Sri Guru Granth Sahib Ji — Ang 1007 (punjabi)
ਮੇਰੇ ਮਨ ਨਾਮੁ ਹਿਰਦੈ ਧਾਰਿ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਈ ਰੱਖ ।
ਕਰਿ ਪ੍ਰੀਤਿ ਮਨੁ ਤਨੁ ਲਾਇ ਹਰਿ ਸਿਉ ਅਵਰ ਸਗਲ ਵਿਸਾਰਿ ॥੧॥ ਰਹਾਉ ॥
ਹੇ ਭਾਈ! ਮਨ ਲਾ ਕੇ ਤਨ ਲਾ ਕੇ (ਤਨੋਂ ਮਨੋਂ) ਹੋਰ ਸਾਰੇ (ਚਿੰਤਾ-ਫ਼ਿਕਰ) ਭੁਲਾ ਕੇ ਪਰਮਾਤਮਾ ਨਾਲ ਪਿਆਰ ਬਣਾਈ ਰੱਖ ।੧।ਰਹਾਉ।
ਜੀਉ ਮਨੁ ਤਨੁ ਪ੍ਰਾਣ ਪ੍ਰਭ ਕੇ ਤੂ ਆਪਨ ਆਪੁ ਨਿਵਾਰਿ ॥
ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ—(ਸਭ ਕੁਝ) ਪਰਮਾਤਮਾ ਦੇ ਹੀ ਦਿੱਤੇ ਹੋਏ ਹਨ (ਤੂੰ ਮਾਣ ਕਿਸ ਗੱਲ ਦਾ ਕਰਦਾ ਹੈਂ?) ਆਪਾ-ਭਾਵ ਦੂਰ ਕਰ ।
ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥੨॥੪॥੨੭॥
ਹੇ ਨਾਨਕ! (ਆਖ—ਹੇ ਭਾਈ) ਗੋਬਿੰਦ ਦਾ ਭਜਨ ਕਰਿਆ ਕਰ, ਤੇਰੀਆਂ ਸਾਰੀਆਂ ਲੋੜਾਂ ਭੀ ਪੂਰੀਆਂ ਹੋਣਗੀਆਂ, ਤੇ, (ਮਨੁੱਖਾ ਜਨਮ ਦੀ ਬਾਜ਼ੀ ਭੀ) ਕਦੇ ਨਹੀਂ ਹਾਰੇਂਗਾ ।੨।੪।੨੭।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥
ਹੇ ਮੇਰੇ ਮਨ! ਆਪਾ-ਭਾਵ ਛੱਡ ਦੇਹ, ਗੁਰੂ ਦੀ ਚਰਨ-ਧੂੜ ਬਣ ਜਾ, ਤੇਰਾ ਸਾਰਾ ਦੁੱਖ-ਕਲੇਸ਼ ਦੂਰ ਹੋ ਜਾਇਗਾ ।
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥੧॥
ਹੇ ਪ੍ਰਭੂ! ਤੇਰਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮਿਹਰ ਕਰ ਕੇ ਦੇਂਦਾ ਹੈਂ ।੧।
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥
ਹੇ ਮੇਰੇ ਮਨ! ਆਤਮਕ ਜੀਵਨ ਦੇ ਵਾਲਾ ਹਰਿ-ਨਾਮ-ਜਲ ਪੀਆ ਕਰ
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥੧॥ ਰਹਾਉ ॥
(ਨਾਮ ਦੀ ਬਰਕਤਿ ਨਾਲ) ਹੋਰ ਸਾਰੇ (ਮਾਇਕ ਪਦਾਰਥਾਂ ਦੇ) ਨਾਸਵੰਤ ਚਸਕੇ ਭੁਲਾ ਕੇ ਸਦਾ ਲਈ ਅਟੱਲ ਆਤਮਕ ਜੀਵਨ ਵਾਲੀ ਜ਼ਿੰਦਗੀ ਗੁਜ਼ਾਰ ।੧।ਰਹਾਉ।
ਨਾਮੁ ਇਕ ਰਸ ਰੰਗ ਨਾਮਾ ਨਾਮਿ ਲਾਗੀ ਲੀਉ ॥
ਜਿਸ ਮਨੁੱਖ ਨੇ ਇੱਕ ਪਰਮਾਤਮਾ ਨੂੰ ਹੀ ਆਪਣਾ ਸੱਜਣ ਮਿੱਤਰ ਤੇ ਸਨਬੰਧੀ ਬਣਾ ਲਿਆ, ਉਸ ਦੀ ਲਿਵ ਸਦਾ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ,
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥੨॥੫॥੨੮॥
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ (ਮਾਇਕ ਪਦਾਰਥਾਂ ਦੇ ਸੁਆਦ ਹਨ), ਨਾਮ ਹੀ ਉਸ ਲਈ ਦੁਨੀਆ ਦੇ ਰੰਗ-ਤਮਾਸ਼ੇ ਹਨ ।੨।੫।੨੮।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ ॥
