Sri Guru Granth Sahib Ji — Ang 1014 (punjabi)
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥੩॥
ਸਦਾ ਇਸ ਨੂੰ ਮਾਇਆ ਦੀ ਭੁੱਖ ਹੀ ਚੰਬੜੀ ਰਹਿੰਦੀ ਹੈ, ਸਦਾ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਮਾਇਆ ਦੇ ਮੋਹ ਵਿਚ (ਫਸ ਕੇ ਚੌਹਾਂ ਪਦਾਰਥਾਂ ਵਿਚੋਂ) ਮੁਕਤਿ-ਪਦਾਰਥ ਗਵਾ ਲੈਂਦਾ ਹੈ ।੩।
ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥
(ਸਾਰੀ ਉਮਰ ਜੀਵ ਮਾਇਆ ਦੀ ਖ਼ਾਤਰ ਹੀ) ਤਰਲੇ ਲੈਂਦਾ ਰਹਿੰਦਾ ਹੈ (ਮਨ ਦੀ ਤਸੱਲੀ ਜੋਗੀ ਮਾਇਆ) ਪ੍ਰਾਪਤ ਨਹੀਂ ਹੁੰਦੀ, ਹਰ ਪਾਸੇ ਮਾਇਆ ਦੀ ਢੂੰਢ-ਭਾਲ ਕਰਦਾ ਕਰਦਾ ਥੱਕ ਜਾਂਦਾ ਹੈ ।
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥੪॥
ਕਾਮ ਵਿਚ, ਕੋ®ਧ ਵਿਚ, ਅਹੰਕਾਰ ਵਿਚ ਨੱਪਿਆ ਹੋਇਆ ਜੀਵ ਸਦਾ ਨਾਸਵੰਤ ਪਦਾਰਥ ਨਾਲ ਹੀ ਪ੍ਰੀਤਿ ਕਰਦਾ ਹੈ, ਸਦਾ ਆਪਣੇ ਪਰਵਾਰ ਨਾਲ ਹੀ ਮੋਹ ਜੋੜੀ ਰੱਖਦਾ ਹੈ ।੪।
ਖਾਵੈ ਭੋਗੈ ਸੁਣਿ ਸੁਣਿ ਦੇਖੈ ਪਹਿਰਿ ਦਿਖਾਵੈ ਕਾਲ ਘਰੇ ॥
(ਦੁਨੀਆ ਦੇ ਚੰਗੇ ਚੰਗੇ ਪਦਾਰਥ) ਖਾਂਦਾ ਹੈ (ਵਿਸ਼ੇ) ਭੋਗਦਾ ਹੈ, (ਸੋਭਾ ਨਿੰਦਾ ਆਦਿਕ ਦੇ ਬਚਨ) ਮੁੜ ਮੁੜ ਸੁਣਦਾ ਹੈ, (ਦੁਨੀਆ ਦੇ ਰੰਗ ਤਮਾਸ਼ੇ) ਵੇਖਦਾ ਹੈ, (ਸੋਹਣੇ ਸੋਹਣੇ ਕੱਪੜੇ ਆਦਿਕ) ਪਹਿਨ ਕੇ (ਲੋਕਾਂ ਨੂੰ) ਵਿਖਾਂਦਾ ਹੈ—(ਬੱਸ! ਇਹਨਾਂ ਹੀ ਆਹਰਾਂ ਵਿਚ ਮਸਤ ਹੋ ਕੇ) ਆਤਮਕ ਮੌਤ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਆਤਮਕ ਮੌਤ ਸਹੇੜੀ ਰੱਖਦਾ ਹੈ) ।
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥੫॥
ਗੁਰੂ ਦੇ ਸ਼ਬਦ ਤੋਂ ਵਾਂਜਿਆ ਹੋਇਆ ਆਪਣੇ ਆਤਮਕ ਜੀਵਨ ਨੂੰ ਪਛਾਣ ਨਹੀਂ ਸਕਦਾ । ਪਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਣ ਕਰਕੇ ਆਤਮਕ ਮੌਤ (ਇਸ ਦੇ ਸਿਰ ਤੋਂ) ਨਹੀਂ ਟਲਦੀ ।੫।
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੇ ॥
ਜਿਤਨਾ ਹੀ ਮੋਹ ਤੇ ਹਉਮੈ ਕਰ ਕੇ ਜੀਵ ਸਹੀ ਜੀਵਨ-ਰਾਹ ਤੋਂ ਭੁੱਲਦਾ ਹੈ, ਜਿਤਨਾ ਹੀ ਵਧੀਕ ‘ਮੇਰੀ (ਮਾਇਆ) ਮੇਰੀ (ਮਾਇਆ)’ ਕਰਦਾ ਹੈ, ਉਤਨਾ ਹੀ ਇਹ ਹਉਮੈ ਮਮਤਾ ਇਸ ਦੇ ਆਤਮਕ ਜੀਵਨ ਨੂੰ ਖੋਹ ਕੇ ਲੈ ਜਾਂਦੇ ਹਨ ।
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੇ ॥੬॥
ਆਖ਼ਰ ਇਹ ਸਰੀਰ ਤੇ ਇਹ ਧਨ, (ਜਿਨ੍ਹਾਂ ਦੀ ਖ਼ਾਤਰ ਹਰ ਵੇਲੇ ਸਹਿਮ ਵਿਚ ਰਹਿੰਦਾ ਸੀ, ਨਾਸ ਹੋ ਜਾਂਦਾ ਹੈ । ਤਦੋਂ ਜੀਵ ਪਛੁਤਾਂਦਾ ਹੈ, (ਪਰ ਉਸ ਵੇਲੇ ਪਛੁਤਾਇਆਂ ਕੁਝ ਨਹੀਂ ਬਣਦਾ) ਇਸ ਦੇ ਮੂੰਹ ਉਤੇ ਫਿਟਕਾਰ ਹੀ ਪੈਂਦੀ ਹੈ ।੬।
ਬਿਰਧਿ ਭਇਆ ਜੋਬਨੁ ਤਨੁ ਖਿਸਿਆ ਕਫੁ ਕੰਠੁ ਬਿਰੂਧੋ ਨੈਨਹੁ ਨੀਰੁ ਢਰੇ ॥
ਮਨੁੱਖ ਬੁੱਢਾ ਹੋ ਜਾਂਦਾ ਹੈ, ਜਵਾਨੀ ਖਿਸਕ ਜਾਂਦੀ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ, ਸੰਘ ਬਲਗ਼ਮ ਨਾਲ ਰੁਕਿਆ ਰਹਿੰਦਾ ਹੈ, ਅੱਖਾਂ ਤੋਂ ਪਾਣੀ ਵਗਦਾ ਰਹਿੰਦਾ ਹੈ, ਪੈਰ (ਤੁਰਨੋਂ) ਰਹਿ ਜਾਂਦੇ ਹਨ,
