Sri Guru Granth Sahib Ji — Ang 1006 (punjabi)
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥
ਹੇ ਨਾਨਕ! (ਆਖ—) ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ
ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥
ਤੇਰੇ ਸੰਤਾਂ ਦੀ ਸੰਗਤਿ ਅਤੇ ਦਾਸਾਂ ਦੀ ਚਰਨ-ਧੂੜ—(ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ ।੪।੬।੨੨।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਤ੍ਰਿਪਤਿ ਆਘਾਏ ਸੰਤਾ ॥
ਉਹ (ਅਮੋਲਕ ਨਾਮ-ਲਾਲ ਵਿਹਾਝ ਕੇ ਮਾਇਆ ਵਲੋਂ) ਪੂਰਨ ਤੌਰ ਤੇ ਰੱਜ ਗਏ
ਗੁਰ ਜਾਨੇ ਜਿਨ ਮੰਤਾ ॥
ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ,
ਤਾ ਕੀ ਕਿਛੁ ਕਹਨੁ ਨ ਜਾਈ ॥
ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ
ਜਾ ਕਉ ਨਾਮ ਬਡਾਈ ॥੧॥
ਉਹਨਾਂ ਦੀ (ਆਤਮਕ ਅਵਸਥਾ ਇਤਨੀ ਉੱਚੀ ਬਣ ਜਾਂਦੀ ਹੈ ਕਿ) ਬਿਆਨ ਨਹੀਂ ਕੀਤੀ ਜਾ ਸਕਦੀ ।੧।
ਲਾਲੁ ਅਮੋਲਾ ਲਾਲੋ ॥
ਹੇ ਭਾਈ! ਪਰਮਾਤਮਾ ਦਾ ਨਾਮ ਇਕ ਐਸਾ ਲਾਲ ਹੈ ਜਿਹੜਾ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲਦਾ,
ਅਗਹ ਅਤੋਲਾ ਨਾਮੋ ॥੧॥ ਰਹਾਉ ॥
ਜਿਹੜਾ (ਆਸਾਨੀ ਨਾਲ) ਫੜਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ।੧।ਰਹਾਉ।
ਅਵਿਗਤ ਸਿਉ ਮਾਨਿਆ ਮਾਨੋ ॥
ਹੇ ਭਾਈ! (ਜਿਨ੍ਹਾਂ ਨੂੰ ਨਾਮ-ਲਾਲ ਪ੍ਰਾਪਤ ਹੋ ਗਿਆ) ਅਦਿ®ਸ਼ਟ ਪਰਮਾਤਮਾ ਨਾਲ ਉਹਨਾਂ ਦਾ ਮਨ ਪਤੀਜ ਗਿਆ
ਗੁਰਮੁਖਿ ਤਤੁ ਗਿਆਨੋ ॥
ਗੁਰੂ ਦੀ ਸਰਨ ਪੈ ਕੇ ਉਹਨਾਂ ਨੂੰ ਅਸਲੀ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ ।
ਪੇਖਤ ਸਗਲ ਧਿਆਨੋ ॥
ਸਾਰੇ ਜਗਤ ਨਾਲ ਮੇਲ-ਮਿਲਾਪ ਰੱਖਦਿਆਂ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ,
ਤਜਿਓ ਮਨ ਤੇ ਅਭਿਮਾਨੋ ॥੨॥
ਉਹ ਆਪਣੇ ਮਨ ਤੋਂ ਅਹੰਕਾਰ ਦੂਰ ਕਰ ਲੈਂਦੇ ਹਨ ।੨।
ਨਿਹਚਲੁ ਤਿਨ ਕਾ ਠਾਣਾ ॥
ਹੇ ਭਾਈ! (ਜਿਨ੍ਹਾਂ ਨੂੰ ਨਾਮ-ਲਾਲ ਮਿਲ ਗਿਆ) ਉਹਨਾਂ ਦਾ ਆਤਮਕ ਟਿਕਾਣਾ ਅਟੱਲ ਹੋ ਜਾਂਦਾ ਹੈ (ਉਹਨਾਂ ਦਾ ਮਨ ਮਾਇਆ ਵਲ ਡੋਲਣੋਂ ਹਟ ਜਾਂਦਾ ਹੈ),
ਗੁਰ ਤੇ ਮਹਲੁ ਪਛਾਣਾ ॥
ਉਹ ਮਨੁੱਖ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ-ਚਰਨਾਂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।
ਅਨਦਿਨੁ ਗੁਰ ਮਿਲਿ ਜਾਗੇ ॥
ਗੁਰੂ ਨੂੰ ਮਿਲ ਕੇ (ਗੁਰੂ ਦੀ ਸਰਨ ਪੈ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਤੇ,
ਹਰਿ ਕੀ ਸੇਵਾ ਲਾਗੇ ॥੩॥
ਸਦਾ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗੇ ਰਹਿੰਦੇ ਹਨ ।੩।
ਪੂਰਨ ਤ੍ਰਿਪਤਿ ਅਘਾਏ ॥
ਹੇ ਭਾਈ! (ਜਿਨ੍ਹਾਂ ਨੂੰ ਨਾਮ-ਲਾਲ ਮਿਲ ਜਾਂਦਾ ਹੈ) ਉਹ ਮਾਇਆ ਦੀ ਤਿ®ਸ਼ਨਾ ਵੱਲੋਂ ਪੂਰਨ ਤੌਰ ਤੇ ਰੱਜੇ ਰਹਿੰਦੇ ਹਨ,
ਸਹਜ ਸਮਾਧਿ ਸੁਭਾਏ ॥
