Sri Guru Granth Sahib Ji — Ang 1004 (punjabi)
ਬਾਝੁ ਗੁਰੂ ਗੁਬਾਰਾ ॥
ਗੁਰੂ ਤੋਂ ਬਿਨਾ (ਜਗਤ ਵਿਚ ਆਤਮਕ ਜੀਵਨ ਵਲੋਂ) ਹਨੇਰਾ (ਹੀ ਹਨੇਰਾ) ਹੈ ।
ਮਿਲਿ ਸਤਿਗੁਰ ਨਿਸਤਾਰਾ ॥੨॥
ਗੁਰੂ ਨੂੰ ਮਿਲ ਕੇ (ਹੀ ਇਸ ਹਨੇਰੇ ਵਿਚੋਂ) ਪਾਰ ਲੰਘੀਦਾ ਹੈ ।੨।
ਹਉ ਹਉ ਕਰਮ ਕਮਾਣੇ ॥
ਹੇ ਭਾਈ! ਹਉਮੈ ਦੇ ਆਸਰੇ ਜੀਵ (ਅਨੇਕਾਂ) ਕਰਮ ਕਰਦੇ ਹਨ,
ਤੇ ਤੇ ਬੰਧ ਗਲਾਣੇ ॥
ਉਹ ਸਾਰੇ ਕਰਮ (ਜੀਵਾਂ ਦੇ) ਗਲ ਵਿਚ ਫਾਹੀਆਂ ਬਣ ਜਾਂਦੇ ਹਨ ।
ਮੇਰੀ ਮੇਰੀ ਧਾਰੀ ॥
ਜੀਵ ਆਪਣੇ ਹਿਰਦੇ ਵਿਚ ਮਮਤਾ ਵਸਾਈ ਰੱਖਦਾ ਹੈ,
ਓਹਾ ਪੈਰਿ ਲੋਹਾਰੀ ॥
ਉਹ ਮਮਤਾ ਹੀ ਜੀਵ ਦੇ ਪੈਰ ਵਿਚ ਲੋਹੇ ਦੀ ਬੇੜੀ ਬਣ ਜਾਂਦੀ ਹੈ ।
ਸੋ ਗੁਰ ਮਿਲਿ ਏਕੁ ਪਛਾਣੈ ॥
ਉਹ ਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ,
ਜਿਸੁ ਹੋਵੈ ਭਾਗੁ ਮਥਾਣੈ ॥੩॥
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ।੩।
ਸੋ ਮਿਲਿਆ ਜਿ ਹਰਿ ਮਨਿ ਭਾਇਆ ॥
ਹੇ ਭਾਈ! ਉਹੀ ਮਨੁੱਖ ਪ੍ਰਭੂ-ਚਰਨਾਂ ਵਿਚ ਜੁੜਦਾ ਹੈ ਜਿਹੜਾ ਪ੍ਰਭੂ ਦੇ ਮਨ ਵਿਚ ਪਿਆਰਾ ਲੱਗਦਾ ਹੈ;
ਸੋ ਭੂਲਾ ਜਿ ਪ੍ਰਭੂ ਭੁਲਾਇਆ ॥
ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪ੍ਰਭੂ ਆਪ ਕੁਰਾਹੇ ਪਾਂਦਾ ਹੈ ।
ਨਹ ਆਪਹੁ ਮੂਰਖੁ ਗਿਆਨੀ ॥
ਆਪਣੇ ਆਪ ਤੋਂ ਨਾਹ ਕੋਈ ਮੂਰਖ ਹੈ ਨਾਹ ਕੋਈ ਸਿਆਣਾ ਹੈ ।
ਜਿ ਕਰਾਵੈ ਸੁ ਨਾਮੁ ਵਖਾਨੀ ॥
ਪਰਮਾਤਮਾ ਜੋ ਕੁਝ ਜੀਵ ਪਾਸੋਂ ਕਰਾਂਦਾ ਹੈ ਉਸ ਦੇ ਅਨੁਸਾਰ ਹੀ ਉਸ ਦਾ ਨਾਮ (ਮੂਰਖ ਜਾਂ ਗਿਆਨੀ) ਪੈ ਜਾਂਦਾ ਹੈ ।
ਤੇਰਾ ਅੰਤੁ ਨ ਪਾਰਾਵਾਰਾ ॥
ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਤੇਰੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ ।੪।੧।੧੭।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
(ਹੇ ਭਾਈ! ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤਿ®-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ,
ਲੋਭਿ ਵਿਆਪੀ ਝੂਠੀ ਦੁਨੀਆ ॥
ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ ।
ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ।੧।
ਨਿਰਭਉ ਨਿਰੰਕਾਰੁ ਦਇਅਲੀਆ ॥
ਹੇ ਭਾਈ! ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ,
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
ਜੋ ਦਇਆ ਦਾ ਘਰ ਹੈ, ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ।੧।ਰਹਾਉ।
