Sri Guru Granth Sahib Ji — Ang 1005 (punjabi)
ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
ਸੰਸਾਰੀ ਸਾਥੀਆਂ ਨਾਲ (ਸਾਥ ਨਿਬਾਹੁਣ ਵਾਲੇ) ਸਾਰੇ ਬੋਲ ਝੂਠ ਹੀ ਹੋ ਜਾਂਦੇ ਹਨ ।
ਪਾਇ ਠਗਉਰੀ ਆਪਿ ਭੁਲਾਇਓ ॥
ਪਰ, ਹੇ ਨਾਨਕ! (ਜੀਵਾਂ ਦੇ ਭੀ ਕੀਹ ਵੱਸ?) ਪਰਮਾਤਮਾ ਆਪ ਹੀ (ਮਾਇਆ ਦੇ ਮੋਹ ਦੀ) ਠਗ-ਬੂਟੀ ਖਵਾ ਕੇ ਜੀਵ ਨੂੰ ਕੁਰਾਹੇ ਪਾ ਦੇਂਦਾ ਹੈ,
ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
ਹੇ ਨਾਨਕ! (ਜਨਮਾਂ ਜਨਮਾਂਤਰਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ।੨।
ਪਸੁ ਪੰਖੀ ਭੂਤ ਅਰੁ ਪ੍ਰੇਤਾ ॥
ਹੇ ਭਾਈ! (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਜੀਵ ਪਸ਼ੂ ਪੰਛੀ ਭੂਤ ਪ੍ਰੇਤ ਆਦਿਕ
ਬਹੁ ਬਿਧਿ ਜੋਨੀ ਫਿਰਤ ਅਨੇਤਾ ॥
ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ;
ਜਹ ਜਾਨੋ ਤਹ ਰਹਨੁ ਨ ਪਾਵੈ ॥
ਜਿਸ ਅਸਲ ਟਿਕਾਣੇ ਤੇ ਜਾਣਾ ਹੈ ਉਥੇ ਟਿਕ ਨਹੀਂ ਸਕਦਾ
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
ਨਿਥਾਵਾਂ ਹੋ ਕੇ ਮੁੜ ਮੁੜ ਉੱਠ ਕੇ (ਹੋਰ ਹੋਰ ਜੂਨਾਂ ਵਿਚ) ਭਟਕਦਾ ਹੈ ।
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
ਹੇ ਭਾਈ! (ਮਾਇਆ ਦੇ ਮੋਹ ਦੇ ਕਾਰਨ) ਮਨੁੱਖ ਦੇ ਮਨ ਵਿਚ ਤਨ ਵਿਚ ਅਨੇਕਾਂ ਵਾਸਨਾਂ ਦਾ ਖਿਲਾਰਾ ਖਿਲਰਿਆ ਰਹਿੰਦਾ ਹੈ,
ਅਹੰਮੇਵ ਮੂਠੋ ਬੇਚਾਰਾ ॥
ਹਉਮੈ ਇਸ ਵਿਚਾਰੇ ਦੇ ਆਤਮਕ ਜੀਵਨ ਨੂੰ ਲੁੱਟ ਲੈਂਦੀ ਹੈ ।
ਅਨਿਕ ਦੋਖ ਅਰੁ ਬਹੁਤੁ ਸਜਾਈ ॥
ਇਸ ਦੇ ਅੰਦਰ ਐਬ ਪੈਦਾ ਹੋ ਜਾਂਦੇ ਹਨ, ਅਤੇ ਉਹਨਾਂ ਦੀ ਸਜ਼ਾ ਭੀ ਬਹੁਤ ਮਿਲਦੀ ਹੈ,
ਤਾ ਕੀ ਕੀਮਤਿ ਕਹਣੁ ਨ ਜਾਈ ॥
(ਉਸ ਤੋਂ ਬਚਣ ਲਈ ਦੁਨੀਆਵੀ ਪਦਾਰਥਾਂ ਵਾਲੀ ਕੋਈ) ਕੀਮਤ ਦੱਸੀ ਨਹੀਂ ਜਾ ਸਕਦੀ (ਕਿਸੇ ਭੀ ਕੀਮਤ ਨਾਲ ਇਸ ਸਜ਼ਾ ਤੋਂ ਖ਼ਲਾਸੀ ਨਹੀਂ ਹੋ ਸਕਦੀ) ।
ਪ੍ਰਭ ਬਿਸਰਤ ਨਰਕ ਮਹਿ ਪਾਇਆ ॥
ਹੇ ਭਾਈ! ਪਰਮਾਤਮਾ ਦਾ ਨਾਮ ਭੁੱਲਣ ਕਰਕੇ ਜੀਵ ਨਰਕ ਵਿਚ ਸੁੱਟਿਆ ਜਾਂਦਾ ਹੈ,
ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