ਹੇ ਮਨ! ਪਾਲਣਾ ਕਰ ਕੇ ਪ੍ਰਭੂ ਮਾਂ ਦੇ ਪੇਟ ਵਿਚ ਬਚਾਂਦਾ ਹੈ, (ਪੇਟ ਦੀ ਅੱਗ ਦਾ) ਸੇਕ ਲੱਗਣ ਨਹੀਂ ਦੇਂਦਾ ।
ਸੋਈ ਸੁਆਮੀ ਈਹਾ ਰਾਖੈ ਬੂਝੁ ਬੁਧਿ ਬਿਬੇਕ ॥੧॥
ਉਹੀ ਮਾਲਕ ਇਸ ਜਗਤ ਵਿਚ ਭੀ ਰੱਖਿਆ ਕਰਦਾ ਹੈ । ਹੇ ਭਾਈ! ਪਰਖ ਦੀ ਬੁੱਧੀ ਨਾਲ ਇਹ (ਸੱਚਾਈ) ਸਮਝ ਲੈ ।੧।
ਮੇਰੇ ਮਨ ਨਾਮ ਕੀ ਕਰਿ ਟੇਕ ॥
ਹੇ ਮੇਰੇ ਮਨ! (ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਲੈ ।
ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥੧॥ ਰਹਾਉ ॥
ਉਸ ਪਰਮਾਤਮਾ ਨੂੰ ਹੀ (ਸਹਾਰਾ) ਸਮਝ, ਜਿਸ ਨੇ ਤੈਨੂੰ ਪੈਦਾ ਕੀਤਾ ਹੈ । ਹੇ ਮਨ! ਇਕ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ ।੧।ਰਹਾਉ।
ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥
ਹੇ ਭਾਈ! ਚਤੁਰਾਈਆਂ ਛੱਡ ਕੇ (ਵਿਖਾਵੇ ਦੇ) ਸਾਰੇ (ਧਾਰਮਿਕ) ਪਹਿਰਾਵੇ ਛੱਡ ਕੇ ਆਪਣੇ ਮਨ ਵਿਚ ਪਰਮਾਤਮਾ ਨੂੰ ਯਾਦ ਕਰਦਾ ਰਹੁ ।
ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥੨॥੬॥੨੯॥
ਹੇ ਨਾਨਕ! ਪਰਮਾਤਮਾ ਦਾ ਸਦਾ ਸਿਮਰਨ ਕਰ ਕੇ ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ।੨।੬।੨੯।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥
ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ-ਜੋਗ ਹੈ, ਜਿਹੜਾ ਨਿਖਸਮਿਆਂ ਦਾ ਖਸਮ ਹੈ,
ਮਹਾ ਭਉਜਲ ਮਾਹਿ ਤੁਲਹੋ ਜਾ ਕੋ ਲਿਖਿਓ ਮਾਥ ॥੧॥
ਉਹ ਪਰਮਾਤਮਾ ਇਸ ਭਿਆਨਕ ਸੰਸਾਰ-ਸਮੁੰਦਰ ਵਿਚ (ਜੀਵਾਂ ਵਾਸਤੇ) ਜਹਾਜ਼ ਹੈ । (ਪਰ ਇਹ ਉਸੇ ਨੂੰ ਮਿਲਦਾ ਹੈ) ਜਿਸ ਦੇ ਮੱਥੇ ਉਤੇ (ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ।੧।
ਡੂਬੇ ਨਾਮ ਬਿਨੁ ਘਨ ਸਾਥ ॥
ਹੇ ਭਾਈ! ਜਿਹੜਾ ਪਰਮਾਤਮਾ (ਜੀਵਾਂ ਨੂੰ) ਹੱਥ ਦੇ ਕੇ ਬਚਾਂਦਾ ਹੈ ਉਸ ਦੇ ਨਾਮ ਤੋਂ ਬਿਨਾ ਪੂਰਾਂ ਦੇ ਪੂਰ (ਇਸ ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਹਨ, (ਕਿਉਂਕਿ)
ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥੧॥ ਰਹਾਉ ॥
ਜਗਤ ਦਾ ਮੂਲ ਪਰਮਾਤਮਾ (ਉਹਨਾਂ ਦੇ) ਚਿੱਤ ਵਿਚ ਨਹੀਂ ਵੱਸਦਾ ।੧।ਰਹਾਉ।
ਸਾਧਸੰਗਤਿ ਗੁਣ ਉਚਾਰਣ ਹਰਿ ਨਾਮ ਅੰਮ੍ਰਿਤ ਪਾਥ ॥
ਹੇ ਭਾਈ! ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਗੁਣ ਉੱਚਾਰਦੇ ਰਹਿਣਾ—ਇਹੀ ਹੈ ਆਤਮਕ ਜੀਵਨ ਦੇਣ ਵਾਲਾ ਰਸਤਾ ।
ਕਰਹੁ ਕ੍ਰਿਪਾ ਮੁਰਾਰਿ ਮਾਧਉ ਸੁਣਿ ਨਾਨਕ ਜੀਵੈ ਗਾਥ ॥੨॥੭॥੩੦॥