ਉਹ ਪ੍ਰਭੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ,
ਹਰਿ ਭੰਡਾਰੁ ਹਾਥਿ ਆਇਆ ॥
(ਕਿਉਂਕਿ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਉਹਨਾਂ ਦੇ ਹੱਥ ਆ ਜਾਂਦਾ ਹੈ ।
ਨਾਨਕ ਗੁਰ ਤੇ ਪਾਇਆ ॥੪॥੭॥੨੩॥
ਪਰ, ਹੇ ਨਾਨਕ! (ਇਹ ਖ਼ਜ਼ਾਨਾ) ਗੁਰੂ ਪਾਸੋਂ ਹੀ ਮਿਲਦਾ ਹੈ ।੪।੭।੨੩।
ਮਾਰੂ ਮਹਲਾ ੫ ਘਰੁ ੬ ਦੁਪਦੇ
ਮਾਰੂ ਪੰਜਵੀਂ ਪਾਤਿਸ਼ਾਹੀ ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥
ਹੇ ਭਾਈ! ਸਾਰੀਆਂ (ਫੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ।
ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥
(ਨਾਮ ਤੋਂ ਬਿਨਾ) ਹੋਰ ਸਭ ਕੁਝ ਨਾਸਵੰਤ ਹੈ ।ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ ।੧।
ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥
ਹੇ ਮੇਰੇ ਮਨ! ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ ।
ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥
(ਨਾਮ ਦੀ ਬਰਕਤਿ ਨਾਲ) ਤੇਰੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਮਿਟ ਜਾਣਗੇ । ਵਿਚਾਰਾ ਜਮ ਭੀ ਕੌਣ ਹੈ (ਜੋ ਤੈਨੂੰ ਡਰਾ ਸਕੇ)? ।੧।ਰਹਾਉ।
ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥
(ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਉੱਤੇ ਦੁਨੀਆ ਦੇ) ਦੁੱਖ, ਮੁਥਾਜੀ, (ਹਰੇਕ ਕਿਸਮ ਦਾ) ਡਰ—(ਇਹਨਾਂ ਵਿਚੋਂ ਕੋਈ ਭੀ) ਆਪਣਾ ਜ਼ੋਰ ਨਹੀਂ ਪਾ ਸਕਦਾ ।
ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
ਹੇ ਭਾਈ! ਨਾਨਕ ਆਖਦਾ ਹੈ ਪਰਮਾਤਮਾ ਦਾ ਭਜਨ ਕਰਨਾ ਹੀ ਅਸਲ ਆਤਮਕ ਜੀਵਨ ਦੀ ਸੂਝ ਹੈ (ਪਰ ਇਹ ਨਾਮ) ਗੁਰੂ ਦੀ ਕਿਰਪਾ ਨਾਲ (ਹੀ ਮਿਲਦਾ ਹੈ) ।੨।੧।੨੪।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥
(ਹੇ ਮੇਰੇ ਮਨ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ (ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ) ਸੁਆਹ ਹੁੰਦੇ ਵੇਖੇ ਜਾਂਦੇ ਹਨ ।
ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥
ਪੁੱਤਰ, ਮਿੱਤਰ, ਇਸਤ®ੀ (ਆਦਿਕ ਸਨਬੰਧੀ ਜਿਨ੍ਹਾਂ ਨਾਲ ਮਨੁੱਖ ਦੁਨੀਆ ਦੀਆਂ) ਰੰਗ-ਰਲੀਆਂ (ਮਾਣਦਾ ਹੈ)—ਇਹ ਸਾਰੇ ਪਿਆਰ (ਆਖ਼ਿਰ) ਟੁੱਟ ਜਾਂਦੇ ਹਨ ।੧।
ਮੇਰੇ ਮਨ ਨਾਮੁ ਨਿਤ ਨਿਤ ਲੇਹ ॥
ਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ ।
ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
(ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਤਿ®ਸ਼ਨਾ ਦੀ) ਅੱਗ ਦੇ ਸਮੁੰਦਰਾਂ ਵਿਚ ਸੜਦਾ ਨਹੀਂ, ਉਸ ਦੇ ਮਨ ਵਿਚ ਤਨ ਵਿਚ ਦੇਹੀ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ ।੧।ਰਹਾਉ।
ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥
ਜਿਵੇਂ ਰੁੱਖ ਦੀ ਛਾਂ ਨਾਸ ਹੋ ਜਾਂਦੀ ਹੈ, (ਛੇਤੀ ਬਦਲਦੀ ਜਾਂਦੀ ਹੈ) ਜਿਵੇਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ (ਤੇ ਉਹਨਾਂ ਦੀ ਛਾਂ ਮੁੱਕ ਜਾਂਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਬਿਲਾਸ ਨਾਸਵੰਤ ਹਨ) ।
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥
ਹੇ ਨਾਨਕ! (ਆਖ—ਹੇ ਭਾਈ!) ਗੁਰੂ ਨੂੰ ਮਿਲ ਅਤੇ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੱਕੀ ਕਰ । ਇਹੀ ਤੇਰੇ ਕੰਮ ਆਉਣ ਵਾਲੀ ਹੈ ।੨।੨।੨੫।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥
ਹੇ ਮੇਰੇ ਮਨ! ਉਹ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਅਤੇ ਸਦਾ ਹੀ (ਹਰੇਕ ਦੇ) ਨਾਲ ਵੱਸਦਾ ਹੈ ।
ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥
ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਉਹ ਨਾਸ-ਰਹਿਤ ਹੈ । ਨਾਹ ਖ਼ੁਸ਼ੀ ਨਾਹ ਗ਼ਮੀ—ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ ।੧।
ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥
ਮੇਰੇ ਮਨ! ਪਰਮਾਤਮਾ ਦੇ ਨਾਮ ਨਾਲ ਪਿਆਰ ਪਾਈ ਰੱਖ ।
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥
ਹੇ ਭਾਈ! ਜਿਹੜਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਉਸ ਨੂੰ ਆਪਣੇ ਮਨ ਵਿਚ ਯਾਦ ਕਰਿਆ ਕਰ । ਜ਼ਿੰਦਗੀ ਨੂੰ ਪਵਿੱਤਰ ਰੱਖਣ ਦਾ ਇਹੀ ਤਰੀਕਾ ਹੈ ।੧।ਰਹਾਉ।
ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥
ਹੇ ਭਾਈ! ਪਰਮਾਤਮਾ ਕਿਰਪਾ ਦਾ ਘਰ ਹੈ ਦਇਆ ਦਾ ਸੋਮਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਗੋਬਿੰਦ ਹੈ । ਜਿਹੜਾ ਮਨੁੱਖ (ਉਸ ਦਾ ਨਾਮ) ਜਪਦਾ ਹੈ ਉਸ ਨੂੰ ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ ।
ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਹਰ ਵੇਲੇ ਨਵਾਂ ਹੈ (ਪਰਮਾਤਮਾ ਦਾ ਪਿਆਰ ਹਰ ਵੇਲੇ ਨਵਾਂ ਹੈ), ਪਰਮਾਤਮਾ ਸਿਆਣਾ ਹੈ ਸੋਹਣਾ ਹੈ । ਉਸ ਨਾਲ (ਉਸ ਦੇ ਚਰਨਾਂ ਵਿਚ) ਆਪਣਾ ਮਨ ਪ੍ਰੋਈ ਰੱਖ ।੨।੩।੨੬।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
ਹੇ ਭਾਈ! ਤੁਰਦਿਆਂ ਫਿਰਦਿਆਂ, ਬੈਠਦਿਆਂ, ਸੁੱਤੇ ਪਿਆਂ, ਜਾਗਦਿਆਂ—ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਚੇਤੇ ਰੱਖ ।
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥
ਗੁਰੂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ) ਚਰਨਾਂ ਦਾ ਆਸਰਾ ਲੈ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ।੧।