ਉਥੇ ਨਾਹ ਮਾਂ, ਨਾਹ ਕੋਈ ਸੰਬੰਧੀ, ਨਾਹ ਕੋਈ ਮਿੱਤਰ, ਨਾਹ ਇਸਤ®ੀ—(ਕੋਈ ਭੀ ਸਹਾਇਤਾ ਨਹੀਂ ਕਰ ਸਕਦਾ) ।
ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
ਜਿਸ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ
ਸੋ ਜਨੁ ਨਾਨਕ ਪਾਰਗਰਾਮੀ ॥੩॥
ਹੇ ਨਾਨਕ! (ਆਖ—ਹੇ ਭਾਈ!) ਉਹ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਜੋਗਾ ਹੁੰਦਾ ਹੈ ।੩।
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
ਜੀਵ ਭਟਕ ਭਟਕ ਕੇ (ਆਖ਼ਿਰ ਉਸ ਪ੍ਰਭੂ ਦੀ) ਸਰਨ ਆਉਂਦਾ ਹੈ
ਦੀਨਾ ਨਾਥ ਜਗਤ ਪਿਤ ਮਾਇਆ ॥
ਭਾਈ! ਪ੍ਰਭੂ ਦੀਨਾਂ ਦਾ ਨਾਥ ਹੈ, ਜਗਤ ਦਾ ਮਾਂ-ਪਿਉ ਹੈ,
ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
ਦਇਆ ਦਾ ਘਰ ਹੈ, (ਜੀਵਾਂ ਦੇ) ਦੁੱਖ ਦਰਦ ਦੂਰ ਕਰਨ ਵਾਲਾ ਹੈ,
ਜਿਸੁ ਭਾਵੈ ਤਿਸ ਹੀ ਨਿਸਤਾਰਣ ॥
ਹੇ ਭਾਈ! ਜਿਹੜਾ ਜੀਵ ਉਸ ਪ੍ਰਭੂ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।
ਅੰਧ ਕੂਪ ਤੇ ਕਾਢਨਹਾਰਾ ॥
ਹੇ ਭਾਈ! (ਸੰਸਾਰ-ਰੂਪ) ਅੰਨ੍ਹੇ ਖੂਹ ਵਿਚੋਂ (ਪ੍ਰਭੂ ਜੀਵ ਨੂੰ) ਕੱਢਣ ਦੇ ਸਮਰੱਥ ਹੈ,
ਪ੍ਰੇਮ ਭਗਤਿ ਹੋਵਤ ਨਿਸਤਾਰਾ ॥
ਪ੍ਰਭੂ ਦੀ ਪਿਆਰ-ਭਰੀ ਭਗਤੀ ਨਾਲ ਜੀਵ ਦਾ ਪਾਰ-ਉਤਾਰਾ ਹੋ ਜਾਂਦਾ ਹੈ ।
ਸਾਧ ਰੂਪ ਅਪਨਾ ਤਨੁ ਧਾਰਿਆ ॥
ਹੇ ਭਾਈ! ਪਰਮਾਤਮਾ ਨੇ ਗੁਰੂ-ਰੂਪ ਆਪਣਾ ਸਰੀਰ (ਆਪ ਹੀ ਸਦਾ) ਧਾਰਨ ਕੀਤਾ ਹੈ,
ਮਹਾ ਅਗਨਿ ਤੇ ਆਪਿ ਉਬਾਰਿਆ ॥
ਤੇ ਜੀਵਾਂ ਨੂੰ ਮਾਇਆ ਦੀ ਵੱਡੀ ਅੱਗ ਤੋਂ ਆਪ ਹੀ ਸਦਾ ਬਚਾਇਆ ਹੈ ।
ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
ਨਹੀਂ ਤਾਂ ਇਸ ਜੀਵ ਪਾਸੋਂ ਜਪ ਤਪ (ਨਾਮ ਦੀ ਕਮਾਈ) ਤੇ ਸੰਜਮ (ਸੁੱਧ ਆਚਰਨ) ਦੀ ਮਿਹਨਤ ਕੁਝ ਭੀ ਨਹੀਂ ਹੋ ਸਕਦੀ ।
ਆਦਿ ਅੰਤਿ ਪ੍ਰਭ ਅਗਮ ਅਗਾਹੀ ॥
ਹੇ ਪ੍ਰਭੂ! ਜਗਤ ਦੇ ਸ਼ੁਰੂ ਤੋਂ ਅੰਤ ਤਕ ਤੂੰ ਹੀ ਕਾਇਮ ਰਹਿਣ ਵਾਲਾ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ ।
ਨਾਮੁ ਦੇਹਿ ਮਾਗੈ ਦਾਸੁ ਤੇਰਾ ॥
ਤੇਰਾ ਦਾਸ ਤੇਰੇ ਦਰ ਤੋਂ ਤੇਰਾ ਨਾਮ ਮੰਗਦਾ ਹੈ ।
ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
