Sri Guru Granth Sahib Ji — Ang 1016 (punjabi)
ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥
ਕੱਲਰ ਵਿਚ ਖੇਤੀ ਬੀਜ ਕੇ ਫ਼ਸਲ ਦੀ ਆਸ ਵਿਅਰਥ ਹੈ, ਦਰਿਆ ਕੰਢੇ ਉੱਗੇ ਹੋਏ ਰੁੱਖਾਂ ਨੂੰ ਆਸਰਾ ਬਨਾਣਾ ਭੁੱਲ ਹੈ, ਜਿਥੇ ਕਾਲਖ ਉਡ ਉਡ ਕੇ ਪੈਂਦੀ ਹੋਵੇ ਉਥੇ ਜੇਹੜੇ ਬੰਦੇ ਚਿੱਟੇ ਕੱਪੜੇ ਪਹਿਨਦੇ ਹਨ (ਤੇ ਉਹਨਾਂ ਉਤੇ ਕਾਲਖ ਨਾਹ ਲੱਗਣ ਦੀ ਆਸ ਰੱਖਦੇ ਹਨ ਉਹ ਭੁੱਲੇ ਹੋਏ ਹਨ, ਇਸ ਤਰ੍ਹਾਂ)
ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥੬॥
ਇਹ ਜਗਤ ਤਿ®ਸ਼ਨਾ ਦੀ ਕੋਠੀ ਹੈ ਇਸ ਵਿਚ ਜੇਹੜਾ ਫਸ ਜਾਂਦਾ ਹੈ (ਉਹ ਨਿਕਲ ਨਹੀਂ ਸਕਦਾ) ਉਹ ਅਹੰਕਾਰ ਵਿਚ (ਗ਼ਰਕ ਹੁੰਦਾ ਹੈ, ਉਸ ਦਾ ਆਤਮਕ ਜੀਵਨ ਤਿ®ਸ਼ਨਾ-ਅੱਗ ਵਿਚ) ਸੜ ਜਾਂਦਾ ਹੈ ।੬।
ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥
ਰਾਜੇ ਤੇ (ਰਾਜਿਆਂ ਦੀ) ਪਰਜਾ—ਇਹ ਸਭ ਕਿੱਥੇ ਹਨ? (ਸਭ ਆਪੋ ਆਪਣੀ ਵਾਰੀ ਕੂਚ ਕਰ ਜਾਂਦੇ ਹਨ) । ਇਸ ਦੁਨੀਆ ਵਿਚ ਜੋ ਜੰਮਦਾ ਹੈ ਉਹ ਅੰਤ ਇਥੋਂ ਚਲਾ ਜਾਂਦਾ ਹੈ) ਪਰ ਮਾਇਆ ਦੀ ਤਿ®ਸ਼ਨਾ ਵਿਚ ਫਸ ਕੇ ਜਨਮ ਮਰਨ ਦਾ ਗੇੜ ਭੀ ਸਹੇੜ ਲੈਂਦਾ ਹੈ) ।
ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥੭॥੩॥੧੧॥
ਨਾਨਕ ਆਖਦਾ ਹੈ—ਜੇਹੜਾ ਮਨੁੱਖ ਅਭੁੱਲ ਗੁਰੂ ਦੀ ਪਉੜੀ ਦਾ ਆਸਰਾ ਲੈਂਦਾ ਹੈ (ਭਾਵ, ਜੋ ਨਾਮ ਸਿਮਰਦਾ ਹੈ, ਤੇ ਸਿਮਰਨ ਦੀ ਪਉੜੀ ਦੀ ਰਾਹੀਂ) ਅਲੱਖ ਪ੍ਰਭੂ ਦੇ ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ਉਹ ਅਟੱਲ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ।੭।੩।੧੧।
ਮਾਰੂ ਮਹਲਾ ੩ ਘਰੁ ੫ ਅਸਟਪਦੀ
ਮਾਰੂ ਤੀਜੀ ਪਾਤਿਸ਼ਾਹੀ ਅਸ਼ਟਪਦੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਜਿਸ ਨੋ ਪ੍ਰੇਮੁ ਮੰਨਿ ਵਸਾਏ ॥
ਹੇ ਭਾਈ! (ਪਰਮਾਤਮਾ) ਜਿਸ ਮਨੁੱਖ ਦੇ ਮਨ ਵਿਚ (ਆਪਣਾ) ਪਿਆਰ ਵਸਾਂਦਾ ਹੈ,
ਸਾਚੈ ਸਬਦਿ ਸਹਜਿ ਸੁਭਾਏ ॥
ਉਹ ਮਨੁੱਖ ਪ੍ਰਭੂ ਦੀ ਸਦਾ-ਥਿਰ ਸਿਫ਼ਤਿ-ਸਾਲਾਹ ਦੀ ਬਾਣੀ ਵਿਚ (ਜੁੜਿਆ ਰਹਿੰਦਾ ਹੈ), ਆਤਮਕ ਅਡੋਲਤਾ ਵਿਚ (ਟਿਕਿਆ ਰਹਿੰਦਾ ਹੈ) ਪ੍ਰਭੂ-ਪਿਆਰ ਵਿਚ (ਲੀਨ ਰਹਿੰਦਾ ਹੈ) (ਪ੍ਰੇਮ ਦੀ ਚੋਭ ਦਾ ਇਹੀ ਇਲਾਜ ਹੈ) ।
ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥੧॥
ਉਹੀ ਮਨੁੱਖ ਇਸ ਚੋਭ ਨੂੰ ਸਮਝਦਾ ਹੈ, ਕੋਈ ਹੋਰ ਮਨੁੱਖ (ਜਿਸ ਦੇ ਅੰਦਰ ਇਹ ਚੋਭ ਨਹੀਂ ਹੈ, ਇਸ ਚੋਭ ਦਾ) ਇਲਾਜ ਨਹੀਂ ਜਾਣਦਾ ।੧।
ਆਪੇ ਮੇਲੇ ਆਪਿ ਮਿਲਾਏ ॥
ਹੇ ਭਾਈ! ਪਰਮਾਤਮਾ ਆਪ (ਜੀਵ ਨੂੰ ਆਪਣੇ ਚਰਨਾਂ ਨਾਲ) ਜੋੜਦਾ ਹੈ, ਆਪ ਹੀ ਮਿਲਾਂਦਾ ਹੈ ।
ਆਪਣਾ ਪਿਆਰੁ ਆਪੇ ਲਾਏ ॥
(ਜੀਵ ਦੇ ਹਿਰਦੇ ਵਿਚ) ਆਪਣਾ ਪਿਆਰ ਪਰਮਾਤਮਾ ਆਪ ਹੀ ਪੈਦਾ ਕਰਦਾ ਹੈ ।
ਪ੍ਰੇਮ ਕੀ ਸਾਰ ਸੋਈ ਜਾਣੈ ਜਿਸ ਨੋ ਨਦਰਿ ਤੁਮਾਰੀ ਜੀਉ ॥੧॥ ਰਹਾਉ ॥
ਹੇ ਪ੍ਰਭੂ! (ਤੇਰੇ) ਪਿਆਰ ਦੀ ਕਦਰ (ਭੀ) ਉਹੀ ਜੀਵ ਜਾਣ ਸਕਦਾ ਹੈ, ਜਿਸ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ।੧।ਰਹਾਉ।
ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥
(ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆਪਣਾ ਪਿਆਰ ਵਸਾਂਦਾ ਹੈ ਉਸ ਦੇ ਅੰਦਰ) ਆਤਮਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਾਗ ਪੈਂਦੀ ਹੈ (ਅਤੇ ਉਹ ਨਿਗਾਹ ਉਸ ਦੀ) ਭਟਕਣਾ ਦੂਰ ਕਰ ਦੇਂਦੀ ਹੈ ।
ਗੁਰ ਪਰਸਾਦਿ ਪਰਮ ਪਦੁ ਪਾਏ ॥
ਗੁਰੂ ਦੀ ਕਿਰਪਾ ਨਾਲ (ਉਹ ਮਨੁੱਖ) ਸਭ ਤੋਂ ਉੱਚਾ ਆਤਮਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ ।
ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥੨॥
(ਜਿਹੜਾ ਮਨੁੱਖ) ਇਸ ਜੁਗਤਿ ਨੂੰ ਸਮਝ ਲੈਂਦਾ ਹੈ ਉਹ (ਸਹੀ ਅਰਥਾਂ ਵਿਚ) ਜੋਗੀ ਹੈ; ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ।੨।
ਸੰਜੋਗੀ ਧਨ ਪਿਰ ਮੇਲਾ ਹੋਵੈ ॥
ਹੇ ਭਾਈ! ਚੰਗੇ ਭਾਗਾਂ ਨਾਲ ਜਿਸ ਜੀਵ-ਇਸਤ®ੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੋ ਜਾਂਦਾ ਹੈ,
ਗੁਰਮਤਿ ਵਿਚਹੁ ਦੁਰਮਤਿ ਖੋਵੈ ॥
ਉਹ ਗੁਰੂ ਦੀ ਮਤਿ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮਤਿ ਨਾਸ ਕਰ ਦੇਂਦੀ ਹੈ,
ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥੩॥
ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਿਲਾਪ ਦਾ ਆਨੰਦ ਮਾਣਦੀ ਹੈ, ਉਹ ਆਪਣੇ ਪ੍ਰਭੂ-ਪਤੀ ਦੀ ਲਾਡਲੀ ਬਣ ਜਾਂਦੀ ਹੈ ।੩।