ਏਕੈ ਸ੍ਰਮੁ ਕਰਿ ਗਾਡੀ ਗਡਹੈ ॥
ਹੇ ਭਾਈ! ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ;
ਏਕਹਿ ਸੁਪਨੈ ਦਾਮੁ ਨ ਛਡਹੈ ॥
ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ ।
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ।੨।
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
ਹੇ ਭਾਈ! ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ ।
ਏਕ ਸੰਚੀ ਤਜਿ ਬਾਪ ਮਹਤਾਰੀ ॥
ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ;
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ।੩।
ਹੋਇ ਅਉਧੂਤ ਬੈਠੇ ਲਾਇ ਤਾਰੀ ॥
ਹੇ ਭਾਈ! ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ;
ਜੋਗੀ ਜਤੀ ਪੰਡਿਤ ਬੀਚਾਰੀ ॥
ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ;
ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ।੪।
ਕਾਟੇ ਬੰਧਨ ਠਾਕੁਰਿ ਜਾ ਕੇ ॥
ਹੇ ਭਾਈ! ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ
ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ,
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥
ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ । ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ।੫।੨।੧੮।
ਮਾਰੂ ਮਹਲਾ ੫ ॥
ਮਾਰੂ ਪੰਜਵੀਂ ਪਾਤਿਸ਼ਾਹੀ।
ਸਿਮਰਹੁ ਏਕੁ ਨਿਰੰਜਨ ਸੋਊ ॥
ਹੇ ਭਾਈ! ਉਸੇ ਨਿਰਲੇਪ ਪਰਮਾਤਮਾ ਦਾ ਸਿਮਰਨ ਕਰਦੇ ਰਹੋ,
ਜਾ ਤੇ ਬਿਰਥਾ ਜਾਤ ਨ ਕੋਊ ॥
ਜਿਸ (ਦੇ ਦਰ) ਤੋਂ ਕੋਈ ਭੀ ਜੀਵ ਖ਼ਾਲੀ ਨਹੀਂ ਜਾਂਦਾ
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
ਮਾਂ ਦੇ ਪੇਟ ਵਿਚ ਜਿਸ ਨੇ ਪਾਲਣਾ ਕੀਤੀ
ਜੀਉ ਪਿੰਡੁ ਦੇ ਸਾਜਿ ਸਵਾਰਿਆ ॥
ਜਿੰਦ ਤੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾ ਦਿੱਤਾ ।
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
ਹੇ ਭਾਈ! ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ
ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ ।
ਚਰਣ ਕਮਲ ਉਰ ਅੰਤਰਿ ਧਾਰਹੁ ॥
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨ (ਆਪਣੇ) ਹਿਰਦੇ ਵਿਚ ਵਸਾਈ ਰੱਖੋ,