ਹੇ ਨਾਨਕ! (ਆਖ—ਹੇ ਭਾਈ!) ਮੇਰਾ ਹਰੀ-ਪ੍ਰਭੂ ਆਤਮਕ ਜੀਵਨ ਦਾ ਦਰਜਾ (ਦੇਣ ਵਾਲਾ) ਹੈ ।੪।੩।੧੯।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
ਹੇ ਲੋਕੋ! ਤੁਸੀ ਕਿਉਂ ਆਪਣੇ ਮਨ ਨੂੰ ਡੁਲਾਂਦੇ ਹੋ? ਸੋਹਣਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ ।੧।
ਐਸੀ ਜਾਨਿ ਪਾਈ ॥
ਹੇ ਭਾਈ! ਮੈਂ ਤਾਂ ਇਉਂ ਸਮਝ ਲਿਆ ਹੈ
ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਸਰਨ ਪਿਆਂ ਦੀ ਮਦਦ ਕਰਨ ਵਾਲਾ ਸੂਰਮਾ ਹੈ, (ਆਪਣੇ ਸੇਵਕ ਦੀ) ਆਪ ਲਾਜ ਰੱਖਦਾ ਹੈ ।੧।ਰਹਾਉ।
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
ਹੇ ਲੋਕੋ! ਪਰਮਾਤਮਾ ਆਪਣੇ ਭਗਤਾਂ ਦੀ ਅਰਜ਼ੋਈ ਮੰਨਣ ਵਾਲਾ ਹੈ, ਅਤੇ (ਉਹਨਾਂ ਨੂੰ) ਸਦਾ ਹੀ ਸੁਖ ਦੇਣ ਵਾਲਾ ਹੈ ।੨।
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
(ਹੇ ਪ੍ਰਭੂ! ਮੈਂ ਨਾਨਕ ਤੇਰੇ ਦਰ ਦਾ ਸੇਵਕ ਹਾਂ) ਆਪਣੇ (ਇਸ) ਸੇਵਕ ਉਤੇ ਮਿਹਰ ਕਰਨੀ, ਮੈਂ (ਤੇਰਾ ਸੇਵਕ) ਤੇਰਾ ਨਾਮ ਹੀ ਸਿਮਰਦਾ ਰਹਾਂ ।੩।
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
ਹੇ ਪ੍ਰਭੂ! ਕਿਸੇ ਹੋਰ ਦੂਜੇ (ਨੂੰ ਤੇਰੇ ਵਰਗਾ ਸਮਝਣ) ਦਾ ਭੁਲੇਖਾ ਦੂਰ ਕਰ ਕੇ ਗਰੀਬ ਨਾਨਕ (ਤੇਰੇ ਦਰ ਤੋਂ) ਤੇਰਾ ਨਾਮ ਮੰਗਦਾ ਹੈ ।੪।੪।੨੦।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਮੇਰਾ ਠਾਕੁਰੁ ਅਤਿ ਭਾਰਾ ॥
ਹੇ ਭਾਈ! ਮੇਰਾ ਮਾਲਕ ਪ੍ਰਭੂ ਬਹੁਤ ਤਾਕਤਾਂ ਦਾ ਮਾਲਕ ਹੈ ।
ਮੋਹਿ ਸੇਵਕੁ ਬੇਚਾਰਾ ॥੧॥
ਮੈਂ (ਤਾਂ ਉਸ ਦੇ ਦਰ ਤੇ ਇਕ) ਨਿਮਾਣਾ ਸੇਵਕ ਹਾਂ ।੧।
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
ਮੇਰੇ ਮਨ ਦੇ ਪਿਆਰੇ! ਹੇ ਮੇਰੀ ਜਿੰਦ ਦੇ ਪਿਆਰੇ! ਤੂੰ ਮੇਰਾ ਸੋਹਣਾ ਪਿਆਰਾ ਪ੍ਰਭੂ ਹੈਂ ।
ਮੋ ਕਉ ਦੇਹੁ ਦਾਨਾ ॥੧॥ ਰਹਾਉ ॥
। ਮੈਨੂੰ (ਆਪਣੇ ਨਾਮ ਦਾ) ਦਾਨ ਬਖ਼ਸ਼ ।੧।ਰਹਾਉ।
ਸਗਲੇ ਮੈ ਦੇਖੇ ਜੋਈ ॥
ਹੇ ਭਾਈ! ਹੋਰ ਸਾਰੇ ਆਸਰੇ ਖੋਜ ਕੇ ਵੇਖ ਲਏ ਹਨ,
ਬੀਜਉ ਅਵਰੁ ਨ ਕੋਈ ॥੨॥
ਕੋਈ ਹੋਰ ਦੂਜਾ (ਉਸ ਪ੍ਰਭੂ ਦੇ ਬਰਾਬਰ ਦਾ) ਨਹੀਂ ਹੈ ।੨।
ਜੀਅਨ ਪ੍ਰਤਿਪਾਲਿ ਸਮਾਹੈ ॥
ਹੇ ਭਾਈ! ਪਰਮਾਤਮਾ ਸਾਰੇ ਜੀਵਾਂ ਨੂੰ ਪਾਲਦਾ ਹੈ, ਸਭ ਨੂੰ ਰੋਜ਼ੀ ਅਪੜਾਂਦਾ ਹੈ ।