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥੭॥
ਹੱਥ ਕੰਬਣ ਲੱਗ ਪੈਂਦੇ ਹਨ, (ਫਿਰ ਭੀ) ਮਾਇਆ-ਵੇੜ੍ਹੇ ਜੀਵ ਦੇ ਹਿਰਦੇ ਵਿਚ ਹਰੀ ਪਰਮਾਤਮਾ (ਦਾ ਨਾਮ) ਨਹੀਂ (ਵੱਸਦਾ) ।੭।
ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥
(ਬੁੱਢਾ ਹੋ ਜਾਣ ਤੇ) ਅਕਲ ਟਿਕਾਣੇ ਨਹੀਂ ਰਹਿੰਦੀ, ਕੇਸ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ, ਘਰ ਵਿਚ ਰੱਖਿਆ ਹੋਇਆ ਕਿਸੇ ਨੂੰ ਚੰਗਾ ਨਹੀਂ ਲੱਗਦਾ (ਫਿਰ ਭੀ ਪਰਮਾਤਮਾ ਦੇ ਨਾਮ ਨੂੰ ਭੁਲਾਈ ਰੱਖਦਾ ਹੈ)
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥੮॥
ਪਰਮਾਤਮਾ ਦਾ ਨਾਮ ਵਿਸਾਰੀ ਰੱਖਣ ਤੇ ਅਜੇਹੇ ਭੈੜ ਇਸ ਨੂੰ ਚੰਬੜੇ ਰਹਿੰਦੇ ਹਨ ਜਿਨ੍ਹਾਂ ਕਰ ਕੇ ਜਮਰਾਜ ਇਸ ਨੂੰ ਮਾਰ ਕੇ ਨਰਕ ਵਿਚ ਲੈ ਜਾਂਦਾ ਹੈ ।੮।
ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥
(ਪਰ ਜੀਵ ਦੇ ਭੀ ਵੱਸ ਦੀ ਗੱਲ ਨਹੀਂ) ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖਾ ਮਿਟਦਾ ਨਹੀਂ (ਜਿਤਨਾ ਚਿਰ ਉਹ ਲੇਖਾ ਮੌਜੂਦ ਹੈ, ਉਹਨਾਂ ਦੇ ਪ੍ਰਭਾਵ ਹੇਠ ਕੁਕਰਮ ਕਰ ਕਰ ਕੇ) ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥੯॥
ਜੀਵ ਵਿਚਾਰਾ ਹੋਰ ਕਿਸ ਨੂੰ ਦੋਸ ਦੇਵੇ? (ਅਸਲ ਗੱਲ ਇਹ ਹੈ ਕਿ) ਗੁਰੂ ਦੀ ਸਰਨ ਤੋਂ ਬਿਨਾ ਜ਼ਿੰਦਗੀ ਵਿਅਰਥ ਜਾਂਦੀ ਹੈ (ਵਿਕਾਰਾਂ ਵਿਚ ਪੈ ਕੇ ਮਨੁੱਖ) ਹੋਰ ਆਤਮਕ ਮੌਤ ਹੋਰ ਆਤਮਕ ਮੌਤ ਸਹੇੜਦਾ ਜਾਂਦਾ ਹੈ । ਗੁਰੂ ਦੇ ਸ਼ਬਦ ਤੋਂ ਖੁੰਝਣ ਕਰਕੇ ਜ਼ਿੰਦਗੀ (ਵਿਕਾਰਾਂ ਵਿਚ) ਸੜ ਜਾਂਦੀ ਹੈ ।੯।
ਖੁਸੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ॥
ਜੀਵ ਦੁਨੀਆ ਦੀਆਂ ਖ਼ੁਸ਼ੀਆਂ ਮਾਣਨ ਵਿਚ, ਰਸ ਭੋਗਣ ਵਿਚ, ਤੇ ਹੋਰ ਫੋਕੇ ਤੇ ਮੰਦੇ ਕਰਮ ਕਰਨ ਵਿਚ ਪੈ ਕੇ ਖ਼ੁਆਰ ਹੁੰਦਾ ਹੈ ।
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥੧੦॥
ਪਰਮਾਤਮਾ ਦਾ ਨਾਮ ਭੁਲਾ ਕੇ, ਲੋਭ ਵਿਚ ਫਸ ਕੇ ਮੂਲ ਭੀ ਗਵਾ ਲੈਂਦਾ ਹੈ, ਆਖ਼ਰ ਇਸ ਦੇ ਸਿਰ ਉਤੇ ਧਰਮਰਾਜ ਦਾ ਡੰਡਾ ਪੈਂਦਾ ਹੈ ।੧੦।
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥
ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਦੇ ਗੁਣ ਗਾਂਦੇ ਹਨ ।
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥੧੧॥
ਜਿਨ੍ਹਾਂ ਉਤੇ ਹਰੀ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹ ਜਗਤ ਵਿਚ ਹਰੀ ਗੋਬਿੰਦ ਬੇਅੰਤ ਪੂਰਨ ਸਰਬ-ਵਿਆਪਕ ਨੂੰ ਸਿਮਰ ਕੇ ਪਵਿਤ® ਜੀਵਨ ਵਾਲੇ ਹੋ ਜਾਂਦੇ ਹਨ ।੧੧।
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥
ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਪ੍ਰੇਮ ਜੋੜ ਕੇ ਪਰਮਾਤਮਾ ਦਾ ਨਾਮ ਸਿਮਰੋ, ਗੁਰੂ ਦੇ ਬਚਨ (ਹਿਰਦੇ ਵਿਚ) ਸੰਭਾਲ ਰੱਖੋ । ਪਰਮਾਤਮਾ ਦੇ ਦਰ ਤੇ ਗੁਰੂ (ਦਾ ਬਚਨ) ਹੀ ਆਦਰ ਪਾਂਦਾ ਹੈ, ਸੰਤ ਜਨਾਂ ਦੀ ਸੰਗਤਿ ਹੀ ਕਬੂਲ ਪੈਂਦੀ ਹੈ ।
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥੧੨॥੮॥
ਹੇ ਨਾਨਕ! (ਅਰਦਾਸ ਕਰ—) ਹੇ ਹਰੀ! (ਮੈਨੂੰ) ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਦੇਹ) ।੧੨।੮।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ।
ਮਾਰੂ ਕਾਫੀ ਮਹਲਾ ੧ ਘਰੁ ੨ ॥
ਮਾਰੂ ਕਾਫ਼ੀ ਪਹਿਲੀ ਪਾਤਿਸ਼ਾਹੀ।
ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥
(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ
ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥
ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ®ੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ ।੧।
ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥
(ਹੇ ਪ੍ਰੀਤਮ ਪ੍ਰਭੂ!) ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ ।
ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥
ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ, ਤਾ ਕਿ ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਜਾਏ ।੧।ਰਹਾਉ।
ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥
(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ?
ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥
(ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ । ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ ।੨।
ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥
ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ ।
ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥
ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ ।੩।
ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥
ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ, ਉਹ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ,
ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥
ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ।੪।