ਬਿਖਿਆ ਬਨ ਤੇ ਜੀਉ ਉਧਾਰਹੁ ॥
ਤੇ ਇਸ ਤਰ੍ਹਾਂ ਮਾਇਆ (ਸਾਗਰ ਦੇ ਠਾਠਾਂ ਮਾਰ ਰਹੇ) ਪਾਣੀ ਤੋਂ (ਆਪਣੀ) ਜਿੰਦ ਨੂੰ ਬਚਾ ਲਵੋ ।
ਕਰਣ ਪਲਾਹ ਮਿਟਹਿ ਬਿਲਲਾਟਾ ॥
ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਸਾਰੇ ਕੀਰਨੇ ਤੇ ਵਿਰਲਾਪ ਮਿਟ ਜਾਂਦੇ ਹਨ
ਜਪਿ ਗੋਵਿਦ ਭਰਮੁ ਭਉ ਫਾਟਾ ॥
ਗੋਬਿੰਦ (ਦਾ ਨਾਮ) ਜਪ ਕੇ ਭਟਕਣਾ ਅਤੇ ਡਰ (ਦਾ ਪੜਦਾ) ਫਟ ਜਾਂਦਾ ਹੈ ।
ਸਾਧਸੰਗਿ ਵਿਰਲਾ ਕੋ ਪਾਏ ॥
ਪਰ, ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਨਾਮ ਪ੍ਰਾਪਤ ਕਰਦਾ ਹੈ
ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹੈ ।੧।
ਰਾਮ ਨਾਮੁ ਮਨਿ ਤਨਿ ਆਧਾਰਾ ॥
ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਆਪਣੇ ਸਰੀਰ ਵਿਚ (ਆਪਣੀ ਜ਼ਿੰਦਗੀ ਦਾ) ਸਹਾਰਾ ਬਣਾਈ ਰੱਖ
ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
ਜਿਹੜਾ ਮਨੁੱਖ (ਨਾਮ) ਸਿਮਰਦਾ ਹੈ (ਸੰਸਾਰ-ਸਮੁੰਦਰ ਤੋਂ) ਉਸ (ਮਨੁੱਖ) ਦਾ ਪਾਰ-ਉਤਾਰਾ ਹੋ ਜਾਂਦਾ ਹੈ ।੧।ਰਹਾਉ।
ਮਿਥਿਆ ਵਸਤੁ ਸਤਿ ਕਰਿ ਮਾਨੀ ॥
ਨਾਸਵੰਤ ਪਦਾਰਥ ਨਾਲ ਤੇ ਉਸ ਨੂੰ ਸਦਾ-ਥਿਰ ਰਹਿਣ ਵਾਲਾ ਸਮਝ ਰਿਹਾ ਹੈਂ
ਹਿਤੁ ਲਾਇਓ ਸਠ ਮੂੜ ਅਗਿਆਨੀ ॥
ਹੇ ਦੁਸ਼ਟ! ਹੇ ਮੂਰਖ! ਹੇ ਬੇ-ਸਮਝ! ਤੂੰ ਪਿਆਰ ਪਾਇਆ ਹੈ ਨਾਸਵੰਤ ਪਦਾਰਥ ਨਾਲ
ਕਾਮ ਕ੍ਰੋਧ ਲੋਭ ਮਦ ਮਾਤਾ ॥
ਹੇ ਮੂਰਖ! ਤੂੰ ਕਾਮ ਕੋ®ਧ ਲੋਭ (ਆਦਿਕ ਵਿਕਾਰਾਂ) ਦੇ ਨਸ਼ੇ ਵਿਚ ਮਸਤ ਹੈਂ,
ਕਉਡੀ ਬਦਲੈ ਜਨਮੁ ਗਵਾਤਾ ॥
ਤੇ, ਇਸ ਤਰ੍ਹਾਂ ਕੌਡੀ ਦੇ ਵੱਟੇ ਆਪਣਾ (ਕੀਮਤੀ ਮਨੁੱਖਾ) ਜਨਮ ਗਵਾ ਰਿਹਾ ਹੈਂ ।
ਅਪਨਾ ਛੋਡਿ ਪਰਾਇਐ ਰਾਤਾ ॥
ਹੇ ਮੂਰਖ! (ਸਿਰਫ਼ ਪਰਮਾਤਮਾ ਹੀ) ਆਪਣਾ (ਅਸਲ ਸਾਥੀ ਹੈ, ਉਸ ਨੂੰ) ਛੱਡ ਕੇ ਪਰਾਏ (ਹੋ ਜਾਣ ਵਾਲੇ ਧਨ-ਪਦਾਰਥ) ਨਾਲ ਪਿਆਰ ਕਰ ਰਿਹਾ ਹੈਂ ।
ਮਾਇਆ ਮਦ ਮਨ ਤਨ ਸੰਗਿ ਜਾਤਾ ॥
ਤੈਨੂੰ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਤੂੰ ਮਨ ਦੇ ਪਿੱਛੇ ਲੱਗ ਕੇ ਸਿਰਫ਼ ਸਰੀਰ ਦੀ ਖ਼ਾਤਰ ਦੌੜ-ਭੱਜ ਕਰਦਾ ਹੈਂ
ਤ੍ਰਿਸਨ ਨ ਬੂਝੈ ਕਰਤ ਕਲੋਲਾ ॥
ਦੁਨੀਆ ਦੇ ਮੌਜ-ਮੇਲੇ ਮਾਣਦਿਆਂ ਤੇਰੀ ਤਿ®ਸ਼ਨਾ ਨਹੀਂ ਮਿਟਦੀ, (ਤੇਰੀ ਰੱਜਣ ਦੀ) ਆਸ (ਕਦੇ) ਪੂਰੀ ਨਹੀਂ ਹੁੰਦੀ ।
ਊਣੀ ਆਸ ਮਿਥਿਆ ਸਭਿ ਬੋਲਾ ॥
ਨਾਸਵੰਤ ਮਾਇਆ ਦੀ ਖ਼ਾਤਰ ਹੀ ਤੇਰੀਆਂ ਸਾਰੀਆਂ ਗੱਲਾਂ ਹਨ ।
ਆਵਤ ਇਕੇਲਾ ਜਾਤ ਇਕੇਲਾ ॥
ਹੇ ਭਾਈ! ਜੀਵ ਇਸ ਸੰਸਾਰ ਵਿਚ ਇਕੱਲਾ ਹੀ ਆਉਂਦਾ ਹੈ ਇਥੋਂ ਇਕੱਲਾ ਹੀ ਤੁਰ ਪੈਂਦਾ ਹੈ;