ਸਤਿਗੁਰ ਬਾਝਹੁ ਵੈਦੁ ਨ ਕੋਈ ॥
ਹੇ ਭਾਈ! (ਪੇ੍ਰਮ ਦੀ ਚੋਭ ਦਾ ਇਲਾਜ ਕਰਨ ਵਾਲਾ) ਹਕੀਮ ਗੁਰੂ ਤੋਂ ਬਿਨਾ ਹੋਰ ਕੋਈ ਨਹੀਂ ਹੈ (ਜਿਸ ਦਾ ਇਲਾਜ ਗੁਰੂ ਕਰ ਦੇਂਦਾ ਹੈ
ਆਪੇ ਆਪਿ ਨਿਰੰਜਨੁ ਸੋਈ ॥
ਉਸ ਨੂੰ ਇਹ ਦਿੱਸ ਪੈਂਦਾ ਹੈ ਕਿ) ਉਹ ਨਿਰਲੇਪ ਪਰਮਾਤਮਾ ਆਪ ਹੀ ਆਪ (ਹਰ ਥਾਂ ਮੌਜੂਦ ਹੈ) ।
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥੪॥
ਹੇ ਭਾਈ! ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਭੈੜ ਮਿਟ ਜਾਂਦਾ ਹੈ, ਮਨੁੱਖ ਉੱਚੇ ਆਤਮਕ ਜੀਵਨ ਦੀ ਵਿਚਾਰ ਕਰਨ ਜੋਗਾ ਹੋ ਜਾਂਦਾ ਹੈ ।੪।
ਏਹੁ ਸਬਦੁ ਸਾਰੁ ਜਿਸ ਨੋ ਲਾਏ ॥
ਹੇ ਭਾਈ! ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਾ ਦੇਂਦਾ ਹੈ
ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥
(ਉਸ ਨੂੰ) ਗੁਰੂ ਦੀ ਸਰਨ ਪਾ ਕੇ (ਉਸ ਦੇ ਅੰਦਰੋਂ) ਮਾਇਆ ਦੀ ਤਿ®ਸ਼ਨਾ ਮਾਇਆ ਦੀ ਭੁੱਖ ਦੂਰ ਕਰ ਦੇਂਦਾ ਹੈ ।
ਆਪਣ ਲੀਆ ਕਿਛੂ ਨ ਪਾਈਐ ਕਰਿ ਕਿਰਪਾ ਕਲ ਧਾਰੀ ਜੀਉ ॥੫॥
ਹੇ ਭਾਈ! ਆਪਣੀ ਅਕਲ ਦੇ ਜ਼ੋਰ (ਆਤਮਕ ਜੀਵਨ ਦਾ) ਕੁਝ ਭੀ ਹਾਸਲ ਨਹੀਂ ਕਰ ਸਕੀਦਾ । ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਸੱਤਾ (ਮਨੁੱਖ ਦੇ ਅੰਦਰ) ਪਾਂਦਾ ਹੈ ।੫।
ਅਗਮ ਨਿਗਮੁ ਸਤਿਗੁਰੂ ਦਿਖਾਇਆ ॥
(ਹੇ ਜੋਗੀ! ਇਹ ਨਿਸ਼ਚਾ ਕਿ “ਆਪਣ...ਧਾਰੀ ਜੀਉ”—ਇਹੀ ਹੈ ਸਾਡੇ ਵਾਸਤੇ ‘ਅਗਮ ਨਿਗਮੁ’) ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਦੀ ਰਾਹੀਂ (ਜਿਸ ਮਨੁੱਖ ਨੂੰ ਇਹ) ‘ਅਗਮ ਨਿਗਮੁ’ ਵਿਖਾ ਦਿੱਤਾ
ਕਰਿ ਕਿਰਪਾ ਅਪਨੈ ਘਰਿ ਆਇਆ ॥
ਉਹ ਮਨੁੱਖ ਆਪਣੇ ਅਸਲ ਘਰ ਵਿਚ ਆ ਟਿਕਦਾ ਹੈ ।
ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥੬॥
ਹੇ ਪ੍ਰਭੂ! ਜਿਨ੍ਹਾਂ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿਚ ਤੈਨੂੰ ਨਿਰਲੇਪ ਨੂੰ ਵੱਸਦਾ ਪਛਾਣ ਲੈਂਦੇ ਹਨ ।੬।
ਗੁਰਮੁਖਿ ਹੋਵੈ ਸੋ ਤਤੁ ਪਾਏ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਇਹ) ਅਸਲੀਅਤ ਲੱਭ ਲੈਂਦਾ ਹੈ,
ਆਪਣਾ ਆਪੁ ਵਿਚਹੁ ਗਵਾਏ ॥
ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ ।
ਸਤਿਗੁਰ ਬਾਝਹੁ ਸਭੁ ਧੰਧੁ ਕਮਾਵੈ ਵੇਖਹੁ ਮਨਿ ਵੀਚਾਰੀ ਜੀਉ ॥੭॥
ਹੇ ਭਾਈ! ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ ਹਰੇਕ ਜੀਵ ਮਾਇਆ ਦੇ ਮੋਹ ਵਿਚ ਫਸਾਣ ਵਾਲੀ ਦੌੜ-ਭੱਜ ਹੀ ਕਰ ਰਿਹਾ ਹੈ ।੭।
ਇਕਿ ਭ੍ਰਮਿ ਭੂਲੇ ਫਿਰਹਿ ਅਹੰਕਾਰੀ ॥
ਹੇ ਭਾਈ! ਕਈ ਐਸੇ ਹਨ ਜੋ ਭੁਲੇਖੇ ਵਿਚ ਪੈ ਕੇ ਕੁਰਾਹੇ ਪਏ ਹੋਏ (ਆਪਣੇ ਇਸ ਗ਼ਲਤ ਤਿਆਗ ਤੇ ਹੀ) ਮਾਣ ਕਰਦੇ ਫਿਰਦੇ ਹਨ ।
ਇਕਨਾ ਗੁਰਮੁਖਿ ਹਉਮੈ ਮਾਰੀ ॥
ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਲਈ ਹੈ ।
ਸਚੈ ਸਬਦਿ ਰਤੇ ਬੈਰਾਗੀ ਹੋਰਿ ਭਰਮਿ ਭੁਲੇ ਗਾਵਾਰੀ ਜੀਉ ॥੮॥
ਹੇ ਭਾਈ! ਅਸਲ ਬੈਰਾਗੀ ਉਹ ਹਨ ਜਿਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਰੰਗੇ ਹੋਏ ਹਨ, ਬਾਕੀ ਦੇ ਮੂਰਖ (ਆਪਣੇ ਤਿਆਗ ਦੇ) ਭੁਲੇਖੇ ਵਿਚ ਕੁਰਾਹੇ ਪਏ ਹੋਏ ਹਨ ।੮।
ਗੁਰਮੁਖਿ ਜਿਨੀ ਨਾਮੁ ਨ ਪਾਇਆ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ,
ਮਨਮੁਖਿ ਬਿਰਥਾ ਜਨਮੁ ਗਵਾਇਆ ॥
ਉਹਨਾਂ ਮਨ ਦੇ ਮੁਰੀਦਾਂ ਨੇ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ ਹੈ ।
ਅਗੈ ਵਿਣੁ ਨਾਵੈ ਕੋ ਬੇਲੀ ਨਾਹੀ ਬੂਝੈ ਗੁਰ ਬੀਚਾਰੀ ਜੀਉ ॥੯॥
ਹੇ ਭਾਈ! ਪਰਲੋਕ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ । ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ (ਕੋਈ ਵਿਰਲਾ ਮਨੁੱਖ) ਸਮਝਦਾ ਹੈ ।੯।
ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥
ਹੇ ਨਾਨਕ! (ਆਖ—ਹੇ ਪ੍ਰਭੂ!) ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ ।
ਗੁਰਿ ਪੂਰੈ ਜੁਗ ਚਾਰੇ ਜਾਤਾ ॥
ਸਦਾ ਤੋਂ ਪੂਰੇ ਗੁਰੂ ਦੀ ਰਾਹੀਂ ਹੀ (ਤੇਰੇ ਇਸ ਨਾਮ ਨਾਲ) ਸਾਂਝ ਪੈਂਦੀ ਆ ਰਹੀ ਹੈ ।
ਜਿਸੁ ਤੂ ਦੇਵਹਿ ਸੋਈ ਪਾਏ ਨਾਨਕ ਤਤੁ ਬੀਚਾਰੀ ਜੀਉ ॥੧੦॥੧॥
ਹੇ ਪ੍ਰਭੂ! ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ (ਇਹ ਦਾਤਿ) ਦੇਂਦਾ ਹੈਂ । ਉਹੀ ਮਨੁੱਖ ਅਸਲ ਜੀਵਨ-ਭੇਦ ਨੂੰ ਸਮਝਣ ਜੋਗਾ ਹੁੰਦਾ ਹੈ ।੧੦।੧।