀ ਦਿਨ ਹੈ ਆਪ ਹੀ ਰਾਤ ਹੈ,
ਆਪਿ ਪਤੀਜੈ ਗੁਰ ਕੀ ਬੈਣੀ ॥
ਉਹ ਆਪ ਹੀ ਗੁਰੂ ਦੇ ਬਚਨਾਂ ਦੀ ਰਾਹੀਂ ਖ਼ੁਸ਼ ਹੋ ਰਿਹਾ ਹੈ,
ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥
ਸਾਰੇ ਜਗਤ ਦਾ ਮੂਲ ਹੈ, ਜੁਗਾਂ ਦੇ ਭੀ ਆਦਿ ਤੋਂ ਹੈ, ਉਸ ਦਾ ਕਦੇ ਨਾਸ ਨਹੀਂ ਹੋ ਸਕਦਾ, ਹਰ ਵੇਲੇ ਹਰੇਕ ਸਰੀਰ ਵਿਚ ਉਸੇ ਰਜ਼ਾ ਦੇ ਮਾਲਕ ਦੀ ਜੀਵਨ-ਰੌ ਰੁਮਕ ਰਹੀ ਹੈ ।੭।
ਆਪੇ ਰਤਨੁ ਅਨੂਪੁ ਅਮੋਲੋ ॥
ਪ੍ਰਭੂ ਆਪ ਹੀ ਇਕ ਐਸਾ ਰਤਨ ਹੈ ਜਿਸ ਵਰਗਾ ਹੋਰ ਕੋਈ ਨਹੀਂ ਤੇ ਜਿਸ ਦਾ ਮੁੱਲ ਨਹੀਂ ਪੈ ਸਕਦਾ ।
ਆਪੇ ਪਰਖੇ ਪੂਰਾ ਤੋਲੋ ॥
ਪ੍ਰਭੂ ਆਪ ਹੀ ਉਸ ਰਤਨ ਨੂੰ ਪਰਖਦਾ ਹੈ, ਤੇ ਠੀਕ ਤਰ੍ਹਾਂ ਤੋਲਦਾ ਹੈ ।