ਹੈ ਹੋਸੀ ਆਹੇ ॥੩॥
ਹੁਣ ਭੀ ਹੈ, ਅਗਾਂਹ ਨੂੰ ਭੀ ਕਾਇਮ ਰਹੇਗਾ, ਪਹਿਲਾਂ ਭੀ ਸੀ ।੩।
ਦਇਆ ਮੋਹਿ ਕੀਜੈ ਦੇਵਾ ॥
ਹੇ ਦੇਵ! ਮੇਰੇ ਉੱਤੇ ਦਇਆ ਕਰ
ਨਾਨਕ ਲਾਗੋ ਸੇਵਾ ॥੪॥੫॥੨੧॥
ਹੇ ਨਾਨਕ! (ਆਖ—) ਮੈਂ ਤੇਰੀ ਸੇਵਾ ਭਗਤੀ ਵਿਚ ਲੱਗਾ ਰਹਾਂ ।੪।੫।੨੧।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
ਹੇ ਭਾਈ! ਵਿਕਾਰੀਆਂ ਨੂੰ ਬਚਾਣ ਵਾਲੇ ਅਤੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੇ ਪਰਮਾਤਮਾ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ,
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
(ਹਰ ਵੇਲੇ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ) ਕੋਈ ਅਜਿਹਾ ਸੰਤ ਮਿਲ ਪਏ ਜਿਸ ਦੀ ਰਾਹੀਂ ਸਦਾ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕੇ ।੧।
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
ਹੇ ਪ੍ਰਭੂ! ਮੈਨੂੰ (ਤਾਂ) ਕੋਈ ਨਹੀਂ ਜਾਣਦਾ, ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ ।
ਏਹਾ ਓਟ ਆਧਾਰਾ ॥੧॥ ਰਹਾਉ ॥
ਮੈਨੂੰ ਇਹੀ ਸਹਾਰਾ ਹੈ, ਮੈਨੂੰ ਇਹੀ ਆਸਰਾ ਹੈ (ਕਿ ਤੂੰ ਆਪਣੇ ਦਾਸ ਦੀ ਲਾਜ ਰੱਖੇਂਗਾ) ।੧।ਰਹਾਉ।
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
ਹੇ ਸਾਰੇ ਜੀਵਾਂ ਨੂੰ ਸਹਾਰਾ ਦੇਣ ਵਾਲੇ! ਹੇ ਸਭਨਾਂ ਨੂੰ ਪਾਲਣ ਵਾਲੇ! ਮੈਂ ਨਿਮਾਣਾ ਇਕ ਬੇਨਤੀ ਕਰਦਾ ਹਾਂ
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
ਹਾਂ ਕਿ ਤੂੰ ਪਾਣੀ ਹੋਵੇਂ ਤੇ ਮੈਂ ਤੇਰੀ ਮੱਛੀ ਬਣਿਆ ਰਹਾਂ (ਪਰ ਇਹ ਕਿਵੇਂ ਹੋ ਸਕੇ—ਇਹ) ਜੁਗਤਿ ਤੰੂ ਆਪ ਹੀ ਜਾਣਦਾ ਹੈਂ ।੨।
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
ਹੇ ਸਰਬ-ਵਿਆਪਕ! ਹੇ ਸਾਰੇ ਪਸਾਰੇ ਦੇ ਮਾਲਕ! ਮੈਂ ਤੇਰੀ ਸਰਨ ਆ ਪਿਆ ਹਾਂ ।
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
ਇਹ ਸਾਰਾ ਆਕਾਰ—ਧਰਤੀ, ਧਰਤੀਆਂ ਦੇ ਚੱਕਰ, ਧਰਤੀ ਦੇ ਹਿੱਸੇ—ਇਹ ਸਭ ਕੁਝ ਤੂੰ ਆਪ ਹੀ ਹੈਂ (ਤੂੰ ਆਪਣੇ ਆਪ ਤੋਂ ਪੈਦਾ ਕੀਤੇ ਹਨ) ।੩।