ਹੇ ਨਾਨਕ! (ਆਖ—) ਹੇ ਮੁਰਾਰੀ! ਹੇ ਮਾਧੋ! ਮਿਹਰ ਕਰ (ਤਾ ਕਿ ਤੇਰਾ ਦਾਸ ਤੇਰੀ) ਸਿਫ਼ਤਿ-ਸਾਲਾਹ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ।੨।੭।੩੦।
ਮਾਰੂ ਅੰਜੁਲੀ ਮਹਲਾ ੫ ਘਰੁ ੭
ਮਾਰੂ ਅੰਜੁਲੀ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥
ਹੇ ਭਾਈ! (ਜਿੰਦ ਤੇ ਸਰੀਰ ਦਾ) ਮਿਲਾਪ ਅਤੇ ਵਿਛੋੜਾ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ ।
ਪੰਚ ਧਾਤੁ ਕਰਿ ਪੁਤਲਾ ਕੀਆ ॥
(ਪਰਮਾਤਮਾ ਦੇ ਹੁਕਮ ਵਿਚ ਹੀ) ਪੰਜ ਤੱਤ (ਇਕੱਠੇ) ਕਰ ਕੇ ਸਰੀਰ ਬਣਾਇਆ ਜਾਂਦਾ ਹੈ ।
ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥੧॥
ਪ੍ਰਭੂ-ਪਾਤਿਸ਼ਾਹ ਦੇ ਹੁਕਮ ਅਨੁਸਾਰ ਹੀ ਜੀਵਾਤਮਾ ਸਰੀਰ ਵਿਚ ਆ ਟਿਕਦਾ ਹੈ ।੧।
ਜਿਥੈ ਅਗਨਿ ਭਖੈ ਭੜਹਾਰੇ ॥
ਹੇ ਭਾਈ! ਜਿੱਥੇ (ਮਾਂ ਦੇ ਪੇਟ ਵਿਚ ਪੇਟ ਦੀ) ਅੱਗ ਬੜੀ ਭਖਦੀ ਹੈ
ਊਰਧ ਮੁਖ ਮਹਾ ਗੁਬਾਰੇ ॥
ਉਸ ਭਿਆਨਕ ਹਨੇਰੇ ਵਿਚ ਜੀਵ ਉਲਟੇ-ਮੰੂਹ ਪਿਆ ਰਹਿੰਦਾ ਹੈ ।
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥
ਜੀਵ (ਉਥੇ ਆਪਣੇ) ਹਰੇਕ ਸਾਹ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ, ਉਸ ਥਾਂ ਮਾਲਕ-ਪ੍ਰਭੂ ਨੇ ਹੀ ਜੀਵ ਨੂੰ ਬਚਾਇਆ ਹੁੰਦਾ ਹੈ ।੨।
ਵਿਚਹੁ ਗਰਭੈ ਨਿਕਲਿ ਆਇਆ ॥
ਹੇ ਭਾਈ! ਜਦੋਂ ਜੀਵ ਮਾਂ ਦੇ ਪੇਟ ਵਿਚੋਂ ਬਾਹਰ ਆ ਜਾਂਦਾ ਹੈ,
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
ਮਾਲਕ-ਪ੍ਰਭੂ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿਚ ਚਿੱਤ ਜੋੜ ਲੈਂਦਾ ਹੈ ।
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥
ਵਿਸਾਰਨ ਕਰਕੇ) ਜੰਮਣ ਮਰਨ ਦੇ ਗੇੜ ਵਿਚ (ਜੀਵ) ਪੈ ਜਾਂਦਾ ਹੈ, ਜੂਨਾਂ ਵਿਚ ਪਾਇਆ ਜਾਂਦਾ ਹੈ, ਕਿਸੇ ਇੱਕ ਥਾਂ ਇਸ ਨੂੰ ਟਿਕਾਣਾ ਨਹੀਂ ਮਿਲਦਾ ।੩।
ਮਿਹਰਵਾਨਿ ਰਖਿ ਲਇਅਨੁ ਆਪੇ ॥
ਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ,
ਜੀਅ ਜੰਤ ਸਭਿ ਤਿਸ ਕੇ ਥਾਪੇ ॥
ਉਸ ਮਿਹਰਵਾਨ (ਪ੍ਰਭੂ) ਨੇ ਆਪ ਹੀ (ਕਈ ਜੀਵ ਜਨਮ ਮਰਨ ਦੇ ਗੇੜ ਤੋਂ) ਬਚਾਏ ਹਨ ।
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥
ਹੇ ਨਾਨਕ! ਜਿਹੜਾ ਮਨੁੱਖ (ਪਰਮਾਤਮਾ ਦੇ ਨਾਮ ਦੀ ਰਾਹੀਂ) ਇਸ ਕੀਮਤੀ ਜਨਮ (ਦੀ ਬਾਜ਼ੀ) ਨੂੰ ਜਿੱਤ ਕੇ ਇਥੋਂ ਤੁਰਦਾ ਹੈ, ਉਹ ਇਸ ਜਗਤ ਵਿਚ ਆਇਆ ਹੋਇਆ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ।੪।੧।